Friday, 6 January 2012

ਕੀ ਫਰਕ ਰਹਿ ਗਿਆ ਲੋਕਤੰਤਰ ਤੇ ਰਜਵਾੜਾਸ਼ਾਹੀ ਵਿਚ?


 ਵੰਸ਼ਵਾਦ ਦੇ ਦੈਂਤ ਨੇ ਜਕੜ ਰੱਖਿਆ ਹੈ ਨਵੀਂ ਪੀੜ੍ਹੀ ਦੇ ਸਿਆਸੀ ਭਵਿੱਖ ਨੂੰ
ਅਜਮੇਰ ਸਿੰਘ ਚਾਨਾ
‘ਰਾਣੀ ਦੇ ਪੇਟ ਵਿਚੋਂ ਹੀ ਰਾਜਾ ਜੰਮਦਾ ਹੈ’ ਕਿਸੇ ਵੇਲੇ ਮਾਵਾਂ ਇਹ ਸ਼ਬਦ ਉਦੋਂ ਆਪਣੇ ਬੱਚਿਆਂ ਨੂੰ ਜ਼ਰੂਰ ਕਹਿੰਦੀਆਂ ਹੋਣਗੀਆਂ ਜਦੋਂ ਰਾਜਿਆਂ ਦੇ ਠਾਠ ਅਤੇ ਉਹਨਾਂ ਦੀ ਐਸ਼ੋ ਅਰਾਮ ਭਰੀ ਜ਼ਿੰਦਗੀ ਨੂੰ ਤੱਕ ਕੇ ਬੱਚੇ ਆਪਣੀ ਮਾਂ ਨੂੰ ਇਹ ਸਵਾਲ ਕਰਦੇ ਹੋਣਗੇ ਕਿ ‘ਮਾਂ ਰਾਜਾ ਕਿਵੇ ਬਣਦਾ ਹੈ’ ਯਕੀਨਨ ਹੀ ਇਹ ਦੋ ਟੁੱਕ ਜਵਾਬ ਸੁਣ ਕੇ ਬੱਚਾ ਉਸ ਵੇਲੇ ਤਾਂ ਸ਼ਾਇਦ ਚੁੱਪ ਕਰ ਜਾਂਦਾ ਹੋਵੇਗਾ ਪਰ ਉਸ ਦੇ ਜ਼ਿਹਨ ਵਿਚ ਉਮਰ ਵਧਣ ਦੇ ਨਾਲ ਨਾਲ ਸਵਾਲਾਂ ਦਾ ਮਿਆਰ ਅਤੇ ਗਿਣਤੀ ਵਧਦੀ ਜਾਂਦੀ ਹੋਵੇਗੀ ਕਿ ਆਖਰ
ਕਿਓਂ, ਰਾਜਾ ਰਾਣੀ ਦੇ ਪੇਟ ਵਿਚੋਂ ਹੀ ਕਿਓਂ ਜੰਮਦਾ ਹੈ, ਮੈਂ ਕਿਓਂ ਨਹੀਂ ਰਾਜਾ ਬਣ ਸਕਦਾ। ਮੈਂ ਵੀ ਇਕ ਇਨਸਾਨ ਹਾਂ, ਜਿੰਨੇ ਅੰਗ ਪੈਰ ਰਾਜੇ ਦੇ ਹਨ ਉਨੇ ਮੇਰੇ ਵੀ ਹਨ ਤੇ ਮੇਰੇ ਵਿਚ ਰਾਜੇ ਨਾਲੋਂ ਕੀ ਘੱਟ ਹੈ? ਸ਼ਾਇਦ ਇਹਨਾਂ ਸਵਾਲਾਂ ਨੇ ਹੀ ਲੋਕਤੰਤਰ ਨੂੰ ਲੱਖਾਂ ਕੁਰਬਾਨੀਆਂ ਦੇ ਬਾਅਦ ਹੋਂਦ ਵਿਚ ਲਿਆਂਦਾ ਹੋਵੇਗਾ ਤੇ ਅੰਤ ਇਸ ਕਥਨ ਦਾ ਜਨਮ ਹੋਇਆ ਕਿ ‘ਹੁਣ ਰਾਜਾ ਰਾਣੀ ਦੇ ਪੇਟ ਵਿਚੋਂ ਨਹੀਂ ਵੋਟ ਪੇਟੀ ਵਿਚੋਂ ਪੈਦਾ ਹੋਵੇਗਾ’। ਜੇਕਰ ਲੋਕਤੰਤਰ ਦੇ ਇਤਿਹਾਸ ਤੇ ਨਜ਼ਰ ਮਾਰਨ ਲੱਗ ਪਈਏ ਤਾਂ ਜੋ ਵਿਸ਼ਾ ਮੈਂ ਅੱਜ ਲੈ ਕੇ ਤੁਰਿਆਂ ਹਾਂ ਸ਼ਾਇਦ ਉਸ ਤੋਂ ਭਟਕ ਜਾਈਏ ਕਿਉਂਕਿ ਅਸੀਂ ਗੱਲ ਅੱਜ ਦੀ ਕਰਨੀ ਚਾਹੁੰਦੇ ਹਾਂ।ਅਸੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਬਰੂਹਾਂ ਤੇ ਖੜੇ ਹਾਂ। ਇਸ ਵਾਰ ਵੀ ਕੁਝ ਵੱਖਰਾ ਨਹੀਂ ਹੈ। ਸਭ ਕੁਝ ਉਹੀ ਹੈ ਜੋ ਕੁਝ ਪਹਿਲਾਂ ਹੁੰਦਾ ਸੀ ਸਗੋਂ ਇਸ ਗੱਲ ਤੇ ਮੋਹਰ ਲੱਗ ਚੁੱਕੀ ਹੈ ਕਿ ਲੋਕਤੰਤਰ ਲੋਕਾਂ ਲਈ ਨਹੀਂ ਹੈ ਇਹ ਪਹਿਲਾਂ ਵੀ ਰਾਜਿਆਂ ਦਾ ਸੀ ਅਤੇ ਅੱਜ ਵੀ ਤਾਕਤਵਰਾਂ ਦਾ ਹੈ। ਮੇਰੀ ਕੁਝ ਮਹੀਨੇ ਪਹਿਲਾਂ ਮਨਪ੍ਰੀਤ ਬਾਦਲ ਨਾਲ ਮੁਲਾਕਾਤ ਵੇਲੇ ਇਸੇ ਸਵਾਲ ਤੇ ਤਲਖੀ ਹੋਈ ਸੀ ਕਿ ਮੈਂ ਤਿੰਨ ਦਿਨ ਪਹਿਲਾਂ ਸਮਾਂ ਲੈ ਕੇ ਵੀ ਆਮ ਪੱਤਰਕਾਰ ਹੋਣ ਦੇ ਨਾਤੇ 5 ਘੰਟੇ ਇੰਤਜ਼ਾਰ ਕਰਕੇ ਆਪ ਜੀ ਨੂੰ ਮਿਲਿਆ ਹਾਂ ਜਦਕਿ ਮੇਰੇ ਤੋਂ ਬਾਅਦ ਆਏ ਤੁਹਾਡੇ ਵਾਕਿਫ ਤੇ ਅਮੀਰ ਲੋਕ ਤੁਹਾਨੂੰ ਪਹਿਲਾਂ ਮਿਲ ਕੇ ਚਲੇ ਗਏ ਹਨ, ਤਾਂ ਮਨਪ੍ਰੀਤ ਬਾਦਲ ਨੇ ਆਪਣੀ ਜਗੀਰਦਾਰੀ ਦਿਖਾਉਂਦੇ ਹੋਏ ਮੈਨੂੰ ਗੈਟਆਊਟ ਤੱਕ ਕਹਿ ਦਿੱਤਾ ਸੀ। ਬਾਣੀ ਵਿਚ ਲਿਖਿਆ ਹੈ ‘ਰੋਸ ਨਾ ਕੀਚੈ ਉਤਰ ਦੀਜੈ’ ਅਨੁਸਾਰ ਜੋ ਸੱਚਾ ਹੁੰਦਾ ਹੈ ਉਹ ਗੱੁਸਾ ਕਰਨ ਦੀ ਬਜਾਏ ਜਵਾਬ ਦੇਣ ਨੂੰ ਪਹਿਲ ਦਿੰਦਾ ਹੈ। ਇਸ ਕੇਸ ਵਿਚ ਮਨਪ੍ਰੀਤ ਬਾਦਲ ਨੇ ਵੀ ਸਾਬਤ ਕੀਤਾ ਕਿ ਮੈਂ ਵੀ ਹੋਰ ਸਿਆਸਤਦਾਨਾਂ ਵਾਗੂੰ ‘ਤਨੋ ਮਨੋ ਧਨੋ’ ਮੇਰੀ ਸੇਵਾ ਕਰਨ ਵਾਲਿਆਂ ਦਾ ਹੀ ਹਾਂ ਆਮ ਲੋਕਾਂ ਜਾਂ ਆਮ ਪੱਤਰਕਾਰਾਂ ਦਾ ਨਹੀਂ। (ਆਡੀਓ ਰਿਕਾਰਡਿੰਗ ਯੂਟਿਊਬ ਤੇ ਜਾ ਕੇ ਸੁਣੀ ਜਾ ਸਕਦੀ ਹੈ) ਖੈਰ ਆਪਾਂ ਗੱਲ ਕਰ ਰਹੇ ਸੀ 30 ਜਨਵਰੀ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ। ਲਗਭਗ ਸਾਰੀਆਂ ਹੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਹਨ। ਆਪਾਂ ਦੋ ਪ੍ਰਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਗੱਲ ਕਰਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਵਲੋਂ ਲੱਖ ਹੱਥਕੰਡੇ ਵਰਤ ਕੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਕੀ ਕੋਈ ਹੋਰ ਟਕਸਾਲੀ ਅਕਾਲੀ ਇਸ ਅਹੁਦੇ ਦੇ ਯੋਗ ਨਹੀਂ ਸੀ। ਬਹੁਤ ਸਾਰੇ ਅਕਾਲੀ ਆਗੂ ਅਜੇ ਵੀ ਅਜਿਹੇ ਬੈਠੇ ਹਨ ਜੋ ਸੁਖਬੀਰ ਸਿੰਘ ਬਾਦਲ ਨਾਲੋਂ ਕਈ ਸਾਲ ਸੀਨੀਅਰ ਤਾਂ ਹਨ ਹੀ ਸਗੋਂ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਲਈ ਲੱਖਾਂ ਕੁਰਬਾਨੀਆਂ ਵੀ ਦਿੱਤੀਆਂ  ਤੇ ਤਸੀਹੇ ਵੀ ਝੱਲੇ, ਪਰ ਪ੍ਰਧਾਨਗੀ ਦਾ ਤਾਜ ਸਾਬਕਾ ਪ੍ਰਧਾਨ ਦੇ ਪੱੁਤਰ ਦੇ ਸਿਰ ਤੇ ਹੀ ਸਜਿਆ। ਅਕਾਲੀ ਦਲ ਵਲੋਂ ਜਾਰੀ ਕੀਤੀ ਗਈ ਲਿਸਟ ਵਿਚੋਂ ਵੀ ਇਹ ਸਾਫ ਹੁੰਦਾ ਹੈ ਕਿ ਰਿਸ਼ਤੇਦਾਰੀਆਂ ਤੇ ਭਾਈ ਭਤੀਜਾਵਾਦ ਨੂੰ ਹੀ ਮੁੱਖ ਰੱਖਿਆ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਪਰਮਿੰਦਰ ਢੀਂਡਸਾ, ਸੁਖਬੀਰ ਬਾਦਲ ਦੇ ਨਿਆਣਿਆਂ ਦੇ ਮਾਮੇ ਬਿਕਰਮਜੀਤ ਸਿੰਘ ਮਜੀਠੀਆ, ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਪੁੱਤਰ ਗੁਰਪ੍ਰਤਾਪ ਸਿੰਘ ਵਡਾਲਾ ਤੋਂ ਇਲਾਵਾ ਹੋਰਨਾਂ ਆਗੂਆਂ ਦੇ ਸਪੁੱਤਰਾਂ, ਸਪੁੱਤਰੀਆਂ ਜਾਂ ਸੁਪਤਨੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਕਾਂਗਰਸ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਰਣਇੰਦਰ ਸਿੰਘ ਸਪੁੱਤਰ ਕੈਪਟਨ ਅਮਰਿੰਦਰ ਸਿੰਘ, ਬਿਕਰਮਜੀਤ ਸਿੰਘ ਬਾਜਵਾ ਜਵਾਈ ਰਜਿੰਦਰ ਕੌਰ ਭੱਠਲ, ਚਰਨਜੀਤ ਕੌਰ ਬਾਜਵਾ ਪਤਨੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸ੍ਰੀਮਤੀ ਸੁਮਨ ਕੇ ਪੀ ਪਤਨੀ ਸੰਸਦ ਮੈਂਬਰ ਮਹਿੰਦਰ ਸਿੰਘ ਕੇ ਪੀ, ਰਿਪਜੀਤ ਸਿੰਘ ਬਰਾੜ ਭਰਾ ਜਗਮੀਤ ਸਿੰਘ ਬਰਾੜ, ਗੁਰਕੀਰਤ ਸਿੰਘ ਕੋਟਲੀ ਚਚੇਰਾ ਭਰਾ ਰਵਨੀਤ ਸਿੰਘ ਬਿੱਟੂ (ਸੰਸਦ ਮੈਂਬਰ), ਸ੍ਰੀਮਤੀ ਹਰਬੰਸ ਕੌਰ ਦੂਲੋਂ ਪਤਨੀ ਸ਼ਮਸ਼ੇਰ ਸਿੰਘ ਦੂਲੋਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਕੇਂਦਰ ਵੱਲ ਜੇਕਰ ਝਾਤ ਮਾਰਦੇ ਹਾਂ ਤਾਂ ਪਹਿਲਾਂ ਜਵਾਹਰ ਲਾਲ ਨਹਿਰੂ ਉਸਦੀ ਧੀ ਇੰਦਰਾ ਗਾਂਧੀ, ਉਸਦਾ ਪੁੱਤਰ ਰਜੀਵ ਗਾਂਧੀ, ਉਸਦੀ ਪਤਨੀ ਸੋਨੀਆਂ ਗਾਂਧੀ ਅਤੇ ਫਿਰ ਉਸਦਾ ਪੁੱਤਰ ਰਾਹੁਲ ਗਾਂਧੀ ਪੀੜ੍ਹੀ ਦਰ ਪੀੜ੍ਹੀ ਦੇਸ਼ ਦੀ ਸਿਆਸਤ ਦੇ ਕਬਜ਼ਾ ਕਰੀ ਬੈਠੇ ਹਨ ਤੇ ਆਉਣ ਵਾਲੇ ਸੈਂਕੜੈ ਸਾਲ ਇਹ ਚੱਲਦਾ ਵੀ ਰਹੇਗਾ। ਕਮਿਊਨਿਸਟ ਪਾਰਟੀ ਨੂੰ ਜੇਕਰ ਇਕ ਪਾਸੇ ਰੱਖ ਕੇ ਦੇਖੀਏ ਤਾਂ ਕੋਈ ਪਾਰਟੀ ਵੀ ਨਹੀਂ ਬਚਦੀ ਜਿਹੜੀ ਕਿ ਪਰਿਵਾਰਵਾਦ ਨੂੰ ਉਤਸ਼ਾਹਿਤ ਨਾ ਕਰਦੀ ਹੋਵੇ। ਕੈਪਟਨ ਅਮਰਿੰਦਰ ਸਿੰਘ ਖੁਦ ਵਿਧਾਇਕ ਹਨ, ਪਤਨੀ ਸੰਸਦ ਮੈਂਬਰ ਤੇ ਹੁਣ ਪੁੱਤਰ ਨੂੰ ਵਿਧਾਇਕ ਬਣਾਉਣਾ ਚਾਹੁੰਦੇ ਹਨ।ਮਾਸਟਰ ਗੁਰਬੰਤਾ ਸਿੰਘ ਕੈਬਨਿਟ ਮੰਤਰੀ ਉਹਨਾਂ ਦੇ ਦੋ ਪੁੱਤਰ ਸੰਤੋਖ ਸਿੰਘ ਚੌਧਰੀ ਤੇ ਜਗਜੀਤ ਸਿੰਘ ਚੌਧਰੀ ਕੈਬਨਿਟ ਮੰਤਰੀ ਰਹੇ ਤੇ ਹੁਣ ਉਹਨਾਂ ਦਾ ਪੋਤਰ ਬਿਕਰਮਜੀਤ ਸਿੰਘ ਚੌਧਰੀ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ।ਬਾਦਲ ਸਾਹਿਬ ਖੁਦ ਮੁੱਖ ਮੰਤਰੀ, ਪੁੱਤਰ ਉਪ ਮੁੱਖ ਮੰਤਰੀ ਤੇ ਨੂੰਹ ਨੂੰ ਸੰਸਦ ਮੈਂਬਰ ਬਣਵਾ ਲਿਆ।ਨਵੀਂ ਸੋਚ ਲੈ ਕੇ ਤੁਰਨ ਦਾ ਹੋਕਾ ਦੇਣ ਵਾਲੇ ਮਨਪ੍ਰੀਤ ਬਾਦਲ ਵਲੋਂ ਵੀ ਇਸ ਖੇਤਰ ਵਿਚ ਪਿੱਛੇ ਨਾ ਰਹਿ ਕੇ ਸਗੋਂ ਆਪਣੇ ਪਿਤਾ ਜੀ ਨੂੰ ਹੀ ਸਭ ਤੋਂ ਪਹਿਲਾਂ ਟਿਕਟ ਦਿੱਤੀ ਗਈ। ਜੇਕਰ ਉਸਦਾ ਨੇੜਲਾ ਰਿਸ਼ਤੇਦਾਰ ਜਗਬੀਰ ਬਰਾੜ ਕਾਂਗਰਸ ਵਿਚ ਨਾ ਛੜੱਪਾ ਮਾਰਦਾ ਤਾਂ ਉਸਦੀ ਟਿਕਟ ਵੀ ਪੱਕੀ ਸੀ ਸ਼ਾਇਦ ਹੋਰ ਰਿਸ਼ਤੇਦਾਰਾਂ ਨੂੰ ਵੀ ‘ਐਡਜਸਟ’ ਕੀਤਾ ਹੋਵੇ ਜਿਸਦੀ ਜਾਣਕਾਰੀ ਮੇਰੇ ਕੋਲ ਨਾ ਹੋਵੇ।ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਤੇ ਕਾਲਮ ਨਵੀਸ ਸ੍ਰੀ ਜਤਿੰਦਰ ਪੰਨੂੰ ਜੀ ਤਰ੍ਹਾਂ ਇਹਨਾਂ ਸਿਆਸਦਾਨਾਂ ਦੇ ਰਿਸ਼ਤੇਦਾਰੀਆਂ ਦੀਆਂ ਅੰਗਲੀਆਂ ਸੰਗਲੀਆਂ ਤਾਂ ਨਹੀਂ ਜਾਣਦਾ ਪਰ ਉਪਰੋਕਤ ਸਬੂਤਾਂ ਨਾਲ ਪਾਠਕ ਇਸ ਗੱਲ ਨਾਲ ਤਾਂ ਸਹਿਮਤ ਜ਼ਰੂਰ ਹੋਣਗੇ ਕਿ ਇਸ ਵੇਲੇ ਪੰਜਾਬ ਹੀ ਨਹੀਂ ਭਾਰਤੀ ਸਿਆਸਤ ਵਿਚ ਵੰਸ਼ਵਾਦ ਦਾ ਬੋਲਬਾਲਾ ਹੈ। ਮੈਂ ਇਸ ਵਿਚ ਸਾਰਾ ਦੋਸ਼ ਸਿਆਸਤਦਾਨਾਂ ਦੇ ਸਿਰ ਨਹੀਂ ਮੜ੍ਹਦਾ ਕੁਝ ਹਿੱਸਾ ਆਮ ਜਨਤਾ ਨੂੰ ਵੀ ਜਾਂਦਾ ਹੈ। ਕਿਉਂਕਿ ਅਸੀਂ ਖੁਦ ਇਸ ਵੰਸ਼ਵਾਦ ਦਾ ਹਿੱਸਾ ਹਾਂ। ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਮੈਂ ਹੋਵਾਂ, ਫਿਰ ਮੇਰਾ ਪੁੱਤਰ ਹੋਵੇ, ਫਿਰ ਪੋਤਰਾ ਹੋਵੇ ਤੇ ਫਿਰ ਉਸਦੇ ਪੁੱਤ ਹੋਵੇ ਤੇ ਇਹ ਲੜੀ ਪੀੜ੍ਹੀ ਦਰ ਪੀੜ੍ਹੀ ਸਾਡੇ ਦਿਮਾਗ ਵਿਚ ਫਸੀ ਹੋਈ ਹੈ ਭਾਵ ਕਿ ਅਸੀਂ ਵੰਸ਼ਵਾਦ ਦੇ ਹਾਮੀ ਹਾਂ। ਭਾਵੇਂ ਕਿ ਦੁਨੀਆਂ ਤੇ ਉਹ ਉਦਾਹਰਣਾਂ ਵੀ ਵੱਡੀ ਗਿਣਤੀ ਵਿਚ ਮੌਜੂਦ ਹਨ ਕਿ ਜਿਹਨਾਂ ਦਾ ਵੰਸ਼ ਨਹੀਂ ਚੱਲਿਆ ਉਹਨਾਂ ਦਾ ਨਾਮ ਅੱਜ ਵੀ ਅਤੇ ਰਹਿੰਦੀ ਦੁਨੀਆਂ ਤੱਕ ਰਹੇਗਾ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ ਸ਼ਹੀਦ ਹੋ ਗਏ, ਸ਼ਹੀਦ ਭਗਤ ਸਿੰਘ ਦਾ ਵਿਆਹ ਹੀ ਨਹੀਂ ਸੀ ਹੋਇਆ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਤੇ ਹੋਰ ਕਿੰਨੇ ਨਾਮ ਲੈ ਦਿਆਂ ਜਿਹਨਾਂ ਦਾ ਵੰਸ਼ ਹੀ ਨਹੀਂ ਚੱਲਿਆ ਪਰ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ ਜਦਕਿ ਸਾਨੂੰ ਸਾਡੇ ਪੜਦਾਦੇ ਤੋਂ ਅਗਾਂਹ ਦੇ ਬਜ਼ੁਰਗਾਂ ਦੇ ਨਾਮ ਹੀ ਨਹੀਂ ਪਤਾ ਹੁੰਦੇ। ਸਾਡੀ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਵੰਸ਼ਵਾਦ ਨੇ ਜਕੜ ਰੱਖਿਆ ਹੈ। ਉਹ ਵੱਧ ਸੂਝਬੂਝ, ਵੱਧ ਵਿਦਿਆ, ਵੱਧ ਸਰੀਰਕ ਤੇ ਮਾਨਸਿਕ ਸਮਰੱਥਾ ਹੋਣ ਦੇ ਬਾਵਜੂਦ ਵੀ ਵਿਚ ਸਿਆਸਤ ਵਿਚ ਕਾਮਯਾਬ ਨਹੀਂ ਹੋ ਰਹੇ ਕਿਉਂਕਿ ਉਹ ਕਿਸੇ ਵੱਡੇ ਕੱਦ ਦੇ ਸਿਆਸੀ ਆਗੂ ਦੇ ਰਿਸ਼ਤੇਦਾਰ ਨਹੀਂ ਹਨ। ਲੋਕਤੰਤਰ ਦੇ ਗਠਨ ਮੌਕੇ ਇਹ ਧਾਰਨਾ ਬਣਾਈ ਗਈ ਸੀ ਕਿ ਇਕ ਆਮ ਆਦਮੀ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਵਿਧਾਇਕ ਜਾਂ ਕੋਈ ਹੋਰ ਲੋਕਤੰਤਰਿਕ ਅਹੁਦੇ ਤੇ ਬਿਰਾਜਮਾਨ ਹੋ ਸਕਦਾ ਹੈ ਪਰ ਕਿੰਨੀਆਂ ਕੁ ਉਦਾਹਰਾਣਾ ਹਨ ਸਾਡੇ ਸਾਹਮਣੇ। ਕੀ ਫਰਕ ਰਹਿ ਗਿਆ ਹੈ ਲੋਕਤੰਤਰ ਤੇ ਰਜਵਾੜਾਸ਼ਾਹੀ ਵਿਚ।ਪਰ ਸਾਡੀ ਮਾਨਸਿਕਤਾ ਸਿਰਫ ਤੇ ਸਿਰਫ ਵੰਸ਼ਵਾਦ ਤੇ ਹੀ ਅੜੀ ਹੋਈ ਹੈ ਇਸੇ ਸੋਚ ਕਾਰਨ ਅਸੀਂ ਆਪ ਅੱਗੇ ਜਾਣ ਦੀ ਬਜਾਏ ਇਹੋ ਸੋਚਦੇ ਹਾਂ ਕਿ ‘ਸਾਡਾ ਆਗੂ ਹੋਵੇ, ਫਿਰ ਉਸਦਾ ਪੁੱਤਰ ਹੋਵੇ ਤੇ ਫਿਰ ਉਸਦਾ ਪੋਤਰਾ’ ਬਸ ਇਹੋ ਮਾਨਸਿਕਤਾ ਨੇ ਇਕ ਵਾਰ ਫਿਰ ਰਾਜਵਾੜਾਸ਼ਾਹੀ ਦਾ ਦੌਰ ਲੈ ਆਂਦਾ ਹੈ ਤੇ ਇਥੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਬੱਚੇ ਜਦੋਂ ਆਪਣੀ ਮਾਂ ਨੂੰ ਪੁੱਛਿਆ ਕਰਨਗੇ ਕਿ ਮਾਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਕਿਵੇਂ ਬਣਦੇ ਹਨ ਤਾਂ ਮਾਂ ਦਾ ਜਵਾਬ ਹੋਵੇਗਾ ਕਿ ਬੇਟੇ ਮੁੱਖ ਮੰਤਰੀ, ਮੁੱਖ ਮੰਤਰੀ ਦਾ ਪੁੱਤਰ ਤੇ ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਦਾ ਪੁੱਤਰ ਹੀ ਬਣ ਸਕਦਾ ਹੈ……………!





No comments:

Post a Comment