Friday, 13 May 2011

ਕੁੜੀਏ ਕਿਸਮਤ ਰੁੜ੍ਹੀਏ ਕੁਝ ਤਾਂ ਕਰ ਖਿਆਲ ਕੁੜੇ……….

        ਮੈਂ ਕੋਈ ਬਹੁਤਾ ਪ੍ਰਪੱਕ ਲੇਖਕ ਤਾਂ ਨਹੀਂ ਪਰ ਪੱਤਰਕਾਰਿਤਾ ਦੇ ਖੇਤਰ ਨਾਲ ਜੁੜੇ ਹੋਣ ਕਾਰਨ ਆਮ ਜ਼ਿੰਦਗੀ ਵਿਚ ਵਾਪਰ ਰਹੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਹੋ ਕੇ ਤੱਕਣ ਦਾ ਮੌਕਾ ਮਿਲਦਾ ਰਹਿੰਦਾ ਹੈ। ਭਾਵੇਂ ਕਿ ਮੇਰਾ ਮਨ ਬਜ਼ੁਰਗਾਂ ਦੇ ਕੋਲ ਬੈਠ ਕੇ ਉਹਨਾਂ ਦੇ ਜੀਵਨ ਤਜ਼ਰਬੇ ਬਾਰੇ ਗੱਲਾਂ ਕਰਕੇ ਬਹੁਤਾ ਖੁਸ਼ ਹੁੰਦਾ ਹੈ ਪਰ ਪਰ ਹਾਣੋ ਹਾਣੀ ਹੋਣ ਕਾਰਨ ਜ਼ਿਆਦਾਤਰ ਨੌਜ਼ਵਾਨ ਦੋਸਤਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਉਹਨਾਂ ਦੇ ਮਨਾਂ ਅੰਦਰਲੀ ਭੜਾਸ ਕੱਢਣ ਦਾ ਮੌਕਾ ਵੀ ਪ੍ਰਦਾਨ ਕਰਦਾ ਹਾਂ। ਮੈਂ ਅਪਣੀਆਂ ਖਬਰਾਂ ਦੇ ਮਾਧਿਅਮ ਨਾਲ ਭਰੂਣ ਹੱਤਿਆ ਦੇ ਖਿਲਾਫ ਵੱਧ ਤੋਂ ਵੱਧ ਸੁਨੇਹਾ ਲੋਕਾਂ ਵਿਚ
ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹਾਂ ਤੇ ਇਸ ਨੂੰ ਰੋਕਣ ਲਈ ਚੱਲ ਰਹੀ ਮੁਹਿੰਮ ਵਿਚ ਆਪਣੀ ਬਣਦੀ ਡਿਊਟੀ ਨਿਭਾਅ ਰਿਹਾ ਹਾਂ। ਇਕ ਪੱਤਰਕਾਰ ਦਾ ਖੇਤਰ ਸਿਰਫ ਖਬਰਾਂ ਤੇ ਹੀ ਨਿਰਭਰ ਨਹੀਂ ਰਹਿੰਦਾ ਉਸ ਨੂੰ ਆਪਣੇ ਮਿੱਤਰਾ ਸੱਜਣਾ ਦੇ ਮਸਲੇ ਹੱਲ ਕਰਵਾਉਣ ਤੋਂ ਇਲਾਵਾ ਸਮਾਜਿਕ ਫਰਜ਼ ਵੀ ਨਿਭਾਉਣੇ ਪੈਂਦੇ ਹਨ।ਇਸ ਤਰ੍ਹਾਂ ਮੇਰੇ ਨਾਲ ਵੀ ਵਾਪਰਦਾ ਹੈ ਤੇ ਬਹੁਤੇ ਲੋਕ ਮੇਰੇ ਕੋਲ ਆਪਣੇ ਘਰਾਂ ਦੀਆਂ ਮੁਸੀਬਤਾਂ ਜਾ ਹੋਰ ਕੰਮਾਂ ਕਾਰਾਂ ਸਬੰਧੀ ਸਲਾਹ ਲੈਣ ਆਉਂਦੇ ਹਨ ਪ੍ਰੰਤੂ ਸਭ ਤੋਂ ਜ਼ਿਆਦਾ ਮੈਂ ਉਸ ਵਕਤ ਦੁਖੀ ਹੁੰਦਾ ਹਾਂ ਜਦੋਂ ਇਕ ਜੁਆਨ ਤੇ ਪੜ੍ਹੀ ਲਿਖੀ ਕੁੜੀ ਦਾ ਪਿਤਾ ਉਸ ਦੀ ਬੇਦਖਲੀ ਅਖਬਾਰ ਵਿਚ ਕਢਵਾਉਣ ਲਈ ਆਉਂਦਾ ਹੈ ਤੇ ਨਾਲ ਹੀ ਸਾਰੀ ਵਿਥਿਆ ਆਪਣੇ ਹੰਝੂ ਆਪਣੇ ਵਲੋਂ ਬਣਾਏ ਗਏ ਹਲਫੀਆ ਬਿਆਨ ਤੇ ਸੁੱਟ ਕੇ ਸੁਣਾਉਂਦਾ ਹੈ। ਪਿਆਰ ਕਰਨਾ ਕੋਈ ਗੁਨਾਹ ਨਹੀਂ ਸਾਡੇ ਭਾਰਤੀ ਕਨੂੰਨ ਮੁਤਾਬਿਕ ‘ਲਵ ਮੈਰਿਜ’ ਪੂਰੀ ਤਰ੍ਹਾਂ ਜਾਇਜ਼ ਹੈ ਪ੍ਰੰਤੂ ਆਪਣੇ ਪਿਆਰ ਨੂੰ ਪ੍ਰਵਾਨ ਚੜ੍ਹਾਉਣ ਲਈ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਨਾਲ ਖੇਡਣਾ ਅਤੇ ਅਤੇ ਆਪਣੇ ਹੀ ਪਿੰਡ ਤੇ ਆਪਣੇ ਹੀ ਗੁਆਂਢ ਵਿਆਹ ਕਰਵਾਉਣਾ ਸਮਾਜਿਕ ਕਦਰਾਂ ਕੀਮਤਾਂ ਦਾ ਘਾਣ ਕਰਨ ਦੇ ਬਰਾਬਰ ਹੈ।ਆਮ ਤੌਰ ਤੇ ਹਰ ਮਾਂ ਬਾਪ ਵਲੋਂ ਆਪਣੀ ਬੇਟੀ ਨੂੰ ਭਰਪੂਰ ਪਿਆਰ ਦਿੱਤਾ ਜਾਂਦਾ ਹੈ ਤੇ ਉਸ ਦੀ ਹਰ ਖਵਾਹਿਸ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਜਿਸ ਦਿਨ ਧੀ ਆਟਾ ਗੁੰਨਣ ਜੋਗੀ ਹੋ ਜਾਂਦੀ ਹੈ ਤਾਂ ਮਾਂ ਨੂੰ ਆਪਣੇ ਨਾਲ ਹੱਥ ਵਟਾਉਣ ਦੀ ਖੁਸ਼ੀ ਨਾਲੋਂ ਜ਼ਿਆਦਾ ਉਸ ਦੇ ਵਿਆਹ ਦੀ ਚਿੰਤਾ ਹੁੰਦੀ ਤੇ ਮਾਂ ਬਾਪ ਉਸ ਨੂੰ ਵਧੀਆ ਘਰ ਤੋਰਨ ਅਤੇ ਉਸ ਨੂੰ ਉੱਚ ਵਿਦਿਆ ਦਵਾਉਣ ਸਬੰਧੀ ਆਪਣੀਆਂ ਸਭ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰੀਆਂ ਕਰਨ ਲਗ ਪੈਂਦੇ ਹਨ। ਪ੍ਰੰਤੂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੀ ਕੁੜੀ ਉਹਨਾਂ ਦੇ ਹੀ ਗੁਆਂਢ ਦੇ ਮੁੰਡੇ ਨੂੰ ਦਿਲ ਦੇ ਬੈਠੀ ਹੁੰਦੀ ਹੈ ਤੇ ਉਸ ਨਾਲ ਮੁਲਾਕਾਤ ਕਰਨ ਲਈ ਆਪਣੇ ਮਾ ਬਾਪ ਨੂੰ ਨੀਂਦ ਦੀਆਂ ਗੋਲੀਆਂ ਜੋ ਕਿ ੳਸ ਦੇ ਦੋਸਤ ਵਲੋਂ ਮਹੁੱਈਆ ਕਰਵਾਈਆਂ ਜਾਂਦੀਆਂ ਹਨ, ਕਿਸੇ ਨਾ ਕਿਸੇ ਚੀਜ਼ ਵਿਚ ਦੇ ਕੇ ਉਹਨਾਂ ਨੂੰ ‘ਗੂੜ੍ਹੀ ਨੀਂਦ’ ਸੁਆ ਰਹੀ ਹੁੰਦੀ ਹੈ । ਇਸ ਤਰਾਂ ਕਈ ਮਹੀਨੇ ਤੱਕ ਚੱਲਦਾ ਰਹਿੰਦਾ ਹੈ।ਉਹ ਇਸ ਗੱਲ ਤੋਂ ਅਣਜਾਣ ਹੁੰਦੀ ਹੈ ਕਿ ਨੀਂਦ ਦੀ ਗੋਲੀ ਵਿਚਲਾ ਸਾਲਟ ਜੇਕਰ ਵਾਰ ਵਾਰ ਵਰਤੋਂ ਵਿਚ ਲਿਆਂਦਾ ਜਾਵੇ ਤਾਂ ਇਨਸਾਨ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋ ਸਕਦਾ ਹੈ ਜਾਂ ਫਿਰ ਉਸ ਦੇ ਗੁਰਦੇ ਖਰਾਬ ਹੋ ਸਕਦੇ ਹਨ ਤੇ ਉੁਹ ਆਪਣੀ ਜਾਨ ਤੋਂ ਵੀ ਜਾ ਸਕਦਾ ਹੈ। ਪ੍ਰੰਤੂ ਇਸ਼ਕ ਵਿਚ ਅੰਨ੍ਹੀਆਂ ਮੁਟਿਆਰਾਂ ਨੂੰ ਇਸ ਚੀਜ਼ ਦਾ ਫਿਕਰ ਨਹੀਂ ਹੁੰਦਾ ਉਹ ਤਾਂ ਸਿਰਫ ਅਰਜਨ ਵਲੋਂ ਵੇਖੀ ਜਾ ਰਹੀ ਮੱਛੀ ਦੀ ਅੱਖ ਵਾਂਗੂੰ ਸਿਰਫ ਤੇ ਸਿਰਫ ਆਪਣੇ ਪ੍ਰੇਮੀ ਨੂੰ ਆਪਣੇ ਦਿਲੋ ਦਿਮਾਗ ਵਿਚ ਰੱਖਦੀਆਂ ਹਨ ਤੇ ਉਸ ਦੀ ਖੁਸ਼ੀ ਤੇ ਉਸ ਨੂੰ ਮਿਲਣ ਲਈ ਹਰ ਇਕ ਚੀਜ਼ ਦਾ ਤਿਆਗ ਕਰਦੀਆਂ ਹਨ ਇੱਥੋਂ ਤੱਕ ਕਿ ਘਰ ਦੇ ਪੈਸਿਆਂ ਵਿਚੋਂ ਵੀ ਪੈਸੇ ਕੱਢ ਕੱਢ ਕੇ ਆਪਣੇ ਆਸ਼ਕ ਨੂੰ ਪਹੁੰਚਾਉਂਦੀਆਂ ਹਨ ਤੇ ਮਾਂ ਬਾਪ ਆਪਣੀ ਧੀ ਨੂੰ ‘ਸੁਲੱਖਣੀ’ ਹੀ ਸਮਝਦੇ ਰਹਿੰਦੇ ਹਨ। ਆਖਰ ਉਹਨਾਂ ਨੂੰ ਉਸ ਦਿਨ ਪਤਾ ਲੱਗਦਾ ਹੈ ਜਿਸ ਦਿਨ ਉਹ ਘਰ ਵਿਚ ਪਏ ਸਾਰੇ ਪੈਸੇ ਤੇ ਗਹਿਣੇ ਆਦਿ ਲੈ ਕੇ ਆਪਣੇ ਆਸ਼ਕ ਨਾਲ ਘਰੋਂ ਚਲੀ ਜਾਂਦੀ ਹੈ ਤੇ 15 ਦਿਨ ਬਾਅਦ ਘਰ ਵਿਚ ਹਾਈਕੋਰਟ ਦਾ ਨੋਟਿਸ ਆਉਂਦਾ ਹੈ ਕਿ ‘ਮੇਰਾ ਗੂੰਹ ਮੂਤ ਚੁੱਕਣ ਵਾਲੇ ਤੇ ਮੇਰੇ ਲਈ ਹਰ ਇਕ ਮੁਸੀਬਤ ਝੱਲਣ ਵਾਲੇ ਮੇਰੇ ਮਾਂ ਬਾਪ ਤੋਂ ਮੈਨੂੰ ਖਤਰਾ ਹੈ’ ਤੇ ਡੀ ਐਸ ਪੀ ਸਾਹਿਬ ਉਸਦੇ ਮਾਂ ਬਾਪ ਨੂੰ ਥਾਣੇ ਸੱਦ ਕੇ ਉਹਨਾਂ ਤੋਂ ਲਿਖਤੀ ਬਿਆਨ ਕਰਵਾਉਂਦੇ ਹਨ ਕਿ ਸਾਨੂੰ ਇਹਨਾਂ ਦੀ ਸ਼ਾਦੀ ਤੇ ਕੋਈ ਇਤਰਾਜ਼ ਨਹੀਂ ਤੇ ਇਹ ਆਪਣਾ ਜੀਵਨ ਬਸਰ ਕਰ ਸਕਦੇ ਹਨ ਤੇ ਕੁਝ ਦਿਨਾਂ ਬਾਅਦ ਹੀ ਉਹ ਕੁੜੀ ਦੇ ਵਕੀਲ ਦਾ ਨੋਟਿਸ ਆਉਂਦਾ ਹੈ ਕਿ ਜਾਇਦਾਦ ਵਿਚੋਂ ਕੁੜੀ ਨੂੰ ਬਣਦਾ ਹਿੱਸਾ ਦਿੱਤਾ ਜਾਵੇ। ਉਹਨਾਂ ਮਾਂ ਬਾਪ ਦੇ ਦਿਲ ਤੇ ਦਿਮਾਗ ਵਿਚ ਹੋ ਰਹੀ ਟੱਕਰ ਦੀ ਚੀਸ ਦਾ ਅਹਿਸਾਸ ਸਿਰਫ ਉਹਨਾਂ ਨੂੰ ਹੀ ਹੋ ਸਕਦਾ ਹੈ ਜਿਹਨਾਂ ਨਾਲ ਬੀਤੀ ਹੋਵੇ। ਜੇਕਰ ਅੱਜ ਪੰਜਾਬ ਕੁੜੀ ਮਾਰਾਂ ਦਾ ਪ੍ਰਦੇਸ਼ ਕਹਾਉਣ ਵੱਲ ਵਧ ਰਿਹਾ ਹੈ ਤਾਂ ਸਭ ਤੋਂ ਵੱਧ ਜ਼ਿੰਮੇਵਾਰ ਇਹੋ ਜਿਹੀਆਂ ਕੁੜੀਆਂ ਹੀ ਹਨ ਜੋ ਆਪਣੇ ਮਾਂ ਬਾਪ ਦਾ ਹਿਰਦਾ ਚੀਰ ਕੇ ਆਪ ਮੁਹਾਰੇ ਹੋ ਜਾਂਦੀਆਂ ਹਨ।ਹਰ ਪੰਜਾਬੀ ਆਪਣੀ ਧੀ ਨੂੰ ਆਪਣੇ ਸਿਰ ਦੀ ਪੱਗ, ਆਪਣੀ ਇੱਜ਼ਤ ਸਮਝਦਾ ਹੈ ਸਿਰਫ ਆਪਣੀ ਪੱਗ ਰੁਲਣ ਦੇ ਡਰੋਂ ਹੀ ਉਹ ਧੀਆਂ ਨੂੰ ਕੁੱਖ ਵਿਚ ਹੀ ਕਤਲ ਕਰ ਰਿਹਾ ਹੈ।ਜ਼ਿਆਦਾਤਰ ਪੰਜਾਬ ਵਿਚ ਹੋ ਰਹੀਆਂ ਲਵ ਮੈਰਿਜ਼ਾਂ ਸਫਲ ਨਹੀਂ ਹੁੰਦੀਆਂ ਜਿਨ੍ਹਾਂ ਦਾ ਮੁੱਖ ਕਾਰਨ ਇਹਨਾਂ ਨੌਜਵਾਨਾਂ ਵਲੋਂ ਕਾਹਲੀ ਵਿਚ ਲਿਆ ਗਿਆ ਫੈਸਲਾ ਹੁੰਦਾ ਹੈ।ਦੂਸਰਾ ਉਹਨਾਂ ਦੇ ਮਾਂ ਬਾਪ ਦੇ ਦਿਲਾਂ ਦਾ ਦਰਦ ਵੀ ਉਹਨਾਂ ਦੀ ਜ਼ਿੰਦਗੀ ਨੂੰ ਸਰਾਪ ਬਣ ਕੇ ਚੁੰਬੜ ਜਾਂਦਾ ਹੈ।ਮੈਂ ਸਾਰੀਆਂ ਕੁੜੀਆਂ ਦੇ ਸਿਰ ਤਾਂ ਦੋਸ਼ ਨਹੀਂ ਮੜ੍ਹਦਾ ਪਰ ਜ਼ਿਆਦਾਤਰ ਇਸ ਤਰ੍ਹਾਂ ਹੀ ਹੋ ਰਿਹਾ ਜੇਕਰ ਕੋਈ ਮੈਨੂੰ ਚੁਣੌਤੀ ਦੇਵੇ ਕਿ ਇਹ ਬਿਲਕੁਲ ਝੂਠ ਹੈ ਤਾਂ ਮੈਂ ਉਸ ਦੇ ਸਿਰ ਦੇ ਵਾਲਾਂ ਜਿੰਨੀਆਂ ਜਿਊਂਦੀਆਂ ਉਦਾਹਰਨਾਂ ਉਸ ਅੱਗੇ ਰੱਖ ਦੇਵਾਂਗਾ ਜਿਹਨਾਂ ਦਾ ਘਰ ਸਿਰਫ ਉਹਨਾਂ ਦੀਆਂ ਧੀਆਂ ਦੀ ਬਦੌਲਤ ਹੀ ਪੱਟ ਹੋ ਗਿਆ। ਇਹੋ ਜਿਹੀਆਂ ਘਟਨਾਵਾਂ ਪੰਜਾਬਣ ਕੁੜੀ ਦੇ ਅਕਸ ਨੂੰ ਧੱਕਾ ਲਗਾ ਰਹੀਆਂ ਹਨ।ਪਿੰਡ ਦੀ ਕੁੜੀ ਨਾਲ ਪਿੰਡ ਦੇ ਮੁੰਡੇ ਵਲੋਂ ਹੀ ਵਿਆਹ ਕਰਵਾ ਲੈਣਾ ਕਿਥੋਂ ਦੀ ਸਮਝਦਾਰੀ ਹੈ।ਤੇ ਪਿੰਡ ਦਾ ਮੁੰਡਾ ਇਹ ਵੀ ਨਹੀਂ ਸੋਚਦਾ ਕਿ :-
  
ਭਜਾ ਕੇ ਲੈ ਗਿਆ ਪਿੰਡ ਦੀ ਕੁੜੀ ਪਿੰਡ ਦਾ ਹੀ ਮੁੰਡਾ ਜਦ,
ਆਪਣੀ ਭੈਣ ਲਈ ਵੀ ਉਸ ਖੋਲਿਆ ਰਾਸਤਾ ਕੋਈ।
                                                           (ਮੱਖਣ ਕ੍ਰਾਂਤੀ)

 ਸਿਆਣੇ ਤਾਂ ਪਿੰਡ ਦੀ ਕੁੜੀ ਨੂੰ ਧੀ ਭੈਣ ਸਮਝਣ ਦੀ ਸਿਖਿਆ ਦਿੰਦੇ ਰਹੇ ਕੀ ਇਹਨਾਂ ਦੇ ਬੱਚਿਆਂ ਦੇ ਨਾਨਕੇ ਦਾਦਕੇ ਇਕੋ ਜਗ੍ਹਾ ਹੀ ਹੋਣਗੇ? ਇਸ ਤਰਾਂ ਕਰਨ ਵਾਲੇ ਆਪਣੀ ਆਉਣ ਵਾਲੀ ਪੀੜ੍ਹੀ ਤੋਂ ਵੀ ਕਈ ਤਰ੍ਹਾਂ ਦੇ ਹੱਕ ਖੋਹ ਰਹੇ ਹਨ। ਹਰ ਬੱਚੇ ਨੂੰ ਆਪਣੇ ਨਾਨਕਿਆਂ ਨਾਲ ਗੂੜ੍ਹਾ ਪਿਆਰ ਹੁੰਦਾ ਹੈ ਤੇ ਉਹ ਛੇ ਮਹੀਨੇ ਪਹਿਲਾਂ ਹੀ ਗੋਦਾਂ ਗੁੰਦਣ ਲੱਗ ਪੈਂਦਾ ਹੈ ਕਿ ਆਉਂਦੀਆਂ ਛੁੱਟੀਆਂ ਉਸ ਨੇ ਨਾਨਕੇ ਘਰ ਕੱਟਣ ਜਾਣਾ ਹੈ।ਮੁੱਕਦੀ ਗੱਲ ਫਿਰ ਉਹਨਾਂ ਧੀਆਂ ਤੇ ਲਿਆਉਦਾਂ ਹਾਂ ਜਿਹੜੀਆਂ ਇਹੋ ਜਿਹਾ ਕਦਮ ਪੁੱਟਣ ਤੋਂ ਪਹਿਲਾਂ ਕੁਝ ਵੀ ਸੋਚ ਵਿਚਾਰ ਨਹੀਂ ਕਰਦੀਆਂ। ਸਿਆਣੇ ਕਹਿੰਦੇ ਨੇ ਜੋ ਅਸੀਂ ਅੱਜ ਕਰਦੇ ਹਾਂ ਉਹ ਸਾਡਾ ਭਵਿੱਖ ਹੈ।ਸ਼ਾਇਦ ਇਸ ਤੋਂ ਪਰੇ ਕਹਿਣ ਵਾਲੀ ਗੱਲ ਹੋਰ ਕੋਈ ਨਹੀਂ । ਭਾਵੇਂ ਪ੍ਰਵਾਸੀ ਦਹਾਕਿਆਂ ਤੋਂ ਵਿਦੇਸ਼ਾਂ ਵਿਚ ਰਹਿ ਰਹੇ ਹੋਣ ਪਰੰਤੂ ਉਹਨਾਂ ਨੂੰ ਵੀ ਆਪਣੇ ਸੱਭਿਆਚਾਰ ਨਾਲ ਮੋਹ ਹੈ ਭਾਵੇਂ ਕਦੇ ਵਿਦੇਸ਼ ਜਾਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਵਿਦੇਸ਼ੋਂ ਆਏ ਪੰਜਾਬੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੇ ਵਿਚਾਰ ਸੁਨਣ ਦਾ ਮੌਕਾ ਮਿਲਦਾ ਰਹਿੰਦਾ ਹੈ। ਉਹ ਵੀ ਪੰਜਾਬ ਵਿਚ ਇਸ ਚੱਲ ਰਹੇ ਰੁਝਾਨ ਤੋਂ ਦੁਖੀ ਹਨ। ਹੋ ਸਕਦਾ ਹੈ ਕਿ ਮੇਰੇ ਇਸ ਲੇਖ ਨਾਲ ਕੋਈ ਇਕ ਘਰ ਉਜੜਨ ਤੋਂ ਬਚ ਜਾਵੇ ਮੇਰਾ ਮਕਸਦ ਕਿਸੇ ਨੂੰ ਗਲਤ ਜਾਂ ਸਹੀ ਸਾਬਤ ਕਰਨ ਦਾ ਨਹੀਂ ਹੈ ਮੈਂ ਸਿਰਫ ਕਨੂੰਨ ਤੇ ਸਾਡੇ ਸੱਭਿਆਚਾਰ ਵਿਚਲੇ ਅੰਤਰ ਨੂੰ ਕਾਗਜ਼ ਤੇ ਝਰੀਟਣ ਦੀ ਕੋਸ਼ਿਸ਼ ਕੀਤੀ ਹੈ। ਇਸ ਸ਼ੇਅਰ ਨਾਲ ਇਸ ਲੇਖ ਦਾ ਅੰਤ ਕਰਦਾ ਹਾਂ:
   ਕੁੜੀਏ ਕਿਸਮਤ ਰੁੜ੍ਹੀਏ,
   ਕੁਝ ਤੂੰ ਵੀ ਤਾਂ ਕਰ ਖਿਆਲ ਕੁੜੇ,
   ਜਿਹਦੀ ਪੱਗ ਰੋਲਣ ਨੂੰ ਫਿਰਦੀ ਏਂ
   ਤੇਰਾ ਬਾਪ ਪਿੰਡ ਦਾ ‘ਸਰਦਾਰ’ ਕੁੜੇ


No comments:

Post a Comment