-ਅਜਮੇਰ ਸਿੰਘ ਚਾਨਾ-
ਪਤਲਾ ਜਿਹਾ ਨੌਜਵਾਨ ਪੁਰਾਣੇ ਜਿਹੇ ਸਾਈਕਲ ਤੇ ਮੇਰੀ ਦੁਕਾਨ ਅੱਗੇ ਉਤਰਦਾ ਹੈ ਤੇ ਸਾਈਕਲ ਦੇ ਹੈਂਡਲ ਨਾਲੋਂ ਆਪਣੀ ਮਾਂ ਵਲੋਂ ਰੀਝ ਲਾ ਕੇ ਸੀਤਾ ਝਾਲਰ ਵਾਲਾ ਝੋਲਾ ਉਤਾਰ ਕੇ ਅੰਦਰ ਆਉਂਦਾ ਹੈ ਤੇ ਉਸ ਵਿਚੋਂ ਕਾਗਜ਼ਾਂ ਦਾ ਥੱਬਾ ਕੱਢ ਕੇ ਮੇਰੇ ਕਾਊਂਟਰ ਤੇ ਰੱਖ ਕੇ ਟਾਈਪ ਕਰਨ ਲਈ ਕਹਿੰਦਾ ਹੈ।ਆਪਣੇ ਸੁਭਾਅ ਅਨੁਸਾਰ ਮੈਂ ਬਿਨਾਂ ਕਿਸੇ ਦੇਰੀ ਦੇ ਕੰਮ ਸ਼ੁਰੂ ਕੀਤਾ ਤਾਂ ਪਹਿਲੇ ਗਾਣੇ ਦੀ ਆਖਰੀ ਲਾਈਨ ਵਿਚ ਜਦੋਂ 'ਮੀਕਾ ਕਹੇ ਮਸਾਣੀ ਵਾਲਾ' ਪੜ੍ਹਿਆ ਤਾਂ ਮੇਰਾ ਧਿਆਨ ਇਕਦਮ ਉਸ ਨੌਜਵਾਨ ਦੇ ਚਿਹਰੇ ਵੱਲ ਗਿਆ
ਤਾਂ ਉਸ ਨੇ ਮੁਸਕਰਾ ਕੇ ਕਿਹਾ ਭਾਜੀ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਮੈਂ 'ਜੈਜ਼ੀ', 'ਸ਼ਿੰਦੇ' ਵਾਲਾ ਹੀ ਮੀਕਾ ਹਾਂ। ਵਾਕਫੀਅਤ ਕੱਢਣ ਤੇ ਪਤਾ ਲੱਗਾ ਕਿ ਇਹ ਮੀਕਾ ਤਾਂ ਮੇਰੇ ਗੁਆਂਡ ਪਿੰਡ ਮਸਾਣੀ (ਨੇੜੇ ਅੱਪਰਾ) ਦਾ ਹੀ ਹੈ।ਮੈ ਹੈਰਾਨ ਰਹਿ ਗਿਆ ਕਿ ਪੰਜਾਬੀ ਸੱਭਿਆਚਾਰਕ ਗੀਤਕਾਰੀ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰ ਚੁੱਕਾ ਇਹ ਗੀਤਕਾਰ ਧੁੱਦਲ ਵਿਚ ਛੁਪੇ ਹੋਏ ਹੀਰੇ ਵਾਂਗ ਵਿਚਰ ਰਿਹਾ ਹੈ।ਸਭ ਤੋਂ ਪਹਿਲਾਂ ਮੈ ਇਸ ਸਟਾਰ ਗੀਤਕਾਰ ਦੀ ਸਾਦਗੀ ਨੂੰ ਸਲਾਮ ਕੀਤਾ ਤੇ ਫਿਰ ਉਸ ਦੇ ਪਿਛੋਕੜ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦਾ ਜਨਮ ਸ੍ਰੀ ਨਸੀਬ ਚੰਦ ਤੇ ਸਵ ਮਾਤਾ ਜੀਤੋ ਦੇ ਘਰ ਹੋਇਆ।ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ।
ਮੀਕਾ ਮਸਾਣੀ ਦਾ ਜਨਮ ਜਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਨਿਕੇ ਜਿਹੇ ਪਿੰਡ ਮਸਾਣੀ (ਨੇੜੇ ਅੱਪਰਾ) ਵਿਖੇ ਮਾਤਾ ਸ੍ਰੀਮਤੀ ਜੀਤੋਂ ਦੀ ਕੁੱਖੋ ਪਿਤਾ ਸ੍ਰੀ ਨਸੀਬ ਚੰਦ ਦੇ ਵਿਹੜੇ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਚੋਂ ਪ੍ਰਾਪਤ ਕੀਤੀ ਪੜ੍ਹਦੇ ਪੜ੍ਹਦੇ ਨੇ 'ਨੈਸ਼ਨਲ ਡਰਾਮੈਟਿਕ ਕਲੱਬ ਮਸਾਣੀ' ਨਾਲ ਨਾਟਕ ਮੇਲਿਆਂ ਤੇ ਜਾਣ ਲੱਗਿਆ। ਰੰਗ ਮੰਚ ਦੀ ਦੁਨੀਆਂ ਨਾਲ ਜੁੜ ਕੇ ਗਾਉਣ ਦਾ ਸ਼ੌਕ ਵੀ ਪੈਦਾ ਹੋ ਗਿਆ।
ਉਮਰ ਦੀ 15ਵੀ ਬਸੰਤ ਤੱਕ ਇਸ ਸ਼ੌਕ ਨੂੰ ਮਨ ਵਿਚ ਪਾਲਿਆ ਤੇ ਕੁਝ ਛੋਟੀਆਂ ਮੋਟੀਆਂ ਸਟੇਜਾਂ ਤੇ ਗਾਉਣ ਦਾ ਚਾਅ ਪੂਰਾ ਕਰਨ ਲੱਗਾ।ਇਕ ਦਿਨ ਨਜ਼ਦੀਕੀ ਪਿੰਡ ਰਹਿਪਾ ਵਿਖੇ ਕਿਸੇ ਦੇ ਨਿੱਜੀ ਪ੍ਰੋਗਰਾਮ ਵਿਚ ਸਟੇਜ ਤੇ ਗਾ ਕੇ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਸੀ ਜਿਥੇ ਕਿ ਪੰਜਾਬੀਆਂ ਦੀ ਮਾਣਮੱਤੀ ਪੰਜਾਬ ਦੀ ਕੋਇਲ ਨਰਿੰਦਰ ਬੀਬਾ ਨੇ ਪ੍ਰੋਗਰਾਮ ਕਰਨਾ ਸੀ।ਜਦੋਂ ਬੀਬਾ ਜੀ ਪੰਡਾਲ ਵਿਚ ਆਏ ਤਾਂ ਮੀਕੇ ਦੀ ਅਵਾਜ਼ ਸੁਣ ਕੇ ਉਹਨਾਂ ਨੂੰ ਕਿਸੇ ਭਵਿੱਖ ਦੇ ਪੰਜਾਬੀ ਸੱਭਿਆਚਾਰਕ ਗਾਇਕੀ ਦੇ ਵਾਰਿਸ ਦੀ ਝਲਕ ਪਈ ਉਹਨਾਂ ਉਸੇ ਵਕਤ ਮੀਕਾ ਮਸਾਣੀ ਦੇ ਮਾਤਾ ਪਿਤਾ ਨੂੰ ਗੁਜ਼ਾਰਿਸ਼ ਕੀਤੀ ਕਿ ਇਹ ਬੱਚਾ ਮੈਨੂੰ ਦੇ ਦਿਓ ਮੈਂ ਇਸ ਨੂੰ ਆਪਣਾ ਪੁੱਤਰ ਬਣਾ ਕੇ ਆਪਣੇ ਕੋਲ ਰੱਖਕੇ ਗਾਉਣਾ ਸਿਖਾਵਾਂਗੀ।ਮਾਤਾ ਪਿਤਾ ਨੇ ਬੀਬਾ ਜੀ ਦੀ ਇਸ ਖੇਤਰ ਕਦਰ ਦੀ ਕਦਰ ਕਰਦਿਆਂ ਮੀਕੇ ਨੂੰ ਨਾਲ ਤੋਰ ਦਿੱਤਾ।ਕੁਦਰਤੀ ਹੀ ਉਸ ਨੂੰ ਕਾਗਜ਼ ਤੇ ਕਲਮ ਝਰੀਟਣ ਦਾ ਵੀ ਸ਼ੌਕ ਸੀ ਉਸ ਦੀਆਂ ਕੁਝ ਸਤਰਾਂ ਪੜ੍ਹ ਕੇ ਇਕ ਦਿਨ ਬੀਬਾ ਜੀ ਨੇ ਹੱਸਦਿਆਂ ਹੀ ਕਿਹਾ ਕਿ ਅਮਰੀਕ ਸਿਆਂ ਤੂੰ ਕਲਾਕਾਰ ਬਣੇ ਨਾਂ ਬਣੇ ਪਰ ਇਕ ਦਿਨ ਮਿਆਰੀ ਗੀਤਕਾਰ ਅਵੱਸ਼ ਬਣੇਗਾ ਤੇ ਉਹ ਦੱਸਦਾ ਹੈ ਕਿ ਉਹ ਬੋਲ ਅੱਜ ਵੀ ਉਸਦੇ ਜ਼ਿਹਨ ਵਿਚ ਸੁਨਿਹਰੀ ਯਾਦ ਦੀ ਤਰ੍ਹਾਂ ਵਸੇ ਹੋਏ ਨੇ । ਬੀਬਾ ਜੀ ਨੇ ਮੀਕੇ ਦੇ ਲਿਖੇ ਹੋਏ ਅੱਠ ਧਾਰਮਿਕ ਗੀਤਾਂ ਦੀ ਇਕ ਟੇਪ 'ਕਾਂਸ਼ੀ ਵਿਚ ਰਵਿਦਾਸ ਆਏ' ਰਿਕਾਰਡ ਕਰਾ ਕੇ ਮੀਕੇ ਦਾ ਨਾਮ ਗੀਤਕਾਰਾਂ ਦੀ ਲਿਸਟ ਵਿਚ ਸ਼ਾਮਿਲ ਕਰਵਾ ਦਿੱਤਾ।ਅੱਤਵਾਦ ਦਾ ਕਾਲਾ ਦੌਰ ਅਤੇ ਘਰੇਲੂ ਤੰਗੀਆਂ ਤੁਰਸ਼ੀਆਂ ਨੇ ਪ੍ਰਦੇਸ ਜਾਣ ਲਈ ਮਜ਼ਬੂਰ ਕਰ ਦਿੱਤਾ। ਸੱਤ ਸਮੁੰਦਰ ਪਾਰ ਪਥਰੀਲੀ ਤੇ ਪੌਂਡਾਂ ਦੀ ਚਮਕੀਲੀ ਧਰਤੀ ਇੰਗਲੈਂਡ ਜਾ ਕੇ ਵੀ ਉਸਦਾ ਕੋਮਲ ਹਿਰਦਾ ਪੰਜਾਬੀ ਮਾਂ ਬੋਲੀ ਦੇ ਨਿੱਘ ਨੂੰ ਲੋਚਦਾ ਰਿਹਾ।
ਇੰਗਲੈਂਡ ਰਹਿੰਦਿਆਂ ਪ੍ਰਸਿੱਧ ਸੰਗੀਤਕਾਰ ਅਤੇ ਕਲਾਕਾਰ ਸੁਖਸ਼ਿੰਦਰ ਸ਼ਿੰਦਾ ਅਤੇ ਨੌਜਵਾਨਾਂ ਦਾ ਰੋਲ ਮਾਡਲ ਗਾਇਕ ਜੈਜ਼ੀ ਬੀ ਨਾਲ ਚਾਣਚੱਕ ਮੇਲ ਹੋਇਆ।ਆਪਣੀਆਂ ਲਿਖੀਆਂ ਹੋਈਆਂ ਬੋਲੀਆਂ ਜਦੋਂ ਸੁਖਸ਼ਿੰਦਰ ਸ਼ਿੰਦੇ ਨੂੰ ਦਿਖਾਈਆਂ ਤਾਂ ਉਸਨੇ ਪਹਿਲੇ ਹੱਲੇ ਹੀ ਰਿਕਾਰਡ ਕਰਵਾਉਣ ਦਾ ਮਨ ਬਣਾਇਆ ਜੋ ਕਿ ਜੈਜ਼ੀ ਬੈਂਸ ਦੀ ਸੁਰੀਲੀ ਅਵਾਜ਼ ਵਿਚ 'ਕੋਲੈਬਰੇਸ਼ਨ' ਐਲਬਮ ਵਿਚ 'ਚੱਕ ਦੇ ਬੋਲੀ' ਟਾਈਟਲ ਦੇ ਰੂਪ ਵਿਚ ਸਰੋਤਿਆਂ ਦੇ ਘਰਾਂ ਵਿਚ ਚਾਵਾਂ ਨਾਲ ਸੁਣੀਆਂ ਗਈਆਂ ਤੇ ਮੀਕੇ ਦਾ ਅਜੋਕੀ ਗਾਇਕੀ ਦੇ ਰਸਤੇ ਦਾ ਸਫਰ ਸ਼ੁਰੂ ਹੋਇਆ।
ਉਸ ਤੋਂ ਬਾਅਦ ਉਸਦੇ ਜ਼ੈਜ਼ੀ ਬੀ ਦੀ ਧਾਰਮਿਕ ਐਲਬਮ 'ਸਿੱਖੀ ਖੰਡਿਓਂ ਤਿੱਖੀ' ਵਿਚ 'ਸਰਸਾ ਦੇ ਕੰਢੇ', 'ਕੋਲੈਬਰੇਸ਼ਨ ਟੂ' ਵਿਚ 'ਮੁੱਲ ਨੀ ਲੱਗਦਾ ਨੱਚਣੇ ਦਾ' (ਨਛੱਤਰ ਗਿੱਲ ਤੇ ਸੁਖਸ਼ਿੰਦਰ ਸ਼ਿੰਦਾ), ਬੋਲੀਆਂ (ਏ ਐਸ ਕੰਗ ਤੇ ਸ਼ਿੰਦਾ), ਧਾਰਮਿਕ ਐਲਬਮ 'ਸਤਿਗੁਰ ਮੇਰਾ' ਵਿਚ 'ਭਾਈ ਸੰਗਤ ਸਿੰਘ' 'ਤੇ 'ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ' (ਸੁਖਸ਼ਿੰਦਰ ਸ਼ਿੰਦਾ 'ਤੇ ਜੈਜ਼ੀ ਬੈਂਸ), 'ਸਾਊਥਾਲ' ਐਲਬਮ ਵਿਚ ਅਮਰ ਅਰਸ਼ੀ ਅਤੇ ਮਿਸ ਪੂਜਾ ਦੀ ਅਵਾਜ਼ ਵਿਚ ਸਾਰੇ ਗੀਤ, ਸਤਿੰਦਰ ਸੱਤੀ ਦੀ ਅਵਾਜ਼ ਵਿਚ 'ਨੱਕ ਦਾ ਕੋਕਾ', ਐਸ ਦੀਪ ਦੀ 'ਨੱਚ ਕੇ' ਐਲਬਮ ਵਿਚ ਚਾਰ ਗੀਤ ਵਿਚ, ਰੇਖਾ ਕਲੇਰ ਦੀ ਟੇਪ 'ਮੁੰਡਾ ਲੰਬੜਾਂ ਦਾ' ਦਾ ਟਾਈਟਲ ਗੀਤ ਅਤੇ ਨਛੱਤਰ ਗਿੱਲ ਦੀ ਨਵੀਂ ਐਲਬਮ ਵਿਚ 'ਗੁੱਸਾ ਕਰ ਗਈ ਪਤਲੀਏ ਨਾਰੇ' ਰਜਿੰਦਰ ਮਲਹਾਰ ਦੀ ਆਉਣ ਵਾਲੀ ਨਵੀਂ ਧਾਰਮਿਕ ਟੇਪ ਵਿਚ 'ਝੰਡਾ', ਸਨੀ ਬੱਬਰ ਕੈਨੇਡਾ ਦੀ ਅਵਾਜ਼ 'ਮੇਲਾ' ਆਦਿ ਗੀਤ ਰਿਕਾਰਡ ਹੋ ਚੁੱਕੇ ਹਨ ਤੇ ਹੋਰ ਬਹੁਤ ਸਾਰੇ ਨਵੇਂ ਅਤੇ ਸਥਾਪਿਤ ਕਲਾਕਾਰਾਂ ਦੀ ਅਵਾਜ਼ ਵਿਚ ਗੀਤ ਰਿਕਾਰਡ ਹੋ ਰਹੇ ਹਨ।ਗੀਤਾਂ ਦੇ ਨਾਲ ਨਾਲ ਮੀਕੇ ਨੂੰ ਕਹਾਣੀ ਲਿਖਣ ਦਾ ਵੀ ਸ਼ੋਕ ਹੈ ਤੇ ਉਸ ਦੀਆਂ ਲਿਖੀਆਂ ਕਹਾਣੀਆਂ 'ਘੜਾ', 'ਮਿੱਟੀ ਦੀ ਮੁੱਠ', 'ਸੁੰਨਾ ਖੂਹ', 'ਸਪਰਸ਼' ਵੀ ਵੱਖ ਵੱਖ ਅਖਬਾਰਾਂ ਦੇ ਪੰਨਿਆਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ਮੀਕਾ ਮਸਾਣੀ ਅਜਕਲ੍ਹ ਆਪਣੇ ਪਿੰਡ ਮਸਾਣੀ ਵਿਖੇ ਆਪਣੇ ਪਿਤਾ, ਪਤਨੀ ਅਮਰਜੀਤ ਕੌਰ, ਪੁੱਤਰ ਰਾਜ ਕੁਮਾਰ ਅਤੇ ਬੇਟੀ ਮਨਦੀਪ ਕੌਰ ਨਾਲ ਖੁਸ਼ੀਂ ਖੁਸ਼ੀ ਜੀਵਨ ਬਤੀਤ ਕਰ ਰਿਹਾ ਹੈ।
ਫੋਨ: 9815764582
No comments:
Post a Comment