ਗਵਾਲੀਅਰ ਘਰਾਣੇ ਦਾ ਰੌਸ਼ਨ ਚਿਰਾਗ ਪ੍ਰੋ ਸ਼ਮਸ਼ਾਦ ਅਲੀ
ਅਜਮੇਰ ਸਿੰਘ ਚਾਨਾ
ਕਿਸੇ ਵੀ ਤਰ੍ਹਾਂ ਦੀ ਕਲਾ ਨੂੰ ਹਾਸਲ ਕਰਕੇ ਉਸ ਨੂੰ ਬੁੱਕਲ ਵਿਚ ਲੁਕਾ ਕੇ ਆਪਣੇ ਤੱਕ ਹੀ ਸੀਮਤ ਰੱਖਣ ਵਾਲੇ ਲੋਕਾਂ ਦੀ ਕੋਈ ਘਾਟ ਨਹੀਂ ਹੁੰਦੀ ਪਰ ਬਹੁਤ ਘੱਟ ਹੁੰਦੇ ਹਨ ਉਹ ਲੋਕ ਜੋ ਚਾਹੁੰਦੇ ਹਨ ਕਿ ਉਹਨਾਂ ਵਲੋਂ ਮਿਹਨਤ ਕਰਕੇ ਹਾਸਲ ਕੀਤੀ ਕਲਾ ਨੂੰ ਵੰਡਿਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਕਿਸੇ ਵੀ ਬਰੀਕੀ ਤੋਂ ਵਾਂਝੀ ਨਾ ਰਹਿ ਜਾਵੇ।ਇਹੋ ਜਿਹੀ ਹੀ ਸ਼ਖਸ਼ੀਅਤ ਗਵਾਲੀਅਰ ਘਰਾਣੇ ਦੇ ਰੌਸ਼ਨ ਚਿਰਾਗ ਪ੍ਰੌ ਸ਼ਮਸ਼ਾਦ ਅਲੀ ਨਾਲ ਪਾਠਕਾਂ ਦੀ ਸਾਂਝ ਪਵਾਉਣ ਜਾ ਰਿਹਾ ਹਾਂ।ਪਿੰਡ ਰਾਮਪੁਰ (ਲੁਧਿਆਣਾ) ਵਿਖੇ ਮਾਤਾ ਸ਼੍ਰੀਮਤੀ ਗਫੂਰਾਂ ਦੀ ਸੁਲੱਖਣੀ ਕੁੱਖੋਂ ਜਨਮ ਲੈ ਕੇ ਪਿਤਾ ਜਨਾਬ ਸਾਧੂ ਦੇ ਵਿਹੜੇ ਵਿਚ ਪਹਿਲੀ ਕਿਲਕਾਰੀ ਮਾਰਨ ਵਾਲੇ ਪ੍ਰੌਂ
ਸ਼ਮਸ਼ਾਦ ਅਲੀ ਦਾ ਜੀਵਨ ਬਹੁਤ ਹੀ ਕਰੜੇ ਸੰਘਰਸ਼ ਵਿਚੋਂ ਗੁਜ਼ਰਿਆ। ਭਾਵੇਂ ਕਿ ਪੰਜਾਬੀ ਸੱਭਿਆਚਾਰ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਆਪ ਜੀ ਦੇ ਸਕਿਆਂ ਵਿਚੋਂ ਹੀ ਹਨ ਪਰ ਆਪ ਜੀ ਨੇ ਬਣੇ ਬਣਾਏ ਰਸਤੇ ਤੇ ਤੁਰਨ ਨਾਲੋਂ ਉਸਤਾਦ ਸ਼ਾਇਰ ਜਨਾਬ ਸੁਰਜੀਤ ਪਾਤਰ ਦੀਆਂ ਸਤਰਾਂ 'ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ' ਨੂੰ ਸਾਰਥਕ ਕਰਦਿਆਂ ਅਲੱਗ ਦਿਸ਼ਾ ਵਿਚ ਤੁਰਕੇ ਨਵਾਂ ਰਸਤਾ ਬਣਾਇਆ ਅਤੇ ਹਾਸਲ ਕੀਤੇ ਗਿਆਨ ਨੂੰ ਸੰਗੀਤ ਦੇ ਕਦਰਦਾਨਾਂ ਵਿਚ ਵੰਡਣ ਦਾ ਬੀੜਾ ਚੁੱਕਿਆ।ਪਿੰਡ ਦੇ ਸਰਕਾਰੀ ਸਕੂਲ ਵਿਚੋਂ ਮੁੱਢਲੀ ਵਿਦਿਆ ਹਾਸਲ ਕਰਨ ਉਪਰੰਤ ਐਮ ਏ (ਗੋਲਡ ਮੈਡਲਿਸਟ) ਅਤੇ ਐਮ ਫਿਲ ਦਿੱਲੀ ਯੂਨੀਵਰਸਿਟੀ ਤੋਂ ਕੀਤੀ।12 ਸਾਲ ਦੀ ਉਮਰ ਵਿਚ ਆਪਣੇ ਦਾਦਾ ਜੀ ਦੇ ਭਰਾ ਉਸਤਾਦ ਸੁਭੀਏ ਖਾਨ (ਗਵਾਲੀਅਰ ਘਰਾਣੇ ਦੇ ਸ਼ਗਿਰਦ) ਤੋਂ ਸਿੱਖਿਆ ਲੈਣੀ ਸ਼ੁਰੂ ਕੀਤੀ ਅਤੇ 25 ਸਾਲ ਤੱਕ ਉਹਨਾਂ ਤੋਂ ਸੰਗੀਤਕ ਬਰੀਕੀਆਂ ਸਿੱਖੀਆਂ। ਉਹਨਾਂ ਤੋਂ ਲਈ ਸਿੱਖਿਆ ਦਾ ਉਪਯੋਗ ਕਰਦਿਆਂ ਆਪ ਜੀ ਨੇ ਭਾਰਤੀ ਸ਼ਾਸ਼ਤਰੀ ਸੰਗੀਤ, ਸੂਫੀ ਸੰਗੀਤ, ਗੁਰਮਤਿ ਸੰਗੀਤ, ਲੋਕ ਸੰਗੀਤ, ਗਜ਼ਲ ਗਾਇਨ- ਉਰਦੂ ਅਤੇ ਪੰਜਾਬੀ ਵਿਚ ਮੁਹਾਰਤ ਹਾਸਲ ਕੀਤੀ।ਉਹ ਆਪਣੇ ਸੰਗੀਤਕ ਜੀਵਨ ਵਿਚ ਡਾ ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵੀ ਵਿਸ਼ੇਸ਼ ਯੋਗਦਾਨ ਮੰਨਦੇ ਹਨ।ਜੀਵਨ ਨਿਰਵਾਹ ਲਈ ਆਪ ਜੀ ਨੇ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ 1991 ਤੋਂ 1993 ਤੱਕ ਸੰਗੀਤ ਲੈਕਚਰਾਰ ਵਜੋਂ ਨੌਕਰੀ ਕੀਤੀ ਉਪਰੰਤ 1994 ਵਿਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਸੰਗੀਤ ਵਿਭਾਗ ਦੀ ਵਾਗਡੋਰ ਦੀ ਸੰਭਾਲੀ ਤੇ ਇਸੇ ਵਿਭਾਗ ਦੇ ਮੁਖੀ ਵਜੋਂ ਅੱਜ ਵੀ ਸਿੱਖਿਆ ਦੇ ਰਹੇ ਹਨ। ਉਹਨਾਂ ਦੇ ਸ਼ਾਗਿਰਦਾਂ ਦੀ ਲੜੀ ਵਿਚ ਇੰਦਰਜੀਤ ਨਿੱਕੂ, ਰੌਸ਼ਨ ਪ੍ਰਿੰਸ (ਅਵਾਜ਼ ਪੰਜਾਬ ਦੀ), ਗੀਤ ਜ਼ੈਲਦਾਰ, ਕੇਵਲ ਸੇਖੋਂ, ਬਲਵਿੰਦਰ ਮਾਂਗਟ ਆਉਂਦੇ ਹਨ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਦਿਆਰਥੀ ਤਾਲੀਮ ਲੈ ਰਹੇ ਹਨ ਜੋ ਆਉਣ ਵਾਲੇ ਸਮੇਂ ਵਿੱਚ ਸੰਗੀਤ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਸਰੋਤਿਆਂ ਦੇ ਰੂ-ਬ-ਰੂ ਹੋਣਗੇ।ਉਹਨਾਂ ਦੀ ਅਗਵਾਈ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਤੇ ਇੰਟਰ ਯੂਨੀਵਰਸਿਟੀ ਪੱਧਰ ਦੇ ਮੁਕਾਬਲੇ ਜਿੱਤੇ ਹਨ। ਪ੍ਰੌ ਸ਼ਮਸ਼ਾਦ ਅਲੀ ਜੀ ਇਕ ਸਫਲ ਗਾਇਕ ਵਜੋਂ ਵੀ ਸਥਾਪਿਤ ਹੋਏ ਤੇ ਉਹਨਾਂ ਨੇ ਪੰਜਾਬੀ ਗ਼ਜ਼ਲਾਂ ਅਤੇ ਮਿਆਰੀ ਗੀਤਾਂ ਦੀ ਇੱਕ ਐਲਬਮ ਤਿਆਰ ਕੀਤੀ ਹੈ ਜਿਸ ਦਾ ਸੰਗੀਤ ਅਲੀ ਅਕਬਰ ਅਤੇ ਮੁਹੰਮਦ ਵਜੀਦ ਵਲੋਂ ਤਿਆਰ ਕੀਤਾ ਗਿਆ ਹੈ ।ਇਹ ਐਲਬਮ ਜਲਦੀ ਹੀ ਮਾਰਕੀਟ ਵਿਚ ਸਰੋਤਿਆਂ ਦੇ ਰੂਬਰੂ ਹੋਵੇਗੀ।ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਪੰਜਾਬੀ ਸਾਹਿਤ ਸਭਾ ਬੰਗਾ, ਪੰਜਾਬੀ ਕਲਾ ਦਰਪਣ ਸ਼ਾਮਪੁਰ, ਪੰਜਾਬੀ ਅਕੈਡਮੀ ਦਿੱਲੀ, ਪੰਜਾਬੀ ਸੰਗੀਤ ਅਕੈਡਮੀ ਚੰਡੀਗੜ੍ਹ, ਸ਼ਿਵ ਯਾਦਗਾਰੀ ਫਾਂਊਂਡੇਸ਼ਨ ਲੁਧਿਆਣਾ ਅਤੇ ਜੀ ਐਨ ਡੀ ਯੂ (ਸੂਫੀਆਨਾ ਕਲਾਮ) ਵਿਖੇ ਆਪਣੀ ਗਾਇਕੀ ਦੀਆਂ ਯਾਦਗਾਰੀ ਪੇਸ਼ਕਾਰੀਆਂ ਕਰ ਚੁੱਕੇ ਹਨ ।ਇਕ ਸੰਗੀਤਕਾਰ ਵਜੋਂ ਲਗਭਗ 18 ਪੰਜਾਬੀ ਐਲਬਮਜ਼ ਵਿਚ ਸੰਗੀਤ ਦਿੱਤਾ। ਆਪ ਜੀ ਦੀਆਂ ਸੰਗੀਤ ਪ੍ਰਤੀ ਸੇਵਾਵਾਂ ਅਤੇ ਵਿਲੱਖਣ ਕਲਾ ਦੀ ਕਦਰ ਕਰਦਿਆਂ 'ਗੁਰੂਕੁਲ ਆਰਟਸ ਅਕੈਡਮੀ ਬਰੈਂਪਟਨ (ਕੈਨੇਡਾ)' ਨੇ ਆਪ ਜੀ ਨੂੰ 2009 ਵਿਚ ਕੈਨੇਡਾ ਬੁਲਾਇਆ ਜਿਥੇ ਕਿ ਆਪ ਨੇ ਤਿੰਨ ਮਹੀਨੇ ਵਿਦਿਆਰਥੀਆਂ ਨੂੰ ਪੰਜਾਬੀ ਸੰਗੀਤ ਅਤੇ ਸ਼ਾਸ਼ਤਰੀ ਸੰਗੀਤ ਸਬੰਧੀ ਜਾਣਕਾਰੀ ਦਿੱਤੀ। ਇਥੇ ਹੀ ਬਸ ਨਹੀਂ ਆਪ ਜੀ ਨੇ ਇਕ ਕਿਤਾਬ ਦਾ ਖਰੜਾ ਵੀ ਤਿਆਰ ਕੀਤਾ ਹੈ ਜਿਸ ਵਿਚ 30 ਰਾਗਾਂ ਤੇ ਅਧਾਰਿਤ ਉਨ੍ਹਾਂ ਦੀਆਂ ਆਪ ਕੰਪੋਜ਼ ਕੀਤੀਆਂ 55-60 ਦੇ ਲਗਭਗ ਬੰਦਿਸ਼ਾਂ ਹਨ ਜੋ ਕਿ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਲੋਂ ਜਲਦੀ ਹੀ ਪਾਠਕਾਂ ਤੱਕ ਪੁੱਜਦੀ ਕੀਤੀ ਜਾ ਰਹੀ ਹੈ। ਅੱਜ ਕੱਲ੍ਹ ਆਪ ਜੀ ਆਪਣੀ ਪਤਨੀ ਦਰਸ਼ਨਾਂ ਕੌਰ ਅਤੇ ਦੋ ਪੁੱਤਰਾਂ ਸਖਾਵਤ ਅਲੀ (17) ਅਤੇ ਮੁਹੰਮਦ ਆਰਿਫ (14) ਨਾਲ ਅਨੰਦਮਈ ਜੀਵਨ ਬਤੀਤ ਕਰ ਰਹੇ ਹਨ। ਗੁਰੂ ਸ਼ਿਸ਼ ਪ੍ਰੰਪਰਾ ਅਤੇ ਪ੍ਰੌਫੈਸਰ ਵਿਦਿਆਰਥੀ ਪ੍ਰੰਪਰਾ ਹਾਲਾਤਾਂ ਅਨੁਸਾਰ ਆਪਣੀ ਆਪਣੀ ਜਗ੍ਹਾ ਸਾਰਥਕ ਮੰਨਣ ਵਾਲੇ ਪ੍ਰੌ ਸ਼ਮਸ਼ਾਦ ਅਲੀ ਜੀ ਪੰਜਾਬੀ ਸੰਗੀਤ ਲਈ ਬਹੁਤ ਕੁਝ ਕਰਨਾ ਲੋਚਦੇ ਹਨ।
ਮੋਬਾਈਲ: 9815764582
No comments:
Post a Comment