Thursday, 12 January 2012

ਬਹੁਪੱਖੀ ਪ੍ਰਵਾਸੀ ਸਖਸ਼ੀਅਤ

ਦੋ ਦਰਿਆਵਾਂ ਦੇ ਵਹਿਣ ਦੀ ਸ਼ੂਕ ਵਰਗਾ ਪੰਜਾਬੀ ਪੁੱਤਰ ਮਾਈਕ ਸਾਂਵਲ
ਵਕੀਲ, ਐਕਟਰ, ਡਾਇਰੈਕਟਰ, ਗਾਇਕ ਤੇ ਪ੍ਰਸਿੱਧ ਬਿਜਨਸਮੈਨ ਮਾਈਕ ਸਾਂਵਲ ਨਾਲ ਵਿਸ਼ੇਸ਼ ਮੁਲਾਕਾਤ
“ਸਮਾਂ ਕਦੇ ਘੱਟ ਨਹੀਂ ਹੁੰਦਾ ਕਰਨ ਵਾਲੇ ਤਾਂ ਕੁਝ ਪਲਾਂ ਵਿਚ ਹੀ ਬਹੁਤ ਕੁਝ ਕਰ ਜਾਂਦੇ ਹਨ” ਚਾਣਚੱਕ ਟਾਕਰੇ ਵੇਲੇ ਕਿਸੇ  ਚੜ੍ਹਦੀ ਕਲਾ ਵਾਲੇ ਬਜ਼ੁਰਗ ਵਲੋਂ ਕਹੇ ਸ਼ਬਦ ਮੈਨੂੰ ਉਦੋਂ ਯਾਦ ਆਏ ਜਦੋਂ ਸ. ਨਰਿੰਦਰਪਾਲ ਸਿੰਘ ਹੁੰਦਲ ਮੁੱਖ ਸੰਪਾਦਕ ਇੰਡੋ

ਅਮੈਰਿਕਨ ਟਾਈਮਜ਼ ਦੀ ਮਾਰਫਤ ਮੇਰਾ ਸ਼੍ਰੀ ਮਾਈਕ ਸਾਂਵਲ ਨਾਲ ਫੋਨ ਮੁਲਾਕਾਤ ਕਰਨ ਦਾ ਸਬੱਬ ਬਣਿਆ। ਭਾਵੇਂ ਕਿ ਮੈਂ ਪਿਛਲੇ 10 ਸਾਲ ਤੋਂ ਪੱਤਰਕਾਰਤਾ ਦੇ ਖੇਤਰ ਨਾਲ ਸਬੰਧਿਤ ਹਾਂ ਤੇ ਖਬਰਾਂ ਦੇ ਨਾਲ ਨਾਲ ਵੱਖ ਵੱਖ ਵਿਦੇਸ਼ੀ ਅਤੇ ਪੰਜਾਬ ਦੀਆਂ
ਅਖਬਾਰਾਂ ਵਿਚ ਮੇਰੇ ਲੇਖ ਅਤੇ ਕਾਲਮ ਛਪਦੇ ਸਮੇਂ ਸਮੇਂ ਤੇ ਛਪਦੇ ਰਹਿੰਦੇ ਹਨ ਪਰ ਜਦੋਂ ਸ਼੍ਰੀ ਮਾਈਕ ਸਾਂਵਲ ਨਾਲ ਉਹਨਾਂ ਦੇ ਜੀਵਨ ਅਤੇ ਸੰਘਰਸ਼ ਸਬੰਧੀ ਗੱਲਬਾਤ ਕੀਤੀ ਤਾਂ ਮੈਂ ਹੈਰਾਨ ਰਹਿ ਗਿਆ ਕਿ ਇਕ ਇਨਸਾਨ ਇੰਨੀਆਂ ਖੂਬੀਆਂ ਦਾ ਮਾਲਕ ਕਿਵੇਂ ਹੋ ਸਕਦਾ ਹੈ। ਦੋ ਦਰਿਆਵਾਂ ਰਾਵੀ ਅਤੇ ਬਿਆਸ ਦੇ ਨਿਰਮਲ ਵਹਿੰਦੇ ਜਲ ਦੀ ਬਦੌਲਤ ਘੁੱਗ ਵਸਦੇ ਜ਼ਿਲਾ ਗੁਰਦਾਸਪੁਰ ਦੀ ਮਿੱਟੀ ਤੋਂ ਅਸ਼ੀਰਵਾਦ ਅਤੇ ਸੂਰਜ ਤੋਂ ਤੇਜ਼ ਲੈ ਕੇ ਜ਼ਿੰਦਗੀ ਵਿਚ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਨ ਵਾਲੇ ਸ਼੍ਰੀ ਮਾਈਕ ਸਾਂਵਲ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।ਇਤਿਹਾਸਕਾਰਾਂ ਦੇ ਦੱਸਣ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਸੇ ਵੇਲੇ ਸੰਗੀ ਰਹੇ ਸ਼੍ਰੀ ਗੁਰੀਆ ਜੀ ਦੇ ਨਾਮ ਤੋਂ ਹੀ ਅੱਗੇ ਚੱਲ ਕੇ ਗੁਰਦਾਸਪੁਰ ਸ਼ਹਿਰ ਦੀ ਹੋਂਦ ਬਣੀ ਤੇ ਇਸੇ ਸ਼੍ਰੀ ਗੁਰੀਆ ਜੀ ਦੀ ਕੁੱਲ ਜੋ ਕਿ ਬ੍ਰਾਹਮਣ ਕੌਸ਼ਲ ਗੋਤਰ ਦੇ ਸਨ, ਨਾਲ ਸਬੰਧਿਤ ਸ਼੍ਰੀ ਮਾਈਕ ਸਾਂਵਲ ਦਾ ਜਨਮ 1953 ਵਿਚ ਉਹਨਾਂ ਦੇ ਨਾਨਕੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਜਿਥੇ ਆਪ ਜੀ ਦੇ ਨਾਨਾ ਜੀ ਕਾਲੀ ਦਾਸ ਜੀ ਤੇ ਨਾਨੀ ਜੀ ਕੌਸ਼ੱਲਿਆ ਦੀ ਗੁੜ੍ਹਤੀ ਲੈ ਕੇ ਇਸ ਦੁਨੀਆਂ ਦੇ ਦਰਸ਼ਨ ਕੀਤੇ।ਆਪ ਜੀ ਦੇ ਮਾਤਾ ਪਿਤਾ ਸ਼੍ਰੀਮਤੀ ਸਵਿੱਤਰੀ ਅਤੇ ਸ਼੍ਰੀ ਗੁਰਦਿਆਲ ਸਿੰਘ ਸਾਂਵਲ ਜੀ ਨੇ ਆਪ ਜੀ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਣ ਦਾ ਸੁਪਨਾ ਮਨ ਵਿਚ ਵਸਾਇਆ ਹੋਇਆ ਸੀ। ਮਾਤਾ ਪਿਤਾ ਜੀ ਤੋਂ ਮਿਲੇ ਵਧੀਆ ਸੰਸਕਾਰਾਂ ਦੇ ਸਦਕਾ ਆਪ ਜੀ ਨੇ ਸਰਕਾਰ ਹਾਈ ਸਕੂਲ ਗੁਰਦਾਸਪੁਰ ਤੋਂ ਆਪਣੀ ਮੁੱਢਲੀ ਵਿਦਿਆ ਸ਼ੁਰੂ ਕਰਕੇ ਗੌਰਮਿੰਟ ਕਾਲਜ ਗੁਰਦਾਸਪੁਰ ਤੋਂ ਬੀ ਐਸ ਸੀ (ਨਾਨ ਮੈਡੀਕਲ) ਕਰਨ ਉਪਰੰਤ ਲਾਅ ਕਾਲਜ ਚੰਡੀਗੜ੍ਹ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ। ਭਾਵੇਂ ਆਪ ਜੀ ਵਕੀਲ ਤਾਂ ਬਣ ਗਏ ਪਰ ਆਪ ਨੇ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਫਿਲਮ ਇੰਡਸਟਰੀ ਨਾਲ ਸਾਂਝ ਨੂੰ ਅੱਗੇ ਤੋਰਨ ਦਾ ਤਹੱਈਆ ਕੀਤਾ ਕਿਉਂਕਿ ਆਪ ਜੀ ਦਾ ਪਰਿਵਾਰ ਫਿਲਮ ਇੰਡਸਟਰੀ ਦਾ ਨਾਮਵਰ ਫਾਇਨਾਂਸਰ ਸੀ ਅਤੇ ਆਪਣੇ ਵੱਡੇ ਭਰਾ ਰਾਜ ਸਾਂਵਲ ਅਤੇ ਨਜ਼ਦੀਕੀ ਰਿਸ਼ਤੇਦਾਰ ਦੇਵ ਆਨੰਦ ਅਤੇ ਵਿਨੋਦ ਖੰਨਾ ਅਤੇ ਨਜ਼ਦੀਕੀ ਪਿੰਡ ਸ੍ਰੀ ਹਰਗੋਬਿੰਦਪੁਰਾ ਦੇ ਸ਼੍ਰੀ ਰਾਜ ਖੰਨਾ (ਡਾਇਰੈਕਟਰ) ਵਾਂਗੂੰ ਫਿਲਮੀ ਇੰਡਸਟਰੀ ਵਿਚ ਕਾਮਯਾਬ ਹੋਣ ਦਾ ਸੁਪਨਾ ਲੈ ਕੇ ਬੰਬਈ (ਹੁਣ ਮੁੰਬਈ) ਵੱਲ ਨੂੰ ਚਾਲੇ ਪਾ ਦਿੱਤੇ। ਉਥੇ ਜਾ ਉਹਨਾਂ ਕੁਝ ਸਮਾਂ ਪੁਣੇ ਫਿਲਮ ਇੰਸਟੀਚਿਊਟ ਵਿਚ ਬਕਾਇਦਾ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਫਿਲਮ ਇੰਡਸਟਰੀ ਵਿਚ ਕੰਮ ਕਰਨ ਲਈ ਪ੍ਰਮਾਤਮਾਂ ਵਲੋਂ ਬਖਸ਼ੀ ਹੋਈ ਕਲਾ ਸਿੱਖੀ ਹੋਈ ਕਲਾ ਨਾਲੋਂ ਵਧ ਪ੍ਰਭਾਵੀ ਹੈ ਤੇ ਜੋ ਮੈਨੂੰ ਸਿਖਾਇਆ ਜਾ ਰਿਹਾ ਹੈ ਉਹ ਤਾਂ ਮੈਨੂੰ ਕੁਦਰਤੀ ਤੌਰ ਤੇ ਹੀ ਪਤਾ ਹੈ, ਜਿਸ ਕਾਰਨ ਉਸ ਇੰਸਟੀਚਿਊਟ ਨੂੰ ਛੱਡ ਫਿਲਮਾਂ ਵਿਚ ਰੋਲ ਕਰਨ ਲਈ ਕੋਸ਼ਿਸ਼ ਕੀਤੀ ਜਿਸ ਤੇ ਉਹਨਾਂ ਨੂੰ 1973-74 ਵਿਚ ਫਿਲਮ “ਆਤਮਾਂ ਔਰ ਪ੍ਰਮਾਤਮਾਂ” ਅਤੇ ਇਸੇ ਸਾਲ ਹੀ “ਜਹਾਂ ਮਿਲੇ ਧਰਤੀ ਔਰ ਆਸਮਾਂ” ਫਿਲਮਾਂ ਵਿਚ ਬਤੌਰ ਹੀਰੋ ਕੰਮ ਕਰਨ ਦਾ ਮੌਕਾ ਮਿਲਿਆ ਫਿਲਮਾਂ ਵਿਚ ਆਪ ਜੀ ਵਲੋਂ ਨਿਭਾਏ ਗਏ ਕਿਰਦਾਰਾਂ ਦੀ ਸਾਰਥਿਕਤਾ ਨੂੰ ਸਰਾਹਿਆ ਗਿਆ ਵਰਨਣਯੋਗ ਹੈ ਕਿ ਇਸ ਫਿਲਮ ਵਿਚ ਮਰਹੂਮ ਦੇਵ ਆਨੰਦ ਅਤੇ ਵਿਨੋਦ ਖੰਨਾ ਵਲੋਂ ਵੀ ਆਪਣੇ ਪਿਆਰੇ ਰਿਸ਼ਤੇਦਾਰ ਦੀ ਇਸ ਫਿਲਮ ਵਿਚ ਗੈਸਟ ਰੋਲ ਕਰਕੇ ਪੰਜਾਬੀਆਂ ਵਾਲੀ ਯਾਰੀ ਨਿਭਾਈ ਗਈ।ਫਿਲਮ ਆਤਮਾ ਔਰ ਪ੍ਰਮਾਤਮਾਂ ਵਿਚ ਜਨਾਬ ਮੁਹੰਮਦ ਰਫੀ ਸਾਹਿਬ ਵਲੋਂ ਗਾਏ ਗੀਤ  “ਗਮ ਨੇ ਹਸਨੇਂ ਨਾ ਦੀਆ, ਜ਼ਬਤ ਨੇ ਰੋਨੇ ਨਾ ਦੀਆ ਇਸੀ ਉਲਝਨ ਨੇ ਕੋਈ ਫੈਸਲਾ ਹੋਨੇ ਨਾ ਦੀਆ” ਵਿਚ ਸੰਗਤ ਕਰਕੇ ਆਪਣੀ ਗਾਇਨ ਕਲਾ ਦੀ ਪ੍ਰਤਿਭਾ ਨੂੰ ਵੀ ਉਜਾਗਰ ਕੀਤਾ।ਆਪ ਜੀ ਨੇ ਕਦੇ ਵੀ ਸਾਈਡ ਰੋਲ ਨੂੰ ਪ੍ਰਮੁੱਖਤਾ ਨਹੀਂ ਦਿੱਤੀ। ਫਿਲਮ ਇੰਡਸਟਰੀ ਵਿਚ ਸੰਘਰਸ਼ ਨੂੰ ਅੱਗੇ ਤੋਰਦਿਆਂ “ਜੌਨੀ ਮੇਰਾ ਨਾਮ” ਅਤੇ “ਮੇਰਾ ਗਾਂਓ ਮੇਰਾ ਦੇਸ਼” ਅਤੇ “ਕੱਚੇ ਧਾਗੇ” ਵਿਚ ਰਾਜ ਖੋਸਲਾ ਜੀ ਨਾਲ ਸਹਾਇਕ ਡਾਇਰੈਕਟਰ ਦੀ ਭੂਮਿਕਾ ਵੀ ਬਾਖੂਬੀ ਨਿਭਾਈ ਤੇ ਇਹਨਾਂ ਫਿਲਮਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
ਆਪ ਜੀ ਦੇ ਪਰਿਵਾਰ ਅਮਰੀਕਾ ਵਿਚ ਪੂਰੀ ਤਰ੍ਹਾਂ ਸੈਟਲ ਹੋ ਚੁੱਕਾ ਸੀ ਉਹਨਾਂ ਵਲੋਂ ਸਾਂਨ ਫਰਾਂਸਿਸਕੋ (ਅਮਰੀਕਾ) ਵਿਖੇ “ਤਾਜ ਆਫ ਇੰਡੀਆ” ਅਤੇ ਟੋਕੀਓ (ਜਾਪਾਨ) ਵਿਚ “ਅਸ਼ੋਕਾ” ਰੈਸਟੋਰੈਂਟ ਅਤੇ ਹੋਟਲ ਸਥਾਪਿਤ ਕੀਤੇ ਗਏ ਸਨ। ਜਿਸ ਕਾਰਨ ਪਰਿਵਾਰ ਵਲੋਂ ਆਪ ਜੀ ਨੂੰ ਅਮਰੀਕਾ ਸੱਦਣ ਲਈ ਸਪਾਂਸਰ ਕੀਤਾ ਗਿਆ ਪਰ ਆਪ ਨੇ ਦੋ ਵਾਰ ਗਰੀਨ ਕਾਰਡ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਫਿਲਮ ਇੰਡਸਟਰੀ ਵਿਚ ਹੀ ਸਥਾਪਿਤ ਹੋਣ ਦਾ ਸੋਚਿਆ ਪਰ ਪਰਿਵਾਰ ਵਲੋਂ ਜ਼ੋਰ ਪਾਉਣ ਤੇ ਆਪ ਜੀ 1977 ਵਿਚ ਅਮਰੀਕਾ ਆ ਗਏ। ਇਥੇ ਆ ਕੇ ਪਰਿਵਾਰ ਵਲੋਂ ਚਲਾਏ ਜਾ ਰਹੇ ਬਿਜਨਸ ਵਿਚ ਸਾਥ ਦੇਣ ਦੇ ਨਾਲ ਨਾਲ ਸ਼੍ਰੀ ਮਾਈਕ ਸਾਂਵਲ ਜੀ ਨੇ ਅਮਰੀਕਾ ਦੇ ਪ੍ਰਸਿੱਧ ਇੰਮੀਗਰੇਸ਼ਨ ਵਕੀਲ ਸ਼੍ਰੀ ਮੋਹਿੰਦਰ ਸਿੰਘ ਜੀ ਨਾਲ 10 ਸਾਲ ਕੰਮ ਕੀਤਾ।1978 ਵਿਚ ਪਰਿਵਾਰ ਵਲੋਂ ਆਪ ਜੀ ਦੀ ਸ਼ਾਦੀ ਚੰਡੀਗੜ੍ਹ ਦੇ ਬਿਜਨਸਮੈਨ ਪਰਿਵਾਰ ਦੀ ਲੜਕੀ ਕਿਰਨ ਸਾਂਵਲ ਜੋ ਕਿ ਆਪਣੇ ਸਮੇਂ ਦੀ ਪ੍ਰਸਿੱਧ ਰਾਈਫਲ ਸ਼ੂਟਰ ਸੀ ਅਤੇ 1974, 1975 ਅਤੇ 1976 ਦੀ ਰਾਸ਼ਟਰੀ ਰਾਈਫਲ ਸ਼ੂਟਿੰਗ ਚੈਂਪੀਅਨ ਸੀ, ਨਾਲ ਕਰ ਦਿੱਤੀ। ਕਿਰਨ ਸਾਂਵਲ ਨੇ ਵੀ ਆਪ ਜੀ ਦਾ ਡਟ ਕੇ ਸਾਥ ਨਿਭਾਇਆ ਅਤੇ ਜ਼ਿੰਦਗੀ ਦੇ ਹਰ ਮੁਕਾਮ ਤੇ ਸ੍ਰੀ ਮਾਈਕ ਸਾਂਵਲ ਦੇ ਸੰਘਰਸ਼ ਨੂੰ ਸੁਖਾਲਾ ਕੀਤਾ।ਫਿਲਮ ਇੰਡਸਟਰੀ ਦਾ ਮੋਹ ਆਪ ਜੀ ਨੂੰ ਦੁਬਾਰਾ ਫਿਲਮ ਇੰਡਸਟਰੀ ਵੱਲ ਜਾਣ ਲਈ ਪ੍ਰੇਰਿਤ ਕਰਦਾ ਰਿਹਾ ਜਿਸ ਕਾਰਨ 2004 ਵਿਚ ਆਪ ਜੀ ਨੇ ਇਕ ਡਾਇਰੈਕਟਰ ਵਜੋਂ ਆਪਣੇ ਦੋਸਤਾਂ ਦੀ ਸਹਾਇਤਾ ਨਾਲ ਦੋ ਫਿਲਮਾਂ “ਪੈਸੇ ਕੀ ਪੂਜਾ” ਅਤੇ “ਮਾਹੀਆ” ਫਿਲਮਾਂ ਦਾ ਨਿਰਮਾਣ ਸ਼ੁਰੂ ਕੀਤਾ ਜਿਸ ਵਿਚ ਰਾਜ ਬੱਬਰ, ਅਮਰੀਸ਼ ਪੁਰੀ, ਜਸਪਾਲ ਭੱਟੀ ਅਤੇ ਅਨੁਪਮ ਖੇਰ ਜਿਹੇ ਸਥਾਪਿਤ ਐਕਟਰ ਕੰਮ ਕਰ ਰਹੇ ਸਨ ਪਰ ਅਚਾਨਕ ਦਿਲ ਦਾ ਦੌਰਾ ਪੈਣ ਅਤੇ ਸਿਹਤ ਜ਼ਿਆਦਾ ਖਰਾਬ ਹੋ ਜਾਣ ਕਾਰਨ ਆਪ ਨੂੰ ਵਾਪਿਸ ਅਮਰੀਕਾ ਆਉਣਾ ਪੈ ਗਿਆ ਤੇ ਲੰਮਾਂ ਸਮਾਂ ਇਲਾਜ ਕਰਵਾਉਣ ਉਪਰੰਤ ਹੁਣ ਆਪ ਜੀ ਬਿਲਕੁਲ ਰਿਸ਼ਟ ਪੁਸ਼ਟ ਮਹਿਸੂਸ ਕਰ ਰਹੇ ਹਨ ਤੇ ਆਪਣੇ ਸ਼ੁਰੂ ਕੀਤੇ ਇਹਨਾਂ ਪ੍ਰੌਜੈਕਟਾਂ ਨੂੰ ਸਿਰੇ ਲਾਉਣ ਲਈ ਦ੍ਰਿੜ ਹਨ। ਉਹ ਦੱਸਦੇ ਹਨ ਕਿ ਦੇਵਾ ਆਨੰਦ ਜੀ ਦਾ 80 ਵਾਂ ਅਤੇ ਧਰਮਿੰਦਰ ਜੀ ਦਾ 64ਵਾਂ ਜਨਮ ਦਿਨ ਉਹਨਾਂ ਦੇ ਵੱਡੇ ਭਰਾ ਰਾਜ ਸਾਂਵਲ ਦੇ ਐਲਡਰਨਾਡੋ ਸਥਿਤ ਗ੍ਰਹਿ ਵਿਖੇ ਮਨਾਇਆ ਗਿਆ ਤੇ ਇਥੇ ਹੀ ਜਨਾਮ ਮੁਹੰਮਦ ਰਫੀ ਸਾਹਿਬ ਠਹਿਰੇ ਸਨ ਜਿਥੇ ਉਹਨਾਂ ਸਾਡੇ ਪਰਿਵਾਰ ਨਾਲ ਆਪਣੀ ਪਰਿਵਾਰਕ ਜ਼ਿੰਦਗੀ ਦਾ ਦੁਖਾਂਤ ਸਾਂਝਾ ਕੀਤਾ ਸੀ।ਸ੍ਰੀ ਸਾਂਵਲ ਦੱਸਦੇ ਹਨ ਕਿ ਪੰਜਾਬੀਆਂ ਦਾ ਫਿਲਮ ਇੰਡਸਟਰੀ ਦੇ ਹਰ ਖੇਤਰ ਵਿਚ ਵਡਮੁੱਲਾ ਯੋਗਦਾਨ ਰਿਹਾ ਹੈ। ਉਹ ਪਰਾਣੀਆਂ ਯਾਦਾਂ ਦੇ ਵਰਕੇ ਫਰੋਲਦੇ ਹੋਏ ਦੱਸਦੇ ਹਨ ਕਿ ਮੁਹੰਮਦ ਰਫੀ ਸਾਹਿਬ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਸਨ ਇਕ ਫੱਕਰ ਕਿਸਮ ਦੇ ਇਨਸਾਨ ਸਨ। ਅਨਪੜ੍ਹ ਹੋਣ ਦੇ ਬਾਵਜੂਦ ਵੀ ਉਹ ਹਰ ਭਾਸ਼ਾ ਨੂੰ ਪੜ੍ਹਨ, ਸਮਝਣ ਅਤੇ ਉਚਾਰਣ ਦਾ ਕਮਾਲ ਦਾ ਗਿਆਨ ਰੱਖਦੇ ਸਨ। ਉਹਨਾਂ ਇਕ ਘਟਨਾ ਸਾਂਝੀ ਕੀਤੀ ਕਿ ਰਫੀ ਸਾਹਿਬ ਦਾ ਉਸ ਵਲੇ ਇਕ ਗਾਣੇ ਦਾ ਰੇਟ 5 ਹਜ਼ਾਰ ਰੁਪਏ ਸੀ ਅਸੀ ਆਪਣੀ ।ਫਲਮ ਵਿਚ ਗਾਉਣ ਲਈ ਉਹਨਾਂ ਨੂੰ ਬੁਲਾਇਆ ਗਿਆ ਤੇ ਗੀਤ ਪੂਰਾ ਹੋ ਜਾਣ ਉਹਨਾਂ ਨੂੰ ਤਿੰਨ ਹਜ਼ਾਰ ਰੁਪਏ ਦੇ ਦਿੱਤੇ ਅਤੇ ਕਿਹਾ ਕਿ ਬਾਕੀ ਬਾਅਦ ਵਿਚ ਦੇ ਦੇਵਾਂਗੇ ਤਾਂ ਉਹਨਾਂ ਕਿਹਾ ਕਿ ਬਸ ਜੀ ਸਾਰੇ ਹੀ ਆ ਗਏ। ਇਸੇ ਤਰ੍ਹਾਂ ਪੰਜਾਬੀਆਂ ਦੇ ਮਹਿਬੂਬ ਕਲਾਕਾਰ ਧਰਮਿੰਦਰ ਵੀ ਬਹੁਤ ਹੀ ਨੇਕ ਅਤੇ ਦੂਜਿਆਂ ਦੀ ਸਹਾਇਤਾ ਕਰਨ ਵਾਲੇ ਇਨਸਾਨ ਹਨ।ਪੰਜਾਬੀਆਂ ਦੀ ਨਵੀਂ ਪੀੜ੍ਹੀ ਵਲੋਂ ਫਿਲਮ ਇੰਡਸਟਰੀ ਵਿਚ ਕੀਤੀ ਜਾ ਰਹੀ ਜ਼ੋਰ ਅਜ਼ਮਾਈ ਸਬੰਧੀ ਕੀਤੇ ਗਏ ਸਵਾਲ ਵਿਚ ਉਹਨਾਂ ਕਿਹਾ ਕਿ ਜਿਸ ਵਿਚ ਕਲਾ ਨਹੀਂ ਹੈ ਉਸ ਨੂੰ ਪੈਸਾ ਅਤੇ ਸਮਾਂ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਿਹਨਾਂ ਨੂੰ ਲਗਦਾ ਹੈ ਕਿ ਕਲਾ ਦੀ ਦੇਵੀ ਉਹਨਾਂ ਤੇ ਮੇਹਰਬਾਨ ਹੈ ਉਹਨਾਂ ਨੂੰ ਕਲਾ ਇਕ “ਗੌਡ ਗਿਫਟ” ਵਜੋਂ ਮਿਲੀ ਹੈ ਉਹ ਜ਼ਰੂਰ ਮੁੰਬਈ ਦੀ ਟਰੇਨ ਫੜ੍ਹਨ ਉਹ ਜ਼ਰੂਰ ਕਾਮਯਾਬ ਹੋਣਗੇ।ਜਨਮ ਭੋਇੰ ਦੇ ਮੋਹ ਸਬੰਧੀ ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਸ੍ਰੀ ਗੁਰਦਿਆਲ ਸਿੰਘ ਸਾਂਵਲ ਜੀ ਟ੍ਰਿਪਲ ਐਮ ਏ ਪਾਸ ਸਨ ਤੇ ਮਹਾਤਮਾ ਗਾਂਧੀ ਸਕੂਲ ਗੁਰਦਾਸਪੁਰ ਵਿਚ 32 ਸਾਲ ਪ੍ਰਿੰਸੀਪਲ ਰਹੇ ਹਨ ਤੇ ਇਸੇ ਸਕੂਲ ਵਿਚ ਉਹਨਾਂ ਦੇ ਵੱਡੇ ਭਰਾ ਸੁਦਰਸ਼ਨ ਸਾਂਵਲ 18 ਸਾਲ ਪਿ੍ਰੰਸੀਪਲ ਰਹੇ ਹਨ। ਗੁਰਦਾਸਪੁਰ ਦੀਆਂ ਗਲੀਆਂ ਨਾਲ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਤੇ ਉਹਨਾਂ ਦੀ ਜ਼ਮੀਨ ਜਾਇਦਾਦ ਵੀ ਗੁਰਦਾਸਪੁਰ ਨਾਲ ਹੀ ਸਬੰਧਿਤ ਹੈ ਜਿਸ ਕਾਰਨ ਉਹ ਆਪਣੀ ਰਿਟਾਇਰਮੈਂਟ ਉਪਰੰਤ ਗੁਰਦਾਸਪੁਰ ਜਾ ਕੇ ਹੀ ਰਹਿਣਗੇ ਅਤੇ ਆਪਣੇ ਪੁਰਾਣੇ ਮਿੱਤਰਾਂ ਸੱਜਣਾਂ ਨਾਲ ਪਲ ਸਾਂਝੇ ਕਰਨਗੇ।ਉਹਨਾਂ ਨਾਲ ਫੋਨ ਮੁਲਾਕਾਤ ਕਰਨ ਤੇ ਇੰਝ ਲੱਗਾ ਕਿ ਜਿਵੇਂ ਕਿਤੇ ਸਾਡੀ ਵਰ੍ਹਿਆਂ ਦੀ ਸਾਂਝ ਹੋਵੇ ਉਹਨਾਂ ਦੀ ਅਪਣੱਤ ਨੇ ਉਹਨਾਂ ਦੀ ਸਖਸ਼ੀਅਤ ਨੂੰ ਮੇਰੇ ਮਨ ਅੰਦਰ ਦੋ ਦਰਿਆਵਾਂ ਦੇ ਵਹਿਣ ਦੀ ਸ਼ੂਕ ਵਰਗੇ ਉਸ ਪੰਜਾਬੀ ਪੁੱਤਰ ਵਜੋਂ ਚਿਤਰ ਦਿੱਤਾ ਜੋ ਆਪਣੇ ਸੱਭਿਆਚਾਰ ਅਤੇ ਆਪਣੀਆਂ ਕਦਰਾਂ ਕੀਮਤਾਂ ਨੂੰ ਮੁੱਠੀ ਵਿਚ ਸਾਂਭਦੇ ਹੋਏ ਆਪਣੇ ਮੁਕਾਮ ਵੱਲ ਸ਼ੂਕਦਾ ਜਾਂਦਾ ਹੈ। ਇਸ ਵਕਤ ਸ੍ਰੀ ਮਾਈਕ ਸਾਂਵਲ ਆਪਣੀ ਪਤਨੀ ਸ਼੍ਰੀਮਤੀ ਕਿਰਨ ਸਾਂਵਲ ਅਤੇ ਦੋ ਬੇੇਟਿਆਂ ਅਜੇ ਸਾਂਵਲ (30) ਤੇ ਗੌਤਮ ਸਾਂਵਲ (28) ਨਾਲ ਫੌਲਸਮ, ਕੈਲੈਫੋਰਨੀਆਂ (ਅਮਰੀਕਾ) ਵਿਚ ਆਪਰਟਮੈਂਟ ਬਿਲਡਿੰਗਸ ਅਤੇ ਸ਼ਾਪਿੰਗ ਸੈਂਟਰ ਦਾ ਬਿਜਨਸ ਕਰਦੇ ਹੋਏ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਹਨ।
ਅਜਮੇਰ ਸਿੰਘ ਚਾਨਾ
ਪੱਤਰਕਾਰ ਜਗ ਬਾਣੀ
ਅੱਪਰਾ
ਫੋਨ: 9815764582
    

No comments:

Post a Comment