Friday, 1 April 2011

ਪ੍ਰਸਿੱਧੀ ਦੇ ਅਕਾਸ਼ ਤੇ ਉਡਦੇ ਗਾਇਕਾਂ ਮਗਰ ਭੱਜਕੇ ਬੇਇੱਜਤ ਹੁੰਦੇ ਪ੍ਰਸ਼ੰਸਕ


ਪੰਜਾਬ ਦੇ ਸੱਭਿਆਚਾਰਕ ਖੇਤਰ ਦੇ ਗਾਇਕਾਂ ਨੂੰ ਲੰਮੇ ਸੰਘਰਸ਼ਾਂ ਬਾਅਦ ਹੀ ਪ੍ਰਸਿੱਧੀ ਦਾ ਮੁਕਾਮ ਮਿਲਦਾ ਰਿਹਾ ਹੈ। ਜੇ ਕਾਫੀ ਪੁਰਾਣੇ ਸਮੇਂ ਦੇ ਗਾਇਕਾਂ ਦੀ ਗੱਲ ਕਰੀਏ ਤਾਂ ਅੱਜ ਦੇ ਜ਼ਮਾਨੇ ਦੇ ਗਾਇਕਾਂ ਦੀ ਉਮਰ ਜਿੰਨਾਂ ਸਮਾਂ ਤਾਂ ਆਪਣੇ ਮੁਰਸ਼ਦ ਕੋਲ ਹੀ ਰਿਆਜ਼ ਕਰਦੇ ਰਹਿੰਦੇ ਸਨ ਪਰ ਜਿਉਂ ਹੀ ਪੰਜਾਬ ਵਿਚ ਨਿੱਜੀ ਤੇ ਸੰਗੀਤ ਚੈਨਲਾਂ ਰਾਹੀ ਵੀਡੀੳ ਐਲਬਮ ਦਾ ਰੁਝਾਨ ਸ਼ੁਰੂ ਹੋਇਆ ਹੈ ਇਸ ਨਾਲ ਗਾਇਕਾਂ ਨੂੰ ਪ੍ਰਸਿੱਧੀ ਮਿਲਣ ਦੀ ਰਫਤਾਰ ਵੀ ਤੇਜ਼ ਹੋਈ ਹੈ। ਸਾਲਾਂ ਬੱਧੀ ਮਿਹਨਤ ਸਦਕਾ ਮਿਲਣ ਵਾਲੀ
ਪ੍ਰਸਿੱਧੀ ਹੁਣ ਹਫਤੇ-ਦਿਨਾਂ ਦੀ ਖੇਡ ਬਣ ਗਈ ਹੈ। ਅਜਿਹੇ ਤਟ-ਫਟ ਪ੍ਰਸਿੱਧੀ ਤੇ ਰਾਤੋ-ਰਾਤ ਸਟਾਰ ਬਣਨ ਦੇ ਯੁਗ ਵਿਚ ਕੱਲ੍ਹ ਤੱਕ ਹੱਥ ਜੋੜ ਕੇ ਨੀਵੇਂ ਹੋ ਕੇ ਮਿਲਦੇ ਰਹੇ ਗਾਇਕ ਹਿੱਟ ਹੋਣ ਉਪਰੰਤ ਆਪਣੇ ਸਰੋਤਿਆਂ ਤੇ ਪ੍ਰਸੰ਼ਸਕਾਂ ਨਾਲ ਆਪਣੇ ਵਰਤਾਉ ਵਿਚ ਅਚਾਨਕ ਤਬਦੀਲੀ ਲੈ ਆਊਂਦੇ ਹਨ। ਮੈਂ ਬਹੁਤੇ ਗਾਇਕਾਂ ਦੇ ਸਰੋਤਿਆਂ ਤੇ ਫੈਨਜ਼ ਦੀਆਂ ਆਪਣੇ ਹਰਮਨ ਪਿਆਰੇ ਗਾਇਕ ਪ੍ਰਤੀ ਸਿ਼ਕਾਇਤਾਂ ਤੇ ਰੋਸੇ ਆਪ ਸੁਣੇ ਹਨ ਕਿ ਹੁਣ ਉਨ੍ਹਾਂ ਦੇ ਚਹੇਤੇ ਗਾਇਕ ਪ੍ਰਸਿੱਧੀ ਦੀ ਲਹਿਰ 'ਤੇ ਸਵਾਰ ਹੋ ਕੇ ਬਹੁਤ ਹੀ ਉੱਚਾ ਵੇਖਣ ਲੱਗ ਪਏ ਹਨ। ਹੁਣ ਉਨ੍ਹਾਂ ਦੀਆਂ ਨਜ਼ਰਾਂ ਜ਼ਮੀਨ 'ਤੇ ਖੜ੍ਹੇ ਉਨ੍ਹਾਂ ਦੇ ਸੱਚੇ ਦਿਲੋਂ ਬਣੇ ਪ੍ਰਸੰਸਕਾਂ ਨੂੰ ਸਿਆਣਦੀਆਂ ਵੀ ਨਹੀਂ। ਬਿਲਕੁਲ ਸਹੀ ਹੈ ਅਕਸਰ ਹੀ ਅਜਿਹਾ ਹੁੰਦਾ ਹੈ ਜਿਵੇਂ ਕੋਈ ਲੀਡਰ ਵੋਟਾਂ ਮੰਗਣ ਵੇਲੇ ਹੱਥ ਜੋੜਦਾ ਗਧੇ ਨੂੰ ਵੀ ਬਾਪ ਕਹਿੰਦਾ ਹੈ ਤੇ ਜਿੱਤਣ ਤੋਂ ਬਾਅਦ ਆਪਣੇ ਹਲਕੇ ਦੇ ਰਾਹ ਵੀ ਭੁੱਲ ਜਾਂਦਾ ਹੈ। ਪੰਜਾਬ ਦੇ ਸੱਭਿਆਚਾਰਕ ਖੇਤਰ ਦੇ ਗਾਇਕਾਂ ਵਲੋਂ ਆਪਣੇ ਪ੍ਰਸੰਸਕਾਂ ਦੀ ਬੇਕਦਰੀ ਹੋਰ ਵੀ ਨਿਵਾਣਾਂ ’ਚ ਉੱਤਰਦੀ ਹੈ। ਮੈਨੂੰ 12 ਵਰ੍ਹੇ ਪਹਿਲਾਂ ਲੁਧਿਆਣਾ ਵਸਦੇ ਮੇਰੇ ਇਕ ਦੋਸਤ ਦੇ ਬੇਲੀ ਬਰਨਾਲਾ ਦੇ ਪੱਤਰਕਾਰ ਸੁਰਜੀਤ ਜੱਸਲ ਦੇ ਦਿਲੋਂ ਉੱਠੀ ਚੀਸ ਅਜੇ ਵੀ ਚੇਤੇ ਹੈ। ਉਹ ਆਪਣੇ ਦੋਸਤਾਂ ਨੂੰ ਦੱਸਦਾ ਹੁੰਦਾ ਕਿ ਕੈਨੇਡਾ ਵਸਦੇ ਹੁਣ ਪੰਜਾਬੀ ਦੇ ਚੋਟੀ ਦੇ ਗਾਇਕ ਨੇ ਜਦੋਂ ਪ੍ਰੋ• ਮੋਹਨ ਸਿੰਘ ਮੇਲੇ 'ਤੇ ਗੈਸਟ ਆਈਟਮ ਕੀਤੀ ਤੇ ਉਸਦੀ ਅਵਾਜ ਤੇ ਗੀਤ ਦੀ ਕੁਝ ਚਰਚਾ ਵੀ ਹੋਈ। ਤੇ ਉਸਨੇ ਇਹੀ ਗਾਣਾ ਹੋਰ ਵੀ ਕਈ ਥਾਂਈ ਗਾਇਆ ਤੇ ਇਸ ਪੱਤਰਕਾਰ ਨੇ ਉਸ ਵਕਤ ਦੇ ਇਸ ਬੇਨਾਮ ਗਾਇਕ ਦਾ ਇਕ ਆਰਟੀਕਲ ਪੰਜਾਬੀ ਟ੍ਰਿਬਿਊਨ ਵਿਚ ਛਪਵਾ ਦਿੱਤਾ ਇਹ ਬੇਨਾਮ ਗਾਇਕ ਹੱਥ ਵਿਚ ਅਖਬਾਰ ਫੜ ਕੇ ਬਰਨਾਲਾ ਸ਼ਹਿਰ ਵਿਚ ਲੋਕਾਂ ਨੂੰ ਪੁੱਛ-ਪੁੱਛ ਕੇ ਪੱਤਰਕਾਰ ਦੇ ਘਰ ਧੰਨਵਾਦ ਕਰਨ ਲਈ ਪੁੱਜਿਆ ਸੀ। ਬਾਅਦ ਵਿਚ ਪ੍ਰਸਿੱਧੀ ਦੀਆਂ ਸਿਖਰਾਂ ਛੂਹਣ ਉਪਰੰਤ ਇਹ ਗਾਇਕ ਆਪਣੇ ਪੱਤਰਕਾਰ ਮਿੱਤਰ ਨੂੰ ਸਟੇਜ ਤੋਂ ਹੀ ਵੇਖ ਕੇ ਮੁਸਕਰਾ ਦਿੰਦਾ ਤੇ ਹੌਲੀ ਹੌਲੀ ਉਸਦੀ ਹੱਥ ਮਿਲਣੀ ਵੀ ਢਿੱਲੀ ਜਿਹੀ ਪੈ ਗਈ ਤੇ ਫਿਰ ਉਹ ਗਾਇਕ ਇਸ ਪੱਤਰਕਾਰ ਦੀ ਪਹੁੰਚ ਤੋਂ ਹੀ ਬਾਹਰ ਹੋ ਗਿਆ। ਲੁਧਿਆਣੇ ਜਿਲ੍ਹੇ ਦਾ ਹੀ ਇਕ ਦੋਸਤ ਜੋ ਹੁਣ ਕੈਨੇਡਾ ਵਸਦਾ, ਇਥੇ ਵਿਦਿਆਰਥੀ ਜੀਵਨ ਵਿਚ ਹੀ ਭੰਗੜੇ ਦਾ ਵਧੀਆ ਕਲਾਕਾਰ ਸੀ ਜਿਸਨੇ ਆਪਣੇ ਪਿੰਡ ਵਿਖੇ ਪਹਿਲੀ ਵਾਰ ਢੋਲ ਦੇ ਡੱਗੇ ਤੇ ਭੁਪਿੰਦਰ ਗਿੱਲ ਦੀ ਅਵਾਜ਼ ਦੀ ਸਰੋਤਿਆਂ ਨਾਲ ਅਜਿਹੀ ਸਾਂਝ ਪੁਆਈ ਕਿ ਉਹ ਬੋਲੀਆਂ ਪਾਉਂਦਾ ਪਾਉਂਦਾ ਸਟਾਰ ਗਾਇਕ ਬਣ ਗਿਆ ਫਿਰ ਉਸਦੇ ਅਖਾੜੇ ਵੀ ਲੱਗਣ ਲੱਗ ਪਏ ਜਦੋਂ ਇਹ ਗਾਇਕ ਲੁਧਿਆਣੇ ਅਖਾੜਾ ਲਾਉਣ ਆਊਂਦਾ ਤਾਂ ਆਪਣੇ ਇਸ ਮਿੱਤਰ ਦੇ ਘਰੇ ਰੋਟੀ-ਪਾਣੀ ਛਕੇ ਬਿਨਾਂ ਨਾ ਲੰਘਦਾ ਫਿਰ ਉਸਨੇ ਇਕ ਗਾਇਕਾ ਨਾਲ ਜੋੜੀ ਬਣਾ ਲਈ ਤੇ ਦੇਸ-ਵਿਦੇਸ਼ ਵਿਚ ਪ੍ਰਸਿੱਧ ਹੋ ਗਿਆ ਤੇ ਆਪਣੇ ਮਿੱਤਰ ਦੇ ਗੁਆਂਢ ਪਿੰਡ ਵੀ ਅਖਾੜਾ ਲਾ ਕੇ ਬਿਨ੍ਹਾਂ ਮਿਲੇ ਮੁੜਨ ਲੱਗ ਪਿਆ। ਹੋਲੀ ਹੋਲੀ ਫੋਨ ਸੰਪਰਕ ਵੀ ਘਟ ਗਿਆ ਹੁਣ ਇਸ ਗਾਇਕ ਦੀ ਆਪਣੇ ਮੁਢਲੇ ਦਿਨਾਂ ਦੇ ਮਿੱਤਰ ਤੇ ਪ੍ਰਸ਼ੰਸਕ ਨਾਲ ਕੋਈ ਸਾਂਝ ਨਹੀ ਹੈ।
ਇਵੇਂ ਹੀ ਜਲੰਧਰ ਦਾ ਇਕ ਬਹੁਤ ਹੀ ਉੱਚੀ ਸੁਰ ਵਿਚ ਗਾਉਣ ਵਾਲਾ ਮਧਰੇ ਕੱਦ ਤੇ ਪੱਕੇ ਰੰਗ ਦਾ ਗਾਇਕ ਵੀ ਕਿਸੇ ਵੇਲੇ ਯਾਰਾਂ ਦੋਸਤਾਂ ਦਾ ਖੁਦ ਮੰਗ ਕੇ ਫੋਨ ਨੰਬਰ ਲੈਂਦਾ ਸੀ ਤੇ ਆਪਣੇ ਮਸ਼ਕੂਲੇ ਵਾਲੇ ਸੁਭਾਅ ਨਾਲ ਸਾਰਿਆਂ ਦਾ ਦਿਲ ਲਾਈ ਰੱਖਦਾ ਸੀ ਹਿੱਟ ਹੋਣ ਉਪਰੰਤ ਜਿਨ੍ਹਾਂ ਦਾ ਨੰਬਰ ਮੰਗ ਕੇ ਲੈਂਦਾ ਸੀ ਆਪਣੇ ਸੈਕਟਰੀ ਵਰਗੇ ਭਰਾ ਨੂੰ ਕਹਿ ਕੇ ਉਹਨਾਂ ਦੀਆਂ ਕਾਲਾਂ ਹੀ ‘ਬਾਰ’ ਕਰਵਾ ਲਈਆਂ। ਭਾਵੇਂ ਹੁਣ ਕਲਾਕਾਰ ਨੂੰ ਟੀ ਵੀ ਚੈਨਲ ਤੇ ਮੀਡੀਆ ਹੀ ਉੱਚੀਆਂ ਉਡਾਰੀਆਂ ਲਵਾਉਂਦਾ ਹੈ। ਫਿਰ ਬੀਤੇ ਸਮੇਂ ਵਿਚ ਕਿਸੇ ਗਾਇਕ ਦੀ ਵਧੀਆ ਗਾਇਕੀ ਸਦਕਾ ਹੀ ਉਸਦੇ ਹਜ਼ਾਰਾਂ ਪ੍ਰਸੰਸਕ ਤੇ ਫੈਨਜ ਬਣਦੇ ਸਨ ਤੇ ਆਪਣੇ ਚਹੇਤੇ ਗਾਇਕ ਦੀ ਗਾਇਕੀ ਨੂੰ ਸੁਣਨ ਲਈ ਮੀਲਾਂ ਦਾ ਸਫਰ ਤੈਅ ਕਰਕੇ ਪੁੱਜਦੇ ਸਨ ਪਰ ਅੱਜ ਦੇ ਦਿਨਾਂ ਵਿਚ ਹੀ ਪ੍ਰਸਿੱਧ ਹੋਏ ਗਾਇਕਾਂ ਨੇ ਤਾਂ ਆਪਣੇ ਪ੍ਰਸ਼ੰਸਕਾਂ ਨੂੰ ਡਾਹਢਾ ਨਿਰਾਸ਼ ਕਰ ਰੱਖਿਆ ਹੈ। ਬੀਤੇ ਸਾਲਾਂ ਵਿਚ ਪੰਜਾਬ ਦੀ ਇਕ ਬੀਬੀ ਦੀ ਅਵਾਜ਼ 100 ਤੋਂ ਵੱਧ ਅਵਾਜਾਂ ਨੇ ਖਰੀਦ ਲਈ ਭਾਵ ਮਿਸ ਪੂਜਾ ਨਾਲ ਗਾਉਣ ਲਈ ਹਰੇਕ ਗਾਇਕ ਤਰਲੋ ਮੱਛੀ ਹੁੰਦਾ ਰਿਹਾ ਤੇ ਜਦੋਂ ਉਸ ਗਾਇਕ ਦਾ ਮਿਸ ਪੂਜਾ ਨਾਲ ਇਕ ਗਾਣਾ ਹਿੱਟ ਹੋ ਗਿਆ ਤਾਂ ਉਹ ਪੈਰਾਂ ਹੇਠਲੀ ਜ਼ਮੀਨ ਹੀ ਛੱਡ ਗਿਆ। ਕਈ ਗਾਇਕਾਂ ਦੇ ਮਿੱਤਰ ਤੇ ਪ੍ਰਸ਼ੰਸਕ ਤਾਂ ਇਹ ਕਹਿੰਦੇ ਵੀ ਸੁਣੇ ਗਏ ਕਿ 'ਫੇਰ ਕੀ ਤੂੰ ਰੱਬ ਹੋ ਗਿਆ ਗਾਣਾ ਮਿਸ ਪੂਜਾ ਨਾਲ ਗਾ ਕੇ'। ਸਹੀ ਅਰਥਾਂ ਵਿਚ ਗਾਇਕਾਂ ਦੀ ਧਾਰਨਾ ਵੀ ਮਿਸ ਪੂਜਾ 'ਤੇ ਹੀ ਟਿਕੀ ਰਹੀ। ਜਿਵੇਂ ਕਿ ਹੇਠਲੀਆਂ ਸਤਰਾਂ 'ਚੋਂ ਵੀ ਉਭਰਦਾ ਹੈ:
ਸੈਂਕੜੇ ਗਾਇਕ ਬਣਾਏ ਨੀ ਤੂੰ ਮਿਸ ਪੂਜਾ
ਗਾਇਕਾਂ ਲਈ ਬਣੀ ਤੂੰ ਰੱਬ ਦਾ ਨਾਂ ਦੂਜਾ
ਤੂੰ ਜੇ ਨਾ ਚਾੜ੍ਹੀ ਸਾਡੀ ਗੁੱਡੀ ਵਿਚ ਅਸਮਾਨਾਂ ਦੇ
ਫਿਰ ਦੱਸ ਕਿਹੜਾ ਭੜੂਆ ਸਾਨੂੰ ਗਾਇਕ ਕਹੂਗਾ।
ਵੈਸੇ ਇਹ ਸਾਫ ਦਿਲ ਪ੍ਰਸ਼ੰਸਕਾਂ ਦਾ ਭਰਮ ਹੀ ਹੁੰਦਾ ਹੈ ਕਿ ਉਨ੍ਹਾਂ ਦਾ ਚਹੇਤਾ ਗਾਇਕ ਹਿੱਟ ਹੋ ਕੇ ਵੀ ਪਹਿਲਾਂ ਵਰਗਾ ਵਤੀਰਾ ਹੀ ਰੱਖੇਗਾ। ਕਲਾਕਾਰ ਕੋਈ ਸੰਤ ਨਹੀਂ ਉਹ ਜਦੋ ਆਪਣੀ ਅਵਾਜ ਜਾਂ ਗਾਇਕੀ ਦੇ ਮਿਆਰ ਜਾਂ ਫਿਰ ਜੋੜ-ਤੋੜ ਰਾਹੀਂ ਪ੍ਰਸਿੱਧ ਹੂੰਦਾ ਹੈ ਤਾਂ ਹਾਊਮੇ ਤੇ ਹੰਕਾਰ ਦੀ ਪੰਡ ਵੀ ਨਾਲ ਹੀ ਸਿਰ 'ਤੇ ਚੁੱਕ ਲੈਂਦਾ ਹੈ। ਉਸਦੇ ਪ੍ਰਸ਼ੰਸਕ ਤੇ ਫੈਨਜ ਉਸਦੀ ਇਕ ਇਕ ਝਲਕ ਪਾਉਣ ਲਈ ਤਰਸਦੇ ਹਨ ਉਸਨੂੰ ਆਪਣਾ ਪਹਿਲਾ ਵਰਗਾ ਪਿਆਰ-ਸਤਿਕਾਰ ਦੇਣ ਲਈ ਉਸਦੇ ਕੱਪੜੇ ਖਿਚਦੇ ਹਨ ਅੰਤ ਨਿਰਾਸ਼ ਹੋ ਕੇ ਮੁੜਦੇ ਹਨ ਮੈਂ ਗਾਇਕਾਂ ਨੂੰ ਨਿੱਜੀ ਤੌਰ ਤੇ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਬਹੁਤੇ ਕਲਕਾਰਾਂ ਦਾ ਆਪਣੇ ਫੈਨਜ ਨੂੰ ਦੂਰ ਹੀ ਰੱਖਣਾ ਤੇ ਉਨਾਂ ਦੀਆਂ ਅੰਤਰੀਵ ਭਾਵਨਾਵਾਂ ਨਾਂ ਸਮਝਣੀਆਂ ਇਕ ਰੁਝਾਨ ਹੀ ਬਣ ਗਿਆ ਹੈ ਗਾਇਕਾਂ ਦੇ ਪ੍ਰਸ਼ੰਸਕ ਤੇ ਫੈਨਜ ਆਪਣੇ ਚਹੇਤੇ ਗਾਇਕਾਂ ਦੇ ਬਦਲੇ ਵਤੀਰੇ ਤੋਂ ਨਿਰਾਸ਼ ਹੋਣ ਦੀ ਥਾਂ ਅਜਿਹੇ ਢੰਗ ਨਾਲ ਆਪਣਾ ਰੋਸਾ ਉਸ ਬਦਲੇ ਗਾਇਕ ਤੱਕ ਪਹੁਚਾਉਣ ਕਿ ਉਸਨੂੰ ਮਾੜੀ ਜਿਹੀ ਸ਼ਰਮ ਆਵੇ ਤੇ ਗਾਇਕ ਆਪਣੇ ਫੈਨਜ ਦੀਆਂ ਭਾਵਨਾਵਾਂ ਸਮਝਦਿਆਂ ਉਨ੍ਹਾਂ ਦੀ ਕਦਰ ਕਰਨ ਲਈ ਮਜਬੂਰ ਹੋ ਜਾਵੇ।ਜ਼ਰੂਰੀ ਨਹੀਂ ਕਿ ਸਾਰੇ ਹੀ ਕਲਾਕਾਰ ਅਜਿਹੇ ਹੋਣ ਬਹੁਤੇ ਹਿੱਟ ਕਲਾਕਾਰ ਆਪਣੇ ਸੰਘਰਸ਼ ਸਮੇਂ ਦੇ ਦੋਸਤਾਂ ਦਾ ਫੋਨ ਆਉਣ ਤੇ ਉਹਨਾਂ ਨੂੰ ਨਾਮ ਲੈ ਕੇ ਬੁਲਾਉਂਦੇ ਹਨ।
ਪਰ ਨਾਲ ਹੀ ਮੈਂ ਨਿੱਜੀ ਤੌਰ ਤੇ ਪ੍ਰਸ਼ੰਸਕਾਂ ਨੂੰ ਇਹ ਸੁਝਾਅ ਵੀ ਦੇਣਾ ਚਾਹੁੰਦਾ ਹਾਂ ਕਿ ਕਿਸੇ ਵੀ ਇਨਸਾਨ ਦੀ ਸਖਸ਼ੀਅਤ ਦੇ ਕਲਾ ਅਤੇ ਇਨਸਾਨੀਅਤ ਦੋ ਪੱਖ ਹੁੰਦੇ ਹਨ। ਜ਼ਰੂਰੀ ਨਹੀਂ ਕਿ ਜਿਹੜਾ ਕਲਾਕਾਰ ਵਧੀਆ ਹੋਵੇ, ਸੁਰਾਂ ਦਾ ਗਿਆਨ ਰੱਖਦਾ ਹੋਵੇ ਤੇ ਮਾਰਕੀਟ ਵਿਚ ਹਿੱਟ ਹੋਵੇ ਉਹ ਵਧੀਆ ਇਨਸਾਨ ਵੀ ਹੋਵੇ। ਦੂਜੀ ਗੱਲ ਸਰੋਤਿਆਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਨਾਸ਼ਵਾਨ ਮਨੁੱਖੀ ਸਰੀਰ ਤੇ ਕਦੇ ਵੀ ਮਾਣ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਕਿਸੇ ਵੀ ਸਟਾਰ ਦੇ ਮਗਰ ਭੱਜਣ ਲੱਗ ਪੈਂਦੇ ਹਾਂ ਜਦਕਿ ਉਸਦੀ ਕਲਾ ਨੂੰ ਪਿਆਰ ਕਰਨਾ ਚਾਹੀਦਾ ਹੈ ਜੋ ਕਿ ਸਦੀਵੀ ਹੈ। ਜੇਕਰ ਸਰੋਤੇ ਇਹ ਗੱਲ ਸਮਝ ਲੈਣ ਤੇ ਇਹਨਾਂ ਸਟਾਰ ਕਲਾਕਾਰਾਂ ਦੇ ਮਗਰ ਭੱਜਣਾਂ ਛੱਡ ਕੇ ਸਿਰਫ ਉਹਨਾਂ ਦੀ ਕਲਾ ਦੀ ਹੀ ਕਦਰ ਕਰਨ ਤਾਂ ਇਹਨਾਂ ਕਲਾਕਾਰਾਂ ਹੱਥੋਂ ਬੇਇੱਜ਼ਤ ਹੋਣੋਂ ਤਾਂ ਬਚਣਗੇ ਹੀ ਸਗੋਂ ਇਕ ਨਾ ਇਕ ਦਿਨ ਇਹਨਾਂ ਕਲਾਕਾਰਾਂ ਨੂੰ ਵੀ ਸਰੋਤਿਆਂ ਦੇ ਪਿਆਰ ਦੀ ਕਦਰ ਜ਼ਰੂਰ ਹੋਵੇਗੀ।
ਅਜਮੇਰ ਚਾਨਾ
ਪਿੰਡ ਕਟਾਣਾ, ਡਾਕ ਅੱਪਰਾ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ।
9815764582

No comments:

Post a Comment