ਕੀ ਸਿਆਸੀ ਲੋਕ ‘ਸੂਤ’ ਨਾਲ ਨਹੀਂ ਬੱਝੇ ਹੁੰਦੇ ?
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਦੌਰ ਇਸ ਵੇਲੇ ਪੂਰੇ ਜੋਬਨ ਤੇ ਹੈ। ਹਰ ਸਿਆਸੀ ਪਾਰਟੀ ਇਹਨਾਂ ਚੋਣਾਂ ਵਿਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰਦੀ ਹੈ। ਕਿਸੇ ਵੀ ਪਾਰਟੀ ਦੇ ਆਗੂਆਂ ਦੇ ਵਿਚਾਰ ਜੇਕਰ ਸੁਣੀਏ ਤਾਂ ਇੰਝ ਜਾਪਦਾ ਹੈ ਜਿਵੇਂ ਕਿ ਉਹ ਬਹੁਤ ਹੀ ਉੱਚੇ ਤੇ ਸੁੱਚੇ ਸਿਧਾਂਤਾਂ ਨਾਲ ਬੱਝੇ ਹੁੰਦੇ ਹਨ। ਸੱਤਾਧਾਰੀ ਧਿਰ ਦੇ ਵਿਧਾਇਕ ਜਾਂ ਮੰਤਰੀ ਨੂੰ ਲੱਖਾਂ ਸਵਾਲ ਚਾਹੇ ਪੱਤਕਾਰਕਾਰ ਕਰਨ ਚਾਹੇ ਆਮ ਲੋਕ ਉਹ ਕਦੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਕਿਸੇ ਵੀ ਤਰ੍ਹਾਂ ਦੇ ਵਿਕਾਸ ਦੀ ਗੱਲ ਉਹਨਾਂ ਨਾਲ ਕਰ ਲਓ ਉਹਦੇ ਵਿਚ ਹੀ ਤੁਹਾਨੂੰ ਵਿਸ਼ਵ ਪੱਧਰੀ ਪ੍ਰਾਪਤੀਆਂ ਗਿਣਾ ਦੇਣਗੇ ਪਰ ਜੇਕਰ ਅਸਲੀਅਤ ਵਿਚ ਦੇਖੀਏ ਤਾਂ ਜਿਸ
ਜਗ੍ਹਾ ਖੜ੍ਹ ਕੇ ਵਿਧਾਇਕ ਜਾਂ ਮੰਤਰੀ ਗੱਲ ਕਰ ਰਹੇ ਹੁੰਦੇ ਹਨ ਉਸ ਪਿੰਡ ਨੂੰ ਆਉਂਦੀਆਂ ਸਾਰੀਆਂ ਸੜ੍ਹਕਾਂ ਹੀ ਵਰ੍ਹਿਆਂ ਤੋਂ ਟੁੱਟੀਆਂ ਹੁੰਦੀਆਂ ਹਨ ਤੇ ਜੇਕਰ ਉਹਨਾਂ ਸੜ੍ਹਕਾਂ ਸਬੰਧੀ ਪੁੱਛ ਲਓ ਫੇਰ ਤਾਂ ਕਿਆ ਕਹਿਣੇ……… ਗਿਣਾ ਦੇ ਦੇਣਗੇ ਪ੍ਰੋਪੋਜ਼ਲਾਂ ਅਤੇ ਪ੍ਰੌਜੈਕਟ। ਬਸ ਦੇਖਿਓ ਆਉਣ ਵਾਲੇ ਸਮੇਂ ਵਿਚ ਰਬੜ ਦੀਆਂ ਸੜ੍ਹਕਾਂ ਬਣ ਜਾਣਗੀਆਂ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਪੰਜ ਸਾਲ ਦਾ ਸਮਾਂ ਥੋੜਾ ਹੁੰਦਾ ਹੈ? ਜੇਕਰ ਇਹਨਾਂ ਪੰਜ ਸਾਲਾਂ ਵਿਚ ਆਉਂਦੀਆਂ ਵੱਖ ਵੱਖ ਤਰ੍ਹਾਂ ਦੀਆਂ ਚੋਣਾਂ ਜਿਵੇਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ, ਪੰਚਾਇਤੀ ਚੋਣਾਂ, ਐਸ ਜੀ ਪੀ ਸੀ ਚੋਣਾਂ ਜਾਂ ਕੋਈ ਹੋਰ ਚੋਣਾਂ ਵੀ ਆਉਂਦੀਆਂ ਹੋਣ ਤਾਂ ਆਪਣਾ ਛੇ ਮਹੀਨੇ ਦਾ ਸਮਾਂ ਵਿਚੋਂ ਕੱਢ ਵੀ ਦਈਏ ਤਾਂ ਸਾਢੇ ਚਾਰ ਸਾਲ ਵਿਕਾਸ ਲਈ ਕਾਫੀ ਹੁੰਦੇ ਹਨ। ਪਰ ਆਖਰੀ ਪੰਜਾਂ ਸਾਲਾਂ ਵਿਚ ਵੀ ਹਾਲਾਤ ਉਹੋ ਜਿਹੇ ਹੀ ਰਹਿੰਦੇ ਹਨ:ਜਿਥੋਂ ਚੱਲੇ ਸੀ ਉਥੇ ਹੀ ਖੜ੍ਹੇ ਹਾਂ, ਸਫਰ ਉਮਰਾ ਦਾ ਮੁਕਾ ਲਿਆ
ਪਤਾ ਲੱਗਾ ਜਦੋਂ ਗਲਤੀ ਕਿਥੇ ਹੋਈ, ਸੱਜਣਾਂ ਸਾਨੂੰ ਦਿਲੋਂ ਭੁਲਾ ਲਿਆ
ਤੇ ਪੰਜ ਸਾਲ ਬਾਅਦ ਫਿਰ ਜਦੋਂ ਇਹ ਆਗੂ ਲੋਕ ਕਚਿਹਰੀ ਵਿਚ ਜਾਂਦੇ ਹਨ ਉਦੋਂ ਲੋਕ ਭਾਵੇਂ ਬੋਲਣ ਤਾਂ ਕੁਝ ਨਾ ਪਰ ਆਪਣੇ ਵਿਚਾਰ ਉਹ ਵੋਟ ਮਸ਼ੀਨਾਂ ਜਾਂ ਵੋਟ ਪੇਟੀਆਂ ਵਿਚ ਜ਼ਰੂਰ ਦਰਜ ਕਰਵਾ ਦਿੰਦੇ ਹਨ ਤੇ ਉਹਨਾਂ ਨੂੰ ਉਹਨਾਂ ਦੀਆਂ ਕੀਤੀਆਂ ਅਨੁਸਾਰ ਹੀ ਨਤੀਜਾ ਦਿੰਦੇ ਹਨ।ਖੈਰ ਗੱਲ ਕਰਦੇ ਹਾਂ ਇਹਨਾਂ ਆਗੂਆਂ ਵਲੋਂ ਮਾਰੇ ਜਾਂਦੇ ‘ਫੋਕੇ ਫੈਂਟਰਾਂ’ ਦੀ। ਜਦੋਂ ਵੀ ਕਿਸੇ ਆਗੂ ਦਾ ਭਾਸ਼ਣ ਸੁਣੀਏ ਤਾਂ ਉਸਦੇ ਵਿਚਾਰ ਸੁਣਕੇ ਲੱਗਦਾ ਹੈ ਕਿ ਇਸ ਤੋਂ ਉਪਰ ਤਾਂ ਰੱਬ ਹੀ ਹੋ ਸਕਦਾ ਹੈ ਕਿ ਕਿੰਨੇ ਚੰਗੇ ਹਨ ਵਿਚਾਰ ਇਸ ਆਗੂ ਦੇ।ਪਰ ਅਸਲੀਅਤ ਕੁਝ ਹੋਰ ਹੀ ਹੈ ਤੇ ਇਹਨਾਂ ਚੋਣਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਜ਼ਿਆਦਾਤਰ ਇਹ ਸਿਆਸੀ ਆਗੂ ਸੂਤ ਨਾਲ ਹੀ ਬੱਝੇ ਹੁੰਦੇ ਹਨ। ਜਿਸ ਪਾਰਟੀ ਨੂੰ ਦਿਨ ਰਾਤ ਪਾਣੀ ਪੀ ਪੀ ਕੋਸਦੇ ਹਨ ਉਸੇ ਹੀ ਪਾਰਟੀ ਵਿਚ ‘ਸੂਤ’ ਲਾਉਣ ਦੀ ਖਾਤਰ ਸ਼ਾਮਿਲ ਹੋ ਜਾਂਦੇ ਹਨ ਤੇ ਰਾਤੋ ਰਾਤ ਆਪਣੇ ਬਿਆਨ ਜਿਸ ਪਾਰਟੀ ਵਿਚ ਗਏ ਹੁੰਦੇ ਹਨ, ਉਸਦੀ ਪ੍ਰਸ਼ੰਸ਼ਾ ਵਿਚ ਬਦਲ ਲੈਂਦੇ ਹਨ। ਗੱਲ ਸ਼ੁਰੂ ਕਰਦੇ ਹਾਂ ਸੰਨ 1957 ਤੋਂ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਨੇ 29 ਸਾਲ ਦੀ ਉਮਰ ਦੇ ਵਿਚ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਅਤੇ ਜਦੋਂ ਦੇਖਿਆ ਕਿ ਕਾਂਗਰਸ ਵਿਚ ਉਹ ਚੀਜ਼ ਉਹਨਾਂ ਨੂੰ ਨਹੀਂ ਮਿਲ ਰਹੀ ਜਿਸ ਲਈ ਉਹ ਸਿਆਸਤ ਵਿਚ ਆਏ ਹਨ ਤਾਂ ਉਹਨਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਨੂੰ ਅਪਣਾ ਲਿਆ ਉਹ ਗੱਲ ਵੱਖਰੀ ਹੈ ਕਿ ਉਹ ਅੱਜ ਤੱਕ ਅਕਾਲੀ ਦਲ ਵਿਚ ਹਨ ਉਸ ਦਾ ਕਾਰਨ ਇਹ ਸਮਝਿਆ ਜਾਵੇਗਾ ਕਿ ਉਹਨਾਂ ਨੂੰ ਉਹ ਕੁਝ ਅਕਾਲੀ ਦਲ ਵਿਚੋਂ ਮਿਲਦਾ ਰਿਹਾ ਜਿਸ ਦੀ ਉਹਨਾਂ ਨੂੰ ਲੋੜ ਸੀ।ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਵਿਚ ਸਿਆਸਤ ਦਾ ਕੈਰੀਅਰ ਸ਼੍ਰੋਮਣੀ ਅਕਾਲੀ ਦਲ ਵਿਚੋਂ ਸ਼ੂਰੂ ਕੀਤਾ।ਉਹਨਾਂ ਦੇਖਿਆ ਕਿ ਜਿਸ ਥਾਂ ਉਹ ਪਹੁੰਚਣਾ ਚਾਹੁੰਦੇ ਹਨ ਉਥੇ ਪਹਿਲਾਂ ਹੀ ਜਿਹੜਾ ਵਿਅਕਤੀ (ਪ੍ਰਕਾਸ਼ ਸਿੰਘ ਬਾਦਲ) ਬੈਠਾ ਹੈ ਜਿਉਂਦੇ ਜੀ ਤਾਂ ਉਹ ਉਸ ਥਾਂ ਨੂੰ ਨਹੀਂ ਛੱਡਦਾ ਇਸ ਲਈ ਉਹਨਾਂ ਕਾਂਗਰਸ ਵਿਚ ਜਾਣਾ ਹੀ ਬਿਹਤਰ ਸਮਝਿਆ।1984 ਵਿਚ ਸਦੀ ਦੀ ਸਭ ਤੋਂ ਦੁਖਦਾਈ ਘਟਨਾ ਵਾਪਰੀ ਜਿਸ ਨੇ ਦੇਸ਼ ਵਿਦੇਸ਼ ਵਸਦੇ ਹਰ ਸਿੱਖ ਦੇ ਹਿਰਦੇ ਨੂੰ ਵਲੂੰਧਰ ਕੇ ਹੀ ਨਹੀਂ ਸਗੋਂ ਤਾਰ ਤਾਰ ਕਰ ਕੇ ਰੱਖ ਦਿੱਤੇ ਜਦੋਂ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਗਿਆ।ਬਹੁਤੇ ਸਿੱਖਾਂ ਨੇ ਸਰਕਾਰੀ ਨੌਕਰੀਆਂ ਤੋਂ ਉਸ ਵੇਲੇ ਅਸਤੀਫੇ ਦੇ ਦਿੱਤੇ ਤੇ ਭਾਵਨਾਵਾਂ ਦੇ ਵਹਿਣ ਵਿਚ ਵਹਿੰਦਿਆਂ ਤੇ ਕਾਂਗਰਸ ਨੂੰ ਦੋਸ਼ੀ ਸਮਝਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਹੁੰਦੇ ਹੋਏ ਆਪਣੇ ਪਦ ਤੋਂ ਅਸਤੀਫਾ ਦੇ ਕੇ ਸਿੱਖ ਹੋਣ ਦਾ ਸਬੂਤ ਦਿੱਤਾ। ਪਰ ਜਦੋਂ ਉਹਨਾਂ ਨੂੰ ਹੋਰ ਕੋਈ ਰਾਹ ਨਾ ਲੱਭਾ ਤਾਂ ਉਹਨਾਂ ਫਿਰ ਆਪਣੀਆਂ ਸਿੱਖ ਭਾਵਨਾਵਾਂ ਨੂੰ ਦਫਨ ਕਰਕੇ ਕਾਂਗਰਸ ਜੁਆਇੰਨ ਕਰ ਲਈ ਅਤੇ ਆਪਣੇ ਉਸ ਮੁਕਾਮ (ਮੁੱਖ ਮੰਤਰੀ ਦੀ ਕੁਰਸੀ) ਤੇ ਪਹੁੰਚੇ ਜਿਸ ਤੇ ਉਹ ਪਹੁੰਚਣਾ ਚਾਹੁੰਦੇ ਸਨ। ਇਹ ਤਾਂ ਸਨ ਦੋ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰਾਂ ਦਾ ਸੰਖੇਪ ਸਿਆਸੀ ਇਤਿਹਾਸ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਚੋਣਾਂ 2012 ਦੀ। ਇਹਨਾਂ ਚੋਣਾਂ ਨੂੰ ਬਹੁਤ ਪਹਿਲਾਂ ਹੀ ਅਕਾਲੀ ਦਲ ਵਿਚੋਂ ਕੱਢੇ ਗਏ ਸਾਬਕਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਬਹੁਤ ਪਹਿਲਾਂ ਹੀ ਉਸ ਵੇਲੇ ਰੌਚਕ ਬਣਾ ਦਿੱਤਾ ਗਿਆ ਸੀ ਜਦੋਂ ਉਹਨਾਂ ਨਵੀਂ ਸਿਆਸੀ ਪਾਰਟੀ ‘ਪੀਪਲਜ਼ ਪਾਰਟੀ ਆਫ ਪੰਜਾਬ’ ਦਾ ਗਠਨ ਕਰ ਦਿੱਤਾ ਸੀ। ਉਹਨਾਂ ਪੰਜਾਬ ਦੀ ਸਿਆਸਤ ਨੂੰ ਇਕ ਨਵੀਂ ਦਿੱਖ ਦੇਣ ਦੀ ਗੱਲ ਕੀਤੀ ਸੀ, ਪੰਜਾਬ ਦਾ ਨਿਜ਼ਾਮ ਬਦਲਣ ਦੀ ਗੱਲ ਕੀਤੀ ਸੀ ਤੇ ਨਾਲ ਹੀ ਐਲਾਨ ਕੀਤਾ ਸੀ ਕਿ ਪੀ ਪੀ ਪੀ ਦੀ ਗੱਡੀ ਵਿਚ ਕੋਈ ਪੁਰਾਣਾ ਪੁਰਜ਼ਾ ਨਹੀਂ ਹੋਵੇਗਾ ਪਰ ਪੁਰਾਣੀ ਸਿਆਸਤ ਵਾਲੀ ਗੱਲ ਇਹਨਾਂ ਵਿਧਾਨ ਸਭਾ ਚੋਣਾਂ ਵਿਚ ਇਸ ਪਾਰਟੀ ਨੇ ਹੀ ਸ਼ੁਰੂ ਕੀਤੀ। ਬੀਰ ਦਵਿੰਦਰ ਸਿੰਘ, ਮਨਪ੍ਰੀਤ ਖਾਰਾ ਨਵਾਂਸ਼ਹਿਰ, ਵਰਿੰਦਰਪਾਲ ਸਿੰਘ ਬਾਜਵਾ, ਚਰਨਜੀਤ ਸਿੰਘ ਬਰਾੜ, ਜਗਬੀਰ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ ਸਭ ਪੁਰਾਣੇ ਹੀ ਤਾਂ ਸਨ, ਨੇ ਪੀ ਪੀ ਪੀ ਜੁਆਇਨ ਕੀਤੀ ਤੇ ਕਿਸੇ ਮੁਰਦੇ ਦੇ ਸਿਵੇ ਦੀ ਰਾਖ ਠੰਡੀ ਹੋਣ ਤੋਂ ਪਹਿਲਾਂ ਪਹਿਲਾਂ ਸਭ ਨੇ ਪਾਰਟੀ ਨੂੰ ਅਲਵਿਦਾ ਕਹਿ ਜਿਥੇ ਚੰਗਾ ਲੱਗਾ ਉਥੇ ਚਲੇ ਗਏ। ਪਰ ਕੁਝ ਦਿਨ ਪਹਿਲਾਂ ਬੀਰ ਦਵਿੰਦਰ ਸਿੰਘ ਮੋਹਾਲੀ ਤੋਂ ਟਿਕਟ ਦੀ ਗਿਟਮਿਟ ਕਰਕੇ ਫਿਰ ਪੀ ਪੀ ਪੀ ਵਿਚ ਸ਼ਾਮਿਲ ਹੋ ਗਏ ਤੇ ਵੋਟਾਂ ਤੋਂ ਬਾਅਦ ਹੀ ਨਹੀਂ ਉਸਦਾ ਪਹਿਲਾਂ ਦਾ ਵੀ ਪਤਾ ਨਹੀਂ ਕਿ ਉਹ ਕਿਸ ਪਾਰਟੀ ਨਾਲ ਚਲੇ ਜਾਵੇ। ਹੁਸ਼ਿਆਰਪੁਰ ਤੋਂ ਭਾਜਪਾ ਛੱਡ ਪੀ ਪੀ ਪੀ ’ਚ ਸ਼ਾਮਲ ਹੋਏ ਕਮਲ ਚੌਧਰੀ ਟਿਕਟ ਨਾ ਮਿਲਦੀ ਦੇਖ ਕੁਝ ਘੰਟਿਆਂ ਬਾਅਦ ਹੀ ਵਾਪਸ ਆਪਣੇ ਘਰ ਚਲੇ ਗਏ। ਬਾਅਦ ਵਿਚ ਪੀ ਪੀ ਪੀ ਵਿਚ ਕੁਝ ਹੀ ਸਮਾਂ ਪਹਿਲਾਂ ਸ਼ਾਮਿਲ ਹੋਏ ਗੁਰਮੀਤ ਸਿੰਘ ਦਾਦੂਵਾਲ ਤੇ ਲਖਵੀਰ ਸਿੰਘ ਲੱਖੀ ਮੁੜ ਅਕਾਲੀ ਦਲ ਵਿਚ ਸ਼ਾਮਿਲ ਹੋਏ ਗਏ। ਅਕਾਲੀ ਦਲ ਵਿਚ ਵੀ ਵੱਡੇ ਪੱਧਰ ਤੇ ਬਾਗੀ ਸੁਰਾਂ ਉੱਠੀਆਂ ਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਵਲੋਂ ਟਿਕਟ ਨਾ ਮਿਲਣ ਕਾਰਨ ਅਕਾਲੀ ਦਲ ਦੇ ਸਾਰੇ ਸਿਧਾਂਤ ਭੁਲਾ ਕੇ ਬਗਾਵਤ ਕਰ ਦਿੱਤੀ ਪਰ ਕਿਸੇ ‘ਲੌਲੀਪੌਪ’ ਦੇ ਵਾਅਦੇ ਨੇ ਉਹਨਾਂ ਨੂੰ ‘ਠੰਡਾ ਠਾਰ’ ਕਰ ਦਿੱਤਾ। ਅਜੀਤ ਸਿੰਘ ਚੰਦੂਰਾਈਆਂ, ਧਨਰਾਜ ਸਿੰਘ ਗਿੱਲ ਦੇ ਦੋਵੇਂ ਸਪੁੱਤਰ ਅਤੇ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਭੱਟੀ ਵੀ ਟਿਕਟਾਂ ਦੇ ਰੋਸੇ ਵਜੋਂ ਅਕਾਲੀ ਦਲ ਨੂ ਅਲਵਿਦਾ ਕਹਿ ਗਏ। ਸਭ ਤੋਂ ਵੱਡੀ ਪਾਰਟੀ ਕਾਂਗਰਸ ਵੀ ਇਸ ਵਹਿਣ ਵਿਚ ਹੜ੍ਹਨ ਤੋਂ ਬਚ ਨਹੀਂ ਸਕੀ ਤੇ ਉਸ ਵਿਚ ਵੀ ਵਿਰੋਧੀ ਸੁਰਾਂ ਦੀ ਹਨੇਰੀ ਹੀ ਆ ਗਈ ਤੇ ਘੱਟੋ ਘੱਟ 38 ਸੀਟਾਂ ਤੇ ਰੌਲਾ ਘਚੌਲਾ ਪੈ ਗਿਆ ਜਿਸ ਕਾਰਨ ਕਾਂਗਰਸ ਨੂੰ ਟਿਕਟਾਂ ਦੀ ਕੱਟ ਵੱਢ ਵੀ ਕਰਨੀ ਪਈ। ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਸਮਾਣਾ ਟਿਕਟ ਦਿੱਤੇ ਜਾਣ ਤੇ ਖਫਾ ਹੋਏ ਸਕੇ ਭਰਾ ਮਾਲਵਿੰਦਰ ਸਿੰਘ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਨਵੀਂਆਂ ਖਬਰਾਂ ਅਨਸੁਾਰ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ 30 ਸਾਲ ਤੋਂ ਸਾਥੀ ਰਹੇ ਹਰਚੰਦ ਸਿੰਘ ਬਰਸਟ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਜਿੰਨੀਆਂ ਕੁ ਉਦਾਹਰਣਾ ਮੈਂ ਇਸ ਲੇਖ ਵਿਚ ਦਲ ਬਦਲੀ ਕਰਨ ਵਾਲਿਆਂ ਸਬੰਧੀ ਦਿੱਤੀਆਂ ਹਨ ਉਹਨ੍ਹਾਂ ਸਬੰਧੀ ਬਹੁਤ ਕੁਝ ਸੋਚਣ ਦੀ ਲੋੜ ਹੈ। ਵੱਖ ਵੱਖ ਪਾਰਟੀਆਂ ਦੇ ਵੱਖ ਵੱਖ ਸਿਧਾਂਤ ਹਨ। ਸਿਰਫ ਤੇ ਸਿਰਫ ਟਿਕਟ ਦੀ ਖਾਤਰ ਇਕ ਦੂਜੇ ਦੀ ਪਾਰਟੀ ਵਿਚ ਦੌੜਨ ਲੱਗੇ ਇਹਨਾਂ ਸਿਧਾਂਤਾਂ ਦਾ ਕਿਸੇ ਆਗੂ ਵਲੋਂ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਤੇ ਰਾਤੋ ਰਾਤ ਜਿਸ ਪਾਰਟੀ ਵਿਚ ਕਈ ਵਰ੍ਹੇ ਰਹਿ ਚੁੱਕੇ ਜਾਂਦੇ ਹਨ ਉਸ ਦੀ ਮੁਖਾਲਫਿਤ ਕਰਨ ਲੱਗ ਜਾਂਦੇ ਹਨ ਤੇ ਨਵੀਂ ਪਾਰਟੀ ਨੂੰ ਦੁਨੀਆਂ ਦੀ ਸਭ ਤੋਂ ਉੱਚੇ ਤੇ ਸੁੱਚੇ ਸਿਧਾਂਤਾਂ ਦੀ ਪਾਰਟੀ ਐਲਾਨ ਦਿੰਦੇ ਹਨ ਤੇ ਆਪਣੇ ਨਾਲ ਜੁੜੇ ਹੋਏ ਲੋਕਾਂ ਦੀ ਮਾਨਸਿਕਤਾ ਸਬੰਧੀ ਵੀ ਕੋਈ ਖਿਆਲ ਨਹੀਂ ਕਰਦੇ ਜਦਕਿ ਧਿਆਨ ਨਾਲ ਦੇਖਿਆ ਜਾਵੇ ਤਾਂ ਇਥੇ ਚੱਕਰ ਸਿਰਫ ਤੇ ਸਿਰਫ ‘ਸੂਤ’ ਦਾ ਹੀ ਸਾਹਮਣੇ ਆਉਂਦਾ ਹੈ। ਕੋਈ ਵੀ ਆਗੂ ਪਾਰਟੀ ਜਾਂ ਨਿੱਜੀ ਸਿਧਾਂਤ ਨਾਲ ਨਹੀਂ ਬੱਝਾ ਦਿਖਾਈ ਦਿੰਦਾ ਹਰ ਕੋਈ ਆਪਣਾ ਸੂਤ ਹੀ ਦੇਖਦਾ ਹੈ। ਹੋ ਸਕਦਾ ਹੈ ਕਿ ਮੈਂ ਇਸ ਵਿਸ਼ੇ ਵਿਚ ਕਿਤੇ ਗਲਤ ਹੋਵਾਂ ਪਰ ਜੋ ਮੈਂ ਮਹਿਸੂਸ ਕੀਤਾ ਤੇ ਜੋ ਆਮ ਲੋਕ ਮਹਿਸੂਸ ਕਰਦੇ ਹਨ ਉਹਨਾਂ ਵਿਚਾਰਾਂ ਦੀ ਤਰਜ਼ਮਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਪੜ੍ਹਨ ਵਾਲੇ ਪਾਠਕਾਂ ਨੇ ਦਿਲ ਤੇ ਹੱਥ ਰੱਖ ਕੇ ਦੱਸਣਾ ਹੈ ਕਿ ਕੀ ਮੈਂ ਝੂਠ ਬੋਲਿਆ, ਕਿ ਸਿਆਸੀ (ਜ਼ਿਆਦਾਤਰ) ਲੋਕ ‘ਸੂਤ’ ਨਾਲ ਹੀ ਬੱਝੇ ਹੁੰਦੇ ਹਨ?
ਅਜਮੇਰ ਸਿੰਘ ਚਾਨਾ
ਪੱਤਰਕਾਰ
ਅੱਪਰਾ।
No comments:
Post a Comment