Thursday, 22 March 2012

‘ਅਣਖ ਲਈ ਕਤਲ’ ਬਨਾਮ ‘ਅਣਖ ਦਾ ਕਤਲ’

ਹਰ ਰੋਜ਼ ਅਖਬਾਰਾਂ ਵਿਚ ਖਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ ਕਿ ਨੌਜਵਾਨ ਪ੍ਰੇਮੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਗਿਆ ਜਾਂ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਉਹਦੇ ਘਰ ਮਿਲਣ ਗਿਆ ਤਾਂ ਪ੍ਰੇਮਿਕਾ ਦੇ ਘਰਦਿਆਂ ਨੇ ਉਸਨੂੰ ਜਾਨੋਂ ਹੀ ਮਾਰ ਮੁਕਾਇਆ ਤੇ ਪ੍ਰੇਮਿਕਾ ਦੇ ਪੂਰੇ ਪਰਿਵਾਰ ਤੇ ਕਤਲ ਦਾ ਪਰਚਾ ਦਰਜ ਕਰਕੇ ਪੂਰੇ ਪਰਿਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ। ਭਾਵੇਂ ਹਰ ਕੋਈ ਇਹੋ ਜਿਹੀਆਂ ਖਬਰਾਂ ਪੜ੍ਹਨ ਉਪਰੰਤ ਕੁਝ ਕਹਿਣ, ਲਿਖਣ ਦੀ ਸੋਚ ਰੱਖਦਾ ਹੋਵੇ ਪਰ ਸਮੇਂ ਦੀ ਘਾਟ, ਸ਼ਬਦਾਂ ਦੀ ਘਾਟ ਜਾਂ ਲਿਖਣ ਸ਼ੈਲੀ, ਬੋਲਣ ਸ਼ੈਲੀ ਦੀ ਘਾਟ ਕਾਰਨ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਨਹੀਂ ਕਰ ਸਕਦਾ। ਇਹੋ ਜਿਹੀਆਂ ਘਟਨਾਵਾਂ ਤੋਂ ਪੀੜ੍ਹਤ ਵੀ ਖਬਰ ਪੜ੍ਹ ਕੇ ਅਖਬਾਰ ਨੂੰ ਮਰੋੜ ਕੇ ਕਚਰੇ ਦੇ ਡੱਬੇ ਵਿਚ ਸੁੱਟ ਕੇ ਆਪਣੀ ਅੰਦਰਲੀ ਮਾਨਸਿਕਤਾ ਦਾ ਇਜ਼ਹਾਰ ਜਰੂਰ ਕਰਦਾ ਹੈ।
ਨਿਊਟਨ ਦੀ ਗਰੂਤਾ ਬਲ ਦੀ ਖੋਜ ਤੋਂ ਪਹਿਲਾਂ ਸਭ ਨੂੰ ਇਹ ਪਤਾ ਸੀ ਕਿ ਅੰਬ ਦਰਖਤ ਨਾਲੋਂ ਟੁੱਟ ਕੇ ਧਰਤੀ ਤੇ ਹੀ ਡਿਗਦਾ ਹੈ ਪਰ ਇਹ ਕਿਉਂ ਡਿਗਦਾ ਹੈ ਇਸ ਸਬੰਧੀ ਪਤਾ ਕਰਨ ਦੀ ਕੋਸ਼ਿਸ਼ ਸਿਰਫ ਨਿਊਟਨ ਨੇ ਹੀ ਕੀਤੀ। ਮੀਡੀਆ ਵਿਚ ‘ਆਨਰ ਕਿਲਿੰਗ’ ਲਈ ਕਾਫੀ ਕਵਰੇਜ ਦਿੱਤੀ ਜਾ ਰਹੀ ਹੈ ਤੇ ਭਾਰਤੀ ਕਨੂੰਨ ਅਨੁਸਾਰ ਇਹ ਇਕ ਸੰਗੀਨ ਜੁਰਮ ਵੀ ਹੈ।ਸਾਡਾ ਸੱਭਿਆਚਾਰ ਭਾਵੇਂ ਜ਼ਖਮੀ ਹੋ ਚੁੱਕਾ ਹੈ ਪਰ ਅਜੇ ਪੂਰੀ ਤਰ੍ਹਾਂ ਮਰਿਆ ਨਹੀਂ। ਕਿਤੇ ਨਾ ਕਿਤੇ ਇਹ ਆਪਣੀ ਹੋਂਦ ਦਾ ਅਹਿਸਾਸ ਆਪਣੇ ਕੋਲ ਰਹਿਣ ਵਾਲਿਆਂ ਨੂੰ ਕਰਵਾਉਂਦਾ ਰਹਿੰਦਾ ਹੈ। ਟੀ ਵੀ ਐਂਕਰ ਬਹੁਤ ਹੀ ਜੋਸ਼ ਵਿਚ ਕਹਿ ਰਿਹਾ ਹੁੰਦਾ ਹੈ ‘ਕਬ ਮਿਲੇਗੀ ਪਿਆਰ ਕੋ ਅਜ਼ਾਦੀ’, ‘ਕਬ ਬਨੇਗਾ ਆਸ਼ਿਕੋਂ ਕਾ ਆਸ਼ਿਆਂ’, ‘ਕਬ ਰੁਕੇਂਗੇ ਪਿਆਰ ਕਰਨੇ ਵਾਲੋਂ ਕੇ ਕਤਲ’…………. ਆਦਿ। ਪਰ ਉਹਨਾਂ ਵਲੋਂ ਕਦੇ ਵੀ ਤਸਵੀਰ ਦਾ ਪੂਰੀ ਤਰ੍ਹਾਂ ਖੁਲਾਸਾ ਨਹੀਂ ਕੀਤਾ ਜਾਂਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਤਲ ਕਰਨਾ ਹਾਂ ਹੱਥੋ ਪਾਈ ਕਰਨੀ ਬਹੁਤ ਹੀ ਨਿੰਦਣਯੋਗ ਹਰਕਤ ਜਾਂ ਘਟਨਾ ਹੈ ਪਰ ਹਮੇਸ਼ਾ ਹੀ ਕਿਸੇ ਵੀ ਘਟਨਾ ਦੀ ਜੜ੍ਹ ਫੜਨ ਲਈ ਉਸਦੇ ਸਾਰੇ ਪੱਖ ਹੀ ਦੇਖਣੇ ਹੋਣਗੇ। ਸਾਡੇ ਦੇਸ਼ ਵਿਚ ਬਹੁਤ ਸਾਰੇ ਸੱਭਿਆਚਾਰ ਹਨ ਤੇ ਬਹੁਤ ਸਾਰੀਆਂ ਸੱਭਿਆਤਾਵਾਂ। ਕਿਸੇ ਵੀ ਦੇਸ਼ ਦੇ ਸੱਭਿਆਚਾਰ ਨੂੰ ਧਿਆਨ ਵਿਚ ਹੀ ਰੱਖ ਕੇ ਹੀ ਉਥੋਂ ਦੇ ਕਨੂੰਨ ਘੜੇ ਜਾਂਦੇ ਹਨ ਪਰ ਜਿਸ ਦੇਸ਼ ਵਿਚ ਸੈਂਕੜੇ ਧਰਮ ਹੋਣ, ਹਜ਼ਾਰਾਂ ਹੀ ਜਾਤਾਂ ਹੋਣ ਤੇ ਅਣਗਿਣਤ ਰੀਤੀ ਰਿਵਾਜ ਹੋਣ ਕਨੂੰਨੀ ਤੌਰ ਤੇ ਉਹਨਾਂ ਨੂੰ ਇਕ ਸੂਤਰ ਵਿਚ ਬੰਨਣਾਂ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੁੰਦਾ ਹੈ। ‘ਆਨਰ ਕਿਲਿੰਗ’ ਦੀ ਜੜ੍ਹ ਨੂੰ ਜੇਕਰ ਦੇਖਿਆ ਜਾਵੇ ਤਾਂ ਇਹ ਕਨੂੰਨ ਅਤੇ ਸੱਭਿਆਚਾਰ ਦੀ ਆਪਸੀ ਪਿੱਚ ਨਾ ਬੈਠਣ ਦੇ ਕਾਰਨ ਨੂੰ ਹੀ ਮੁੱਖ ਸਮਝਿਆ ਜਾ ਸਕਦਾ ਹੈ। ਪੱਤਰਕਾਰਤਾ ਦੇ ਖੇਤਰ ਨਾਲ ਜੁੜੇ ਹੋਣ ਕਾਰਨ ਭਾਵੇਂ ਵੱਖ ਵੱਖ ਤਰ੍ਹਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਰੋਜ਼ਾਨਾ ਹੀ ਲੱਗਦਾ ਰਹਿੰਦਾ ਹੈ ਜਿਸ ਕਾਰਨ ਆਮ ਜੀਵਨ ਬਤੀਤ ਕਰਨ ਵਾਲੇ ਨਾਲੋਂ ਕੁਝ ਥੋੜਾ ਬਹੁਤ ਗਿਆਨ ਆਮ ਘਟਨਾਵਾਂ ਸਬੰਧੀ ਜ਼ਿਆਦਾ ਹੁੰਦਾ ਹੈ ਤੇ ਘਟਨਾਵਾਂ ਵਾਪਰਨ ਦੀ ਗਿਣਤੀ ਸਬੰਧੀ ਵਿਚਾਰ ਵਟਾਂਦਰਾਂ ਕਰਨ ਦੀ ਭੂਮਿਕਾ ਵੀ ਉਹਨਾਂ ਨਾਲੋਂ ਵੱਧ ਰਹਿੰਦੀ ਹੈ। ਮੈਂ ਕਈ ਵਾਰ ਮਹਿਸੂਸ ਕਰਦਾ ਹਾਂ ਕਿ ਮੇਰੇ ਜ਼ਿਆਦਾਤਰ ਦੋਸਤ 60 ਸਾਲ ਤੋਂ ਉਪਰ ਵਾਲੇ ਬਜ਼ੁਰਗ ਹਨ ਪਤਾ ਨਹੀਂ ਮੈਨੂੰ ਕਿਉਂ ਉਹਨਾਂ ਕੋਲ ਬੈਠਣਾ ਚੰਗਾ ਲੱਗਦਾ ਹੈ ਤੇ ਉਹਨਾਂ ਦੀ ਗੱਲਾਂ ਦਾਦੀ ਵਲੋਂ ਰਾਤ ਵੇਲੇ ਸਿਰ ਵਿਚ ਹੱਥ ਫੇਰ ਕੇ ਕਿਸੇ ਦੰਦ ਕਥਾ ਦਾ ਚਿਤਰਣ ਕੀਤੇ ਜਾਣ ਵਾਂਗੂੰ ਲੱਗਦੀਆਂ ਹਨ। ਖੈਰ ਕੁਝ ਸਾਲ ਪਹਿਲਾਂ ਇਕ ਬਜ਼ੁਰਗ ਦੋਸਤ ਇੰਗਲੈਂਡ ਤੋਂ ਇੰਡੀਆ ਆਇਆ ਪਰ ਉਹ ਐਤਕੀਂ ਪਹਿਲਾਂ ਵਾਂਗ ਚੜ੍ਹਦੀ ਕਲਾ ਵਿਚ ਨਹੀਂ ਸੀ ਤੇ ਕਿਸੇ ਨਾ ਕਿਸੇ ਦੁੱਖ ਵਿਚ ਹੀ ਦੁਖੀ ਰਹਿੰਦਾ ਸੀ। ਮੇਰੇ ਪੁੱਛਣ ਤੇ ਵੀ ਉਹਨੇ ਕੁਝ ਨਾ ਦੱਸਣਾ ਇਕ ਦਿਨ ਸਬੱਬੀਂ ਹੀ ਮੈਂ ਉਸਦੇ ਪਿੰਡ ਵਲੋਂ ਲੰਘਿਆ ਤਾਂ ਆਪਣੇ ਖੂਹ ਤੇ ਬੈਠਾ ਉਹ ਚੱਲਦੀ ਮੋਟਰ ਦੀ ਧਾਰ ਵੱਲ ਟਿਕਟਿਕੀ ਲਗਾ ਕੇ ਦੇਖ ਰਿਹਾ ਸੀ ਮੈਂ ਆਪਣਾ ਸਕੂਟਰ ਖੜਾ ਕਰਕੇ ਉਸਨੂੰ ਬਾਹੋਂ ਫੜ ਥੋੜਾ ਜਿਹਾ ਝੰਜੋੜਿਆ ਤੇ ਕਿਹਾ …….. ‘ਕਿਥੇ ਗੁਆਚ ਗਿਐਂ ਬਾਪੂ’ ਤਾਂ ਉਸਦੇ ਸਬਰ ਦਾ ਭਾਂਡਾ ਟੁੱਟ ਗਿਆ ਤੇ ਉਹਨੇ ਕਿਹਾ ਕਾਕਾ ਬੈਠ ਜਾ ਮੇਰੇ ਕੋਲ ਤੇ ਸੁਣ ਗੱਲ ਸ਼ਾਇਦ ਮੇਰੇ ਮਨ ਦਾ ਬੋਝ ਕੁਝ ਹੌਲਾ ਹੋ ਹੀ ਜਾਵੇ। ਉਹਨੇ ਦੱਸਿਆ ਕਿ ਉਹ ਅੱਜ ਜਿਸ ਮੋਟਰ ਦੀ ਧਾਰ ਵੱਲ ਵੇਖ ਰਿਹਾ ਹੈ 40 ਕੁ ਸਾਲ ਪਹਿਲਾਂ ਉਹ ਕਿਸੇ ਵੇਲੇ ਇਸੇ ਜਗ੍ਹਾ ਲੱਗੇ ਹਲਟ ਨੂੰ ਹੱਕਦਾ ਹੁੰਦਾ ਸੀ, ਮਾਂ ਵਲੋਂ ਲਿਆਂਦੇ ਭੱਤੇ ਨੂੰ ਬਹੁਤ ਹੀ ਸੁਆਦ ਨਾਲ ਖਾਂਦਾ ਸੀ ਤੇ ਬਾਪੂ ਦੀ ਝਿੜਕਾਂ ਉਸ ਨੂੰ ਹੋਰ ਵੱਧ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ। ਗਰੀਬੀ ਹੋਣ ਦੇ ਬਾਵਜੂਦ ਕਦੇ ਵੀ ਇਹੋ ਜਿਹੇ ਹਾਲਾਤ ਨਹੀਂ ਸਨ ਪੈਦਾ ਹੋਏ ਕਿ ਜਦੋਂ ਚਿੱਤ ਕਰੇ ਕਿ ਇਸ ਦੁਨੀਆਂ ਤੇ ਰਹਿਣ ਦਾ ਕੋਈ ਫਾਇਦਾ ਨਹੀਂ। ਅੱਜ ਮੇਰੇ ਕੋਲ ਕਰੋੜਾਂ ਦੀ ਜਾਇਦਾਦ ਹੈ ਤੇ ਲੱਖਾਂ ਪੌਂਡ ਹਨ ਪਰ ਉਸ ਹਲਟ ਹੱਕਣ ਦੇ ਵੇਲਿਆਂ ਵਰਗੀ ਮਨ ਦੀ ਸ਼ਾਂਤੀ ਨਹੀਂ ਹੈ। ਇੰਗਲੈਂਡ ਜਾ ਕੇ ਮਨ ਦੀ ਹਰ ਖੁਸ਼ੀ ਪੂਰੀ ਕੀਤੀ ਪਤਨੀ ਨੇ ਪੂਰਾ ਸਾਥ ਦਿੱਤਾ ਲੜਕੇ ਅਤੇ ਲੜਕੀ ਨੇ ਵੀ ਮੇਰ ਵਲੋਂ ਕੀਤੇ ਸੰਘਰਸ਼ ਨੂੰ ਸਰਾਹਿਆ ।ਮੇਰੇ ਦੱਸੇ ਅਨੁਸਾਰ ਉਹਨਾਂ ਪੰਜਾਬੀ ਰੀਤੀ ਰਿਵਾਜ਼ਾਂ ਨੂੰ  ਅਪਣਾਇਆ।ਪਰ ਜੋ ਮੇਰੇ ਨਾਲ ਇਸ ਵਾਰ ਹੋਈ ਮੈਂ ਉਸਨੂੰ ਬਿਆਨ ਨਹੀਂ ਕਰ ਸਕਦਾ। ਮੇਰੀ ਪੋਤਰੀ ਜਿਸ ਦਿਨ ਬਾਲਿਗ ਹੋਈ ਉਸੇ ਦਿਨ ਹੀ ਉਹ ਆਪਣੇ ਨਾਲ ਪੜਦੇ ਦੋਸਤ ਨੂੰ ਘਰ ਲੈ ਆਈ ਤੇ ਸਿੱਧੀ ਆਪਣੇ ਕਮਰੇ ਵਿਚ ਲੈ ਗਈ। ਮੈਥੋਂ ਰਿਹਾ ਨਾ ਗਿਆ ਤਾਂ ਮੈਂ ਆਪਣੀ ਪੋਤਰੀ ਨੂੰ ਕਿਹਾ ਕਿ ਪੁੱਤਰ ਤੂੰ ਇਹ ਕੀ ਕਰ ਰਹੀ ਹੈ ਇਹ ਸਾਡਾ ਸੱਭਿਆਚਾਰ ਨਹੀਂ ਤੈਨੂੰ ਲੜਕੇ ਨੂੰ ਆਪਣੇ ਘਰ ਨਹੀਂ ਸੀ ਲਿਆਉਣਾ ਚਾਹੀਦਾ ਉਹ ਵੀ ਅਲੱਗ ਕਮਰੇ ਵਿਚ ਤਾਂ ਬਿਲਕੁਲ ਨਹੀਂ, ਪਰ ਉਸ ਲੜਕੀ ਨੇ ਕਿਹਾ ਕਿ ਉਹ ਹੁਣ ਬਾਲਗ ਹੋ ਚੁੱਕੀ ਹੈ ਤੇ ਆਪਣੀ ਮਰਜ਼ੀ ਕਰੇਗੀ ਮੈਂ ਇਸ ਨੂੰ ਪਿਆਰ ਕਰਦੀ ਹਾਂ ਤੇ ਇਹ ਜਦੋਂ ਤੱਕ ਚਾਹੇ ਮੇਰੇ ਕਮਰੇ ਵਿਚ ਰਹਿ ਸਕਦਾ ਹੈ ਤੁਹਾਨੂੰ ਇਸ ਸਬੰਧੀ ਫਿਕਰਮੰਦ ਹੋਣ ਦੀ ਲੋੜ ਨਹੀਂ ਮੈਂ ਆਪਣਾ ਖਿਆਲ ਆਪ ਰੱਖ ਸਕਦੀ ਹਾਂ। ਬਾਪੂ ਨੇ ਕਿਹਾ ਕਿ ਮੈਂ ਉਸੇ ਦਿਨ ਛੁੱਟੀ ਲੈ ਕੇ ਆਪਣੇ ਪਿੰਡ ਆ ਗਿਆ ਤੇ ਅੱਜ ਮਹਿਸੂਸ ਕਰ ਰਿਹਾ ਹਾਂ ਕਿ ਅੱਜ ਦੀ ਸ਼ਾਨੋ ਸ਼ੌਕਤ ਭਰੀ ਜ਼ਿੰਦਗੀ ਨਾਲੋਂ ਮੈਨੂੰ ਹਲਟ ਹੱਕਣ ਵਾਲੀ ਜ਼ਿੰਦਗੀ ਹੀ ਮੇਰੇ ਲਈ ਠੀਕ ਸੀ ਮੈਂ ਆਪਣੇ ਸੱਭਿਆਚਾਰ ਨਾਲ ਤਾਂ ਜੁੜਿਆ ਰਹਿੰਦਾ। ………. ਇਹ ਤਾਂ ਸੀ ਇਕ ਛੋਟੀ ਜਿਹੀ ਸੱਚੀ ਕਹਾਣੀ ਜਿਸ ਵਿਚ 40 ਸਾਲ ਬੇਗਾਨੇ ਮੁਲਕ ਦੇ ਸੱਭਿਆਚਾਰ ਵਿਚ ਰਹਿ ਚੁੱਕੇ ਪੰਜਾਬੀ ਦੀ ਜੋ ਆਖਰੀ ਦਮ ਤੱਕ ਆਪਣੇ ਸੱਭਿਆਚਾਰ ਨਾਲ ਜੁੜਿਆ ਰਹਿਣਾ ਚਾਹੂੰਦਾ ਹੈ ਪਰ ਗੱਲ ਕਰਦੇ ਹਾਂ ਇਥੋਂ ਰਹਿੰਦੇ ਪਰਿਵਾਰਾਂ ਦੀ ਉਹ ਕਿਵੇ ਸੱਭਿਆਚਾਰ ਦਾ ਚੂਲਾ ਟੁੱਟਦਾ ਦੇਖ ਸਕਦੇ ਹਨ। ਕੀ ਅੱਜ ਪ੍ਰੇਮ ਵਿਆਹ ਨਹੀਂ ਹੋ ਰਹੇ, ਕੁੜੀਆਂ ਪਸੰਦ ਕਰਕੇ ਆਪਣੇ ਪਰਿਵਾਰਾਂ ਨੂੰ ਆਪਣੇ ਵਰ ਸਬੰਧੀ ਦੱਸਦੀਆਂ ਹਨ ਤੇ ਮਾਪੇ ਉਹਨਾਂ ਦੇ ਵਿਆਹ ਆਪਣੇ ਹੱਥੀ ਕਰਦੇ ਹਨ। ਪਰ ਗੱਲ ਕਿਥੇ ਅੜ੍ਹਦੀ ਹੈ………..? ਹੋ ਸਕਦਾ ਹੈ ਕਿ ਪਾਠਕ ਮੇਰੇ ਵਿਚਾਰਾਂ ਨਾਲ ਨਾ ਵੀ ਸਹਿਮਤ ਹੋਣ ਪਰ ਜਦੋਂ ਵੀ ਮਰਿਆਦਾ ਭੰਗ ਹੁੰਦੀ ਹੈ ਤਾਂ ਖੜਾਕ ਜ਼ਰੂਰ ਹੁੰਦਾ ਹੈ। ਸਾਡੀ ਇਹ ਮਰਿਆਦਾ ਨਹੀਂ ਕਿ ਸਾਡੀ ਜੁਆਨ ਕੁੜੀ ਕਿਸੇ ਨੌਜਵਾਨ ਲੜਕੇ ਨੂੰ ਸਾਥੋਂ ਚੋਰੀ ਆਪਣੇ ਘਰ ਲੈ ਆਵੇ। ਇਹ ਸਾਡਾ ਸੱਭਿਆਚਾਰ ਨਹੀਂ। ਆਪਣੇ ਹੀ ਘਰ ਆਪਣੀ ਹੀ ਲੜਕੀ ਨਾਲ ਬੇਗਾਨੇ ਲੜਕੇ ਨੂੰ ਅਸ਼ਲੀਲ ਮੁਦਰਾ ਵਿਚ ਦੇਖ ਕੇ ਕੌਣ ਆਪਣੇ ਦਿਮਾਗ ਤੇ ਕਾਬੂ ਰੱਖ ਸਕਦਾ ਹੈ ਉਸ ਵੇਲੇ ਉਸਨੂੰ ਆਪਣੀ ਅਣਖ ਜ਼ਰੂਰ ਯਾਦ ਆਏਗੀ? ਇਹੋ ਜਿਹੇ ਹਾਲਤਾਂ ਨੂੰ ਸਾਰਥਕ ਕਰਨ ਲਈ ਅਜੇ ਬਹੁਤ ਸਮਾਂ ਲੱਗੇਗਾ ਜਦੋਂ ਸਾਡਾ ਸੱਭਿਆਚਾਰ ਬਿਲਕੁਲ ਹੀ ਦਮ ਤੋੜ ਦੇਵੇਗਾ ਉਦੋਂ ਸ਼ਾਇਦ ਇਹੋ ਜਿਹੀਆਂ ਖਬਰਾਂ ਪੜ੍ਹਨ ਸੁਨਣ ਨੂੰ ਨਹੀਂ ਮਿਲਣਗੀਆਂ। ਪ੍ਰੇਮ ਦੇ ਕੋਈ ਵੀ ਖਿਲਾਫ ਨਹੀਂ ਹੁੰਦਾ ਪਰ ਆਪਣੇ ਪ੍ਰੇਮ ਦੀ ਪੂਰਤੀ ਲਈ ਕਿਸੇ ਦੀ ਮਾਨਸਿਕਤਾ ਅਤੇ ਭਾਵਨਾ ਦਾ ਕਤਲ ਕਰਨਾ ਵੀ ਬਹੁਤੀ ਜਾਇਜ਼ ਗੱਲ ਨਹੀਂ ਹੁੰਦੀ। ਨੌਜਵਾਨ ਪ੍ਰੇਮੀ ਜੋੜਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮਰਿਆਦਾ ਦੀ ਹਰ ਥਾਂ ਮੌਜੂਦਗੀ ਹੁੰਦੀ ਹੈ ਤੇ ਕੋਈ ਵੀ ਇਸ ਤੋਂ ਇਨਕਾਰੀ ਨਹੀਂ ਹੋ ਸਕਦਾ। ਪ੍ਰੇਮ ਵਿਆਹ ਹੁੰਦੇ ਹੀ ਰਹਿਣਗੇ ਇਹਨਾਂ ਨੂੰ ਕੋਈ ਰੋਕ ਨਹੀਂ ਸਕੇਗਾ ਤੇ ਨਾਂ ਹੀ ਰੋਕਣੇ ਚਾਹੀਦੇ ਹਨ ਹਰ ਕਿਸੇ ਨੂੰ ਪਿਆਰ ਕਰਨ ਦਾ ਹੱਕ ਹੈ ਪਰ ਸੱਭਿਆਚਾਰ ਵੀ ਹਜ਼ਾਰਾਂ ਸਾਲਾਂ ਦੀ ਘਾਲਣਾ ਉਪਰੰਤ ਬਣਦੇ ਹਨ ਉਹਨਾਂ ਦੀ ਕਦਰ ਕਰਨੀ ਵੀ ਜ਼ਰੂਰੀ ਬਣਦੀ ਹੈ ਇੰਨੀ ਜਲਦੀ ਸੱਭਿਆਚਾਰ ਦਾ ਕਤਲ ਨਹੀਂ ਕੀਤਾ ਜਾ ਸਕਦਾ।ਅਜੇ ਉਹ ਸਮਾਂ ਨਹੀਂ ਆਇਆ ਜਦੋਂ ਅਸੀਂ ਆਪਣੇ ਹੀ ਘਰ ਆਪਣੀ ਲੜਕੀ ਦੇ ਨਜਾਇਜ਼ ਰਿਸ਼ਤਿਆਂ ਨੂੰ ਬੂਰ ਪੈਂਦਾ ਆਪਣੇ ਅੱਖੀਂ ਦੇਖ ਸਕੀਏ ਇਹ ਤਾਂ ਉਦੋਂ ਹੀ ਸੰਭਵ ਹੋਵੇਗਾ ਜਦੋਂ ਪੰਜਾਬੀ ਲੋਕ ਆਪਣੀ ਅਣਖ ਦਾ ਕਤਲ ਕਰ ਲੈਣਗੇ।
ਅਜਮੇਰ ਸਿੰਘ ਚਾਨਾ
9855764582
    

No comments:

Post a Comment