Thursday, 21 April 2011

ਕਨੇਡਾ ਵਿਚ ਮਾਂ-ਬੋਲੀ ਦੀ ਸੇਵਾ ਦਾ ਬੀੜਾ ਚੁੱਕਣ ਵਾਲੇ 
ਸ: ਗੁਰਜੀਤ ਸਿੰਘ ਸਾਂਗਰਾ

ਜਿਨ੍ਹਾਂ ਅੰਦਰ ਆਪਣੀ ਬੋਲੀ, ਆਪਣੇ ਦੇਸ਼ ਅਤੇ ਆਪਣੇ ਸੱਭਿਆਚਾਰ ਲਈ ਕੁਝ ਕਰ ਵਿਖਾਉਣ ਦਾ ਜ਼ਜਬਾ ਸਮੋਇਆ ਹੋਇਆ ਹੈ, ਆਪਣੀ ਮਿੱਟੀ, ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਜੋੜੀ ਰੱਖਣ ਦੀ ਤਾਂਘ ਠਾਠਾਂ ਮਾਰਦੀ ਹੈ, ਧੁਰ ਅੰਦਰੋਂ ਪ੍ਰਗਟ ਹੋਈ ਭਾਵਨਾ ਦੀ ਕਲਮ ਰਾਹੀਂ ਨਿਕਲੀ ਤਾਕਤ ਨੂੰ ਪਛਾਨਣ ਦੀ ਸਮਝ ਹੈ ਅਤੇ ਸਬਦਾਂ ਦੀ ਸਹੀ ਵਰਤੋਂ  ਨਾਲ ਆਪਣਿਆ ਨੂੰ ਆਪਣਿਆ ਬਾਰੇ ਜਾਣਕਾਰੀ ਦੇਣ ਲਈ ਇਕ ਸਹੀ ਦਿਸ਼ਾ ਵੱਲ ਕਦਮਾ ਨੂੰ ਮੋੜਨ ਦੀ ਭਾਵਨਾ ਹੰਦੀ ਹੈ, ਉਹ ਬੇਗਾਨੇ ਸੱਭਿਆਚਾਰ ਵਿਚ ਰਹਿ ਕੇ ਵੀ ਆਪਣੇ ਸੱਭਿਆਚਾਰ ਦਾ ਫੈਲਾਅ ਕਰਨ ਲਈ ਉਪਰਾਲੇ ਕਰਦੇ ਰਹਿੰਦੇ ਹਨ ਤਾਂ ਕਿ ਆਪਣੇ ਫਰਜਾਂ ਨੂੰ ਨਿਭਾਉਣ ਦਾ ਅਮਲੀ ਜਾਮਾ ਪਹਿਨਾਇਆ ਜਾ ਸਕੇ। ਠੀਕ ਇਸੇ ਤਰਾਂ ਹੀ ਕੀਤਾ ਹੈ ਕੈਨੇਡਾ ਨਿਵਾਸੀ ਸਾਬਤ ਸੂਰਤ ਸਿੰਘ ਸ: ਗੁਰਜੀਤ ਸਿੰਘ ਸਾਂਗਰਾ ਨੇ ਜਿਹੜੇ ਕਿ 31 ਅਗਸਤ 1977 ਵਿਚ ਖੂਨ ਦੇ ਰਿਸਤੇ ਨਾਤੇ ਆਪਣੇ ਮਾਤਾ-ਪਿਤਾ ਗਿਆਨੀ ਗੁਰਬਚਨ ਸਿੰਘ ਅਤੇ ਬੀਬੀ ਹਰਮਿੰਦਰ ਕੌਰ ਵਾਸੀ ਨੂਰਪੁਰ ਜੱਟਾਂ ਨਾਲ ਨਾਲ ਕਨੇਡਾ ਗਏ। 1958 'ਚ ਜਨਮੇ ਸ: ਸਾਂਗਰਾ ਨੇ ਕਨੇਡਾ ਜਾ ਕੇ ਆਪਣੇ ਪਰਿਵਾਰਕ ਫਰਜਾਂ ਦੇ ਨਾਲ-ਨਾਲ ਉਨ੍ਹਾਂ ਕਰੀਬ 5 ਸਾਲ ਮਾਸਿਕ ਮੈਗਜੀਨ 'ਰਚਨਾ' ਦੇ ਸੰਪਾਦਕ ਰਹੇ। ਮਗਰੋਂ ਕਨੇਡਾ ਦਰਪਣ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਫੁਲਵਾੜੀ ਨਾਂਅ ਦੇ ਮਾਸਿਕ ਅਤੇ ਪੰਦਰਵਾੜਾ ਮੈਗਜੀਨ ਵੀ ਕੱਢਦੇ ਰਹੇ। ਅਖੀਰ ਜਦੋਂ ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਅਤੇ ਜਿਆਦਾਤਰ ਪੰਜਾਬੀ ਮੈਗਜੀਨ ਕਤਲੋਗਾਰਦ ਆਦਿਕ ਵਰਗੀਆਂ ਖਬਰਾਂ ਨਾਲ ਹੀ ਭਰੇ ਮਿਲਣ ਲੱਗੇ ਤਾਂ ਇਸ ਮਾਹੌਲ ਨੂੰ ਵੀ ਨਾਲ ਲੈ ਕੇ ਚੱਲਦਿਆਂ ਥੋੜਾ ਹੱਟਕੇ ਵੀ ਦੇਣ ਦੀ ਸੋਚ ਨਾਲ ਸ: ਗੁਰਜੀਤ ਸਿੰਘ ਸਾਂਗਰਾ ਨੇ ਫੁਲਵਾੜੀ ਮੈਗਜੀਨ ਕੱਢਿਆ, ਜਿਹੜਾ ਕਿ 1984 ਤੋਂ ਲੈ ਕੇ ਹੁਣ ਤੱਕ ਸਫਲਤਾ ਪੂਰਵਕ ਚੱਲ ਰਿਹਾ ਹੈ ਤੇ ਇਸ ਵਕਤ ਇਸ ਮੈਗਜ਼ੀਨ ਦੇ ਸੰਪਾਦਕ ਤੇ ਪ੍ਰਕਾਸ਼ਕ ਕੁਲਦੀਪ ਸਿੰਘ ਮੱਲ੍ਹੀ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਮੈਗਜੀਨ ਵਿਚ ਛੱਪਣ ਵਾਲੀਆਂ ਲਗਭਗ ਸਾਰੀਆਂ ਹੀ ਲਿਖਤਾਂ ਨੂੰ ਉਹ ਚੰਗੀ ਤਰਾਂ ਵਾਚਦੇ ਹਨ। ਸਾਂਗਰਾ ਨਾਲ ਗੱਲਬਾਤ ਕਰਨ ਤੋਂ ਪਤਾ ਚੱਲਿਆ ਕਿ ਗੁਰਬਾਣੀ ਨਾਲ ਅਥਾਹ ਪਿਆਰ ਰੱਖਦੇ ਹਨ, ਕਾਫੀ ਹੱਦ ਤੱਕ ਸਹਿਣਸ਼ੀਲਤਾ, ਵਿਚਾਰਾਂ ਦੀ ਸਾਂਝ ਕਰਨ ਦੀ ਸ਼ਕਤੀ ਅਤੇ ਕਲਮਾ ਦਾ ਸਤਿਕਾਰ ਕਰਨ ਦੀ ਭਾਵਨਾ ਹੈ। ਭਲੇ ਹੀ ਗੁਰਮਤਿ ਨੂੰ ਸਮਰਪਤਿ ਭਾਵਨਾ 'ਚ ਲੀਨ ਹਨ, ਪਰ ਪਾਠਕਾਂ ਦੀ ਮੰਗ ਮੁਤਾਬਕ ਫੁਲਵਾੜੀ ਮੈਗਜੀਨ ਵਿਚ ਉਹ ਹਾਲੀਵੁੱਡ, ਬਾਲੀਵੁੱਡ ਆਦਿ ਖਬਰਾਂ, ਕਿੱਸਾ ਕਾਵਿ, ਪੰਜਾਬ ਦੀਆ ਖਬਰਾਂ, ਕਵਿਤਾਵਾਂ ਆਦਿ ਸਮੇਤ ਹੋਰ ਸਮੱਗਰੀ ਨੂੰ ਵੀ ਅਹਿਮੀਅਤ ਦਿੱਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਵਰਗ ਦਾ ਪਾਠਕ ਆਪਣੀ ਮਨਪਸੰਦ ਰਚਨਾ ਪੜ੍ਹਨ ਤੋਂ ਵਾਂਝਾ ਨਾ ਰਹਿ ਜਾਵੇ। ਆਪ ਜੀ ਦਾ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਵਲੋਂ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚੋਂ 1994 ਵਿਚ ਇੰਡੋ ਕੈਨੇਡੀਅਨ ਐਜੂਕੇਸ਼ਨ ਐਸੋਸੀਏਸ਼ਨ ਵਲੋਂ ਪ੍ਰਿਥਵੀ ਰਾਜ ਕਪੂਰ ਪਰਸਕਾਰ ਅਤੇ 1996 ਵਿਚ ਸ਼ੌਕੀ ਮੇਲਾ ਮਾਹਿਲਪੁਰ (ਹੁਸ਼ਿਆਰਪੁਰ) ਤੇ ਪਰਵਾਸੀ ਪੱਤਰਕਾਰ ਵਜੋਂ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਆਪ ਜੀ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ।
ਇਸ ਵੇਲੇ ਸ ਗੁਰਜੀਤ ਸਿੰਘ ਸਾਂਗਰਾ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਆਪਣੀ ਪਤਨੀ ਬੀਬੀ ਗੁਰਦੀਪ ਕੌਰ ਤੋਂ ਇਲਾਵਾ ਪੁੱਤਰਾਂ ਗੁਰਨੇਕ ਸਿੰਘ, ਰਮੀਤ ਸਿੰਘ ਅਤੇ ਪੁੱਤਰੀਆਂ ਕਰਮਜੀਤ ਕੌਰ, ਪ੍ਰਭਜੋਤ ਕੌਰ ਨਾਲ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਹਨ।

No comments:

Post a Comment