Saturday, 10 March 2012

ਫੇਸਬੁੱਕ ਵੀ ਬਣੀ ਮਨਪ੍ਰੀਤ ਬਾਦਲ ਦੀ ਕਰਾਰੀ ਹਾਰ ਦਾ ਕਾਰਨ


ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਵੱਖ ਹੋਣ ਉਪਰੰਤ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਨਵੀਂ ਪਾਰਟੀ ਪੀ ਪੀ ਪੀ ਦਾ ਗਠਨ ਕਰਨ ਉਪਰੰਤ ਇਸਦੇ ਪ੍ਰਚਾਰ ਲਈ ਹਰ ਹਾਈਟੈੱਕ ਤਰੀਕਾ ਅਪਣਾਇਆ ਗਿਆ। ਸੁਣਿਆ ਗਿਆ ਕਿ ਉਸ ਵਲੋਂ ਇੰਟਰਨੈੱਟ ਤੇ ਆਪਣੇ ਪ੍ਰਚਾਰ ਲਈ ਬਹੁਤ ਹੀ ਪੜ੍ਹੇ ਲਿਖੇ ਜਿਵੇਂ ਕਿ ਬੀ ਐਸ ਸੀ (ਆਈ ਟੀ), ਬੀ ਸੀ ਏ, ਐਮ ਸੀ ਏ ਆਦਿ ਇਨਫਰਮੇਸ਼ਨ ਟੈਕਨਾਲੋਜੀ ਨਾਲ ਸਬੰਧਿਤ ਗਰੈਜੂਏਟ, ਪੋਸਟ ਗਰੈਜੂਏਟ ਨੌਜਵਾਨਾਂ ਨੂੰ ਹਾਇਰ ਕੀਤਾ ਗਿਆ ਤੇ ਉਨ੍ਹਾਂ ਦੀ ਜ਼ਿੰਮੇਵਾਰੀ ਲਗਾਈ ਗਈ ਸਵੇਰ ਉਠਦੇ ਸਾਰ ਹੀ ਉਹਨਾਂ ਫੇਸਬੁੱਕ ਤੇ ਮਨਪ੍ਰੀਤ ਬਾਦਲ ਦੇ ਹੱਕ ਵਿਚ ਕੁਮੈਂਟ ਕਰਨੇ ਹਨ, ਇਸ ਤੋਂ ਇਲਾਵਾ ਸੋਸ਼ਲ ਸਾਈਟ ਫੇਸਬੁੱਕ ਨਾਲ ਰਾਬਤਾ ਰੱਖ ਰਹੀਆਂ ਅਖਬਾਰਾਂ ਜਿਵੇਂ ਜਗ ਬਾਣੀ, ਪੰਜਾਬ ਕੇਸਰੀ ਜਾਂ ਹੋਰ ਅਖਬਾਰਾਂ ਤੇ ਮਨਪ੍ਰੀਤ ਬਾਦਲ ਦੇ ਹੱਕ ਵਿਚ ਲੱਗੀਆਂ ਖਬਰਾਂ ਤੇ ਥੱਲੇ ਵਧੀਆ ਵਧੀਆ ਕੁਮੈਂਟ ਕਰਦੇ ਸਨ। ਪਰ ਮਨਪ੍ਰੀਤ ਬਾਦਲ ਇਥੇ ਇਕ ਧੋਖਾ ਖਾ ਗਿਆ ਉਹਨੇ ਪੜੇ ਲਿਖੇ ਨੌਜਵਾਨ ਤਾਂ ਜ਼ਰੂਰ ਇਸ ਕੰਮ ਲਈ ਲੱਭ ਲਏ ਪਰ ਸੂਝਵਾਨ ਨੌਜਵਾਨ ਲੱਭਣ ਵਿਚ ਉਹ ਅਸਫਲ ਰਿਹਾ। ਇਹਨਾਂ ਨੌਜਵਾਨਾਂ ਨੇ ਹੀ ਉਸਦੀ ਡੁੱਬਦੀ ਬੇੜੀ ਵਿਚ ਹੋਰ ਵੱਟੇ ਪਾ ਦਿੱਤੇ। ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਨੂੰ ਬਚਪਨ ਵਿਚ ਹਾੜ੍ਹ ਦੇ ਮੌਸਮ ਦੀ ਇਕ ਰਾਤ ਨੂੰ ਚੰਦ ਦੀ ਚਾਨਣੀ ਤੇ ਤਾਰਿਆਂ ਦੀ ਲੋਅ ਵਿਚ ਕੱਚੇ ਕੋਠੇ ’ਤੇ ਬਾਣ ਵਾਲੇ ਮੰਜੇ ਤੇ
ਸੌਣ ਤੋਂ ਪਹਿਲਾਂ ਮੇਰੇ ਦਾਦਾ ਜੀ ਵਲੋਂ ਸੁਣਾਈ ਹੋਈ ਕਹਾਣੀ ਮੈਨੂੰ ਯਾਦ ਆ ਰਹੀ ਹੈ। ਇਕ ਪਿੰਡ ਵਿਚ ਇਕ ਵਾਰ ਕਿਸੇ ਨੌਜਵਾਨ ਦਾ ਵਿਆਹ ਸੀ ਉਹਨੇ ਜਵਾਨੀ ਦੇ ਜੋਸ਼ ਦੇ ਹੰਕਾਰ ਵਿਚ ਆ ਕੇ ਐਲਾਨ ਕਰ ਦਿੱਤਾ ਕਿ ਉਹ ਆਪਣੀ ਬਰਾਤੇ ਕਿਸੇ ਵੀ ਬੁੱਢੇ ਨੂੰ ਨਹੀਂ ਲੈ ਕੇ ਜਾਵੇਗਾ ਤੇ 100 ਨੌਜਵਾਨਾਂ ਦੀ ਬਰਾਤ ਹੀ ਬੈਂਡ ਵਾਜੇ ਨਾਲ ਕੁੜੀ ਵਾਲਿਆਂ ਦੇ ਢੁੱਕੇਗੀ। ਬਹੁਤਿਆਂ ਨੇ ਸਲਾਹਾਂ ਦਿੱਤੀਆਂ ਕਿ ਭਾਈ ਕੁੜੀ ਵਾਲਿਆਂ ਦੇ ਜਾਣਾ ਹੈ ਉਹ ਪਤਾ ਨਹੀਂ ਕਿਹੜੀ ਖੇਡ, ਖੇਡ ਦੇਣ ਇਸ ਲਈ ਕਿਸੇ ਨਾ ਕਿਸੇ ਸਿਆਣੇ ਨੂੰ ਜ਼ਰੂਰ ਨਾਲ ਲੈ ਜਾਓ। ਪਰ ਵਿਆਂਦੜ ਤੇ ਉਸ ਦੇ ਸਾਥੀ ਗੱਲ ਮੰਨਣ ਨੂੰ ਤਿਆਰ ਨਹੀਂ ਸਨ। ਇਕ ਤਰ੍ਹਾਂ ਦਾ ਕਲੇਸ਼ ਖੜਾ ਹੋ ਗਿਆ। ਘਰਦਿਆਂ ਨੇ ਵਿਆਂਦੜ ਤੋਂ ਚੋਰੀ ਉਸਦੇ ਕੁਝ ਮਿੱਤਰਾਂ ਦੋਸਤਾਂ ਨੂੰ ਮਨਾ ਲਿਆ ਕਿ ਉਹ ਇਕ ਬਜ਼ੁਰਗ ਨੂੰ ਪੇਟੀ ਵਿਚ ਬੰਦ ਕਰਕੇ ਲੈ ਜਾਣ। ਜੇ ਕਰ ਕੁੜੀ ਵਾਲਿਆਂ ਦੇ ਜਾ ਕੇ ਕੋਈ ਹੀਮ ਕੀਮ ਹੋ ਗਈ ਤਾਂ ਉਸ ਬਜ਼ੁਰਗ ਦੀ ਮਦਦ ਲੈ ਲਿਓ। ਕਰਦੇ ਕਰਾਉਂਦੇ ਬਰਾਤ ਕੁੜੀ ਵਾਲਿਆਂ ਦੇ ਪਹੁੰਚ ਗਈ ਤੇ ਕੁੜੀ ਵਾਲਿਆਂ ਨੇ ਬਾਕੀ ਰਸਮਾਂ ਕਰਨ ਤੋਂ ਪਹਿਲਾਂ ਇਹ ਸ਼ਰਤ ਰੱਖ ਦਿੱਤੀ ਕਿ ਸਾਡੇ ‘ਇਕ ਵਿਅਕਤੀ ਇਕ ਬੱਕਰਾ’ ਦੀ ਰਸਮ ਹੈ ਇਹ ਪਹਿਲਾਂ ਨਿਭਾਓ।ਤੁਸੀਂ ਸੌ ਨੌਜਵਾਨਾਂ ਦੀ ਬਰਾਤ ਲੈ ਕੇ ਆਏ ਹੋ ਅਸੀਂ ਉਸੇ ਹਿਸਾਬ ਨਾਲ ਸੌ ਬੱਕਰਾ ਤੁਹਾਡੇ ਲਈ ਲਿਆ ਕੇ ਬੰਨ੍ਹਿਆ ਹੋਇਆ ਹੈ ਇਕ ਇਕ ਨੌਜਵਾਨ ਇਕ ਇਕ ਬੱਕਰਾ ਵੱਡ ਕੇ ਖਾਉ ਤਾਂ ਹੀ ਕੁੜੀ ਵਿਆਹ ਕੇ ਤੋਰਾਂਗੇ। ਹੁਣ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਭਾਈ ਇਕ ਆਦਮੀ ਇਕ ਬੱਕਰਾ ਕਿਵੇਂ ਖਾ ਸਕਦਾ ਹੈ। ਫਿਰ ਕੀ ਸੀ ਲੋੜ ਪੈ ਗਈ ਸਿਆਣੇ ਦੀ, ਕਿਸੇ ਬਜ਼ੁਰਗ ਦੀ। ਆਖਰ ਪੇਟੀ ਵਿਚੋਂ ਨਾਲ ਲਿਆਂਦੇ ਬਜ਼ੁਰਗ ਨੂੰ ਬਾਹਰ ਕੱਢਿਆ ਤੇ ਉਸਨੂੰ ਸਾਰੀ ਕਹਾਣੀ ਸੁਣਾਈ ਤੇ ਹੱਲ ਪੁੱਛਿਆ। ਬਜ਼ੁਰਗ ਨੇ ਕਿਹਾ ਕਿ ਇਹ ਕਿਹੜੀ ਵੱਡੀ ਗੱਲ ਹੈ ਇਕ ਬੱਕਰਾ ਵੱਡੋ ਉਹਨੂੰ ਬਣਾ ਕੇ ਸਾਰੇ ਜਣੇ ਇਕੱਠੇ ਖਾ ਲਓ ਇਸੇ ਤਰ੍ਹਾਂ ਦੂਜਾ ਬੱਕਰਾ ਝਟਕਾਉ ਉਹਨੂੰ ਬਣਾਉ ਤੇ ਖਾ ਲਓ। ਨੌਜਵਾਨਾਂ ਇਸੇ ਤਰ੍ਹਾਂ ਕੀਤਾ ਤਾਂ ਦੇਖਦੇ ਹੀ ਦੇਖਦੇ ਸੌ ਬੱਕਰਾ ਖਾਧਾ ਗਿਆ ਤੇ ਹੁਣ ਸਭ ਉਸ ਬਜ਼ੁਰਗ ਬਾਬੇ ਦੇ ਦਿਮਾਗ ਦੀ ਦਾਦ ਦੇ ਰਹੇ ਸਨ। ਹੁਣ ਵਾਪਿਸ ਆਉਂਦੇ ਹਾਂ ਮਨਪ੍ਰੀਤ ਬਾਦਲ ਵਲੋਂ ਹਾਇਰ ਕੀਤੇ ਗਏ ਨੌਜਵਾਨ ਪੜੇ ਲਿਖੇ ਤੇ ਕੰਪਿਊਟਰ ਦਾ ਗਿਆਨ ਰੱਖਣ ਵਾਲੇ ਸਿਪਾਹੀਆਂ ਦੀ ਗੱਲ ਤੇ। ਇਹ ਲੇਖ ਪੜ੍ਹਨ ਵਾਲੇ ਜ਼ਿਆਦਾਤਰ ਪਾਠਕ ਫੇਸਬੁੱਕ ਨਾਲ ਜ਼ਰੂਰ ਜੁੜੇ ਹੋਣਗੇ। ਉਹਨਾਂ ਇਹ ਹਮੇਸ਼ਾ ਮਹਿਸੂਸ ਕੀਤਾ ਹੋਵੇਗਾ ਕਿ ਹਮੇਸ਼ਾ ਹੀ ਮਨਪ੍ਰੀਤ ਬਾਦਲ ਦੀ ਖਬਰ ਦੇ ਹੇਠਾਂ ‘ਭਾਜੀ ਤੁਸੀਂ ਹੀ ਅਗਲੇ ਮੁੱਖ ਮੰਤਰੀ’, ‘ਮਨਪ੍ਰੀਤ ਜੀ ਤੁਸੀਂ ਹੀ ਬਚਾ ਸਕਦੇ ਹੋ ਪੰਜਾਬ ਨੂੰ’, ‘ਮਨਪ੍ਰੀਤ ਬਾਦਲ ਜ਼ਿੰਦਾਬਾਦ’, ‘ਪੀ ਪੀ ਪੀ ਜ਼ਿੰਦਾਬਾਦ’ ਅਤੇ ਇਸ ਤਰ੍ਹਾਂ ਦੇ ਅਨੇਕਾਂ ਰਟੇ ਰਟਾਏ ਸਲੋਗਨਾਂ ਨਾਲ ਲਗਾਤਾਰ ਹੀ ਕੀਤੇ ਹੋਏ ਕੁਮੈਂਟ ਦਿਖਾਈ ਦਿੰਦੇ ਸਨ। ਇਹਨਾਂ ਵਿਚੋਂ ਜੇਕਰ ਕੋਈ ਵੀ ਵਿਅਕਤੀ ਨਾਕਰਾਤਮਕ ਲਹਿਜ਼ੇ ਵਿਚ ਮਨਪ੍ਰੀਤ ਬਾਦਲ ਨੂੰ ਕੋਈ ਸਵਾਲ ਕਰਦਾ ਸੀ ਤਾਂ ਇਹਨਾਂ ‘ਭਾੜੇ ਦੇ ਟੱਟੂਆਂ’ ਵਲੋਂ ਬਹੁਤ ਹੀ ਸਖਤ ਲਹਿਜ਼ੇ ਵਿਚ ਉਸ ਨੂੰ ਜਵਾਬ ਦਿੱਤੇ ਜਾਂਦੇ ਸਨ ਤੇ ਕਈ ਤਾਂ ਸਵਾਲ ਕਰਨ ਵਾਲੇ ਨੂੰ ਗਾਲਾਂ ਹੀ ਕੱਢ ਦਿੰਦੇ ਸਨ। ਉਹਨਾਂ ਵਲੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੋ ਵੀ ਮਨਪ੍ਰੀਤ ਬਾਦਲ ਨੂੰ ਪਸੰਦ ਨਹੀਂ ਕਰਦਾ ਉਹ ਇਨਸਾਨ ਹੀ ਨਹੀਂ ਉਹ ਜਾਨਵਰ ਹੈ। ਮਨਪ੍ਰੀਤ ਬਾਦਲ ਦਾ ਅਕਸ ‘ਰੱਬ ਰੂਪੀ’ ਬਣਾਉਣ ਦੀ ਇਹਨਾਂ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਕਿ ਮਨਪ੍ਰੀਤ ਬਾਦਲ ਦੁਨੀਆਂ ਦਾ ਸਭ ਤੋਂ ਸੱਚਾ ਸੁੱਚਾ ਤੇ ਇਮਾਨਦਾਰ ਵਿਅਕਤੀ ਹੈ।ਜੇਕਰ ਕੋਈ ਸਬੂਤ ਸਹਿਤ ਵੀ ਉਸਦੇ ਸਖਸ਼ੀਅਤ ਸਬੰਧੀ ਕੋਈ ਗੱਲ ਕਰਦਾ ਸੀ ਤਾਂ ਉਸਨੂੰ ਤਰ੍ਹਾਂ ਤਰ੍ਹਾਂ ਸ਼ਬਦ ਵਰਤ ਕੇ ਠਿੱਠ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਉਸ ਨੂੰ ਇਹ ਕਿਹਾ ਜਾਂਦਾ ਕਿ ਉਸ ਦਾ ਨਿੱਜੀ ਤਜ਼ਰਬਾ ਹੈ ਤੇ ਉਹ ਇਸ ਨੂੰ ਕੈਸ਼ ਕਰ ਰਿਹਾ ਹੈ। ਜੇਕਰ ਕਿਸੇ ਦੁੱਖ ਵਾਲੇ ਨੂੰ ਹੋਰ ਦੁੱਖ ਹੀ ਦਿੱਤਾ ਜਾਵੇਗਾ ਤਾਂ ਉਹ ਉਸ ਵਕਤ ਤਾਂ ਭਾਵੇਂ ਕੁਝ ਨਾ ਕਰ ਸਕੇ ਪਰ ਸਮਾਂ ਆਉਣ ਤੇ ਉਹ ਆਪਣੇ ਰੋਸੇ ਦਾ ਪ੍ਰਗਟਾਵਾ ਜ਼ਰੂਰ ਕਰੇਗਾ।ਦਾਦਾ ਜੀ ਵਲੋਂ ਸੁਣਾਈ ਗਈ ਕਹਾਣੀ ਅਨੁਸਾਰ ਮਨਪ੍ਰੀਤ ਬਾਦਲ ਨੇ ਹਾਇਰ ਕੀਤੇ ਗਏ ਪੜੇ ਲਿਖੇ ਨੌਜਵਾਨਾਂ ਨੂੰ ਇਹ ਨਹੀਂ ਸਮਝਾਇਆ ਗਿਆ ਕਿ ਬਾਣੀ ਵਿਚ ਵੀ ਦਰਜ ਹੈ ਕਿ ‘ਰੋਸ ਨਾ ਕੀਜੇ ਉਤਰ ਦੀਜੇ’ ਭਾਵ ਜੇਕਰ ਕਲਯੁਗੀ ਇਨਸਾਨ ਦੀ ਸਵੱਛਤਾ ਅਤੇ ਪ੍ਰਪੱਕਤਾ ਦਾ ਯਕੀਨ ਗੁਰੂ ਗੋਬਿੰਦ ਸਿੰਘ ਜੀ ਨੂੰ ਹੁੰਦਾ ਤਾਂ ਸ਼ਾਇਦ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਨਾ ਸੌਂਪ ਕੇ ਕਿਸੇ ਦੇਹ ਧਾਰੀ ਇਨਸਾਨ ਨੂੰ ਗੱਦੀ ਦਿੰਦੇ। ਇਨਸਾਨ ਗਲਤੀਆਂ ਦਾ ਪੁਤਲਾ ਹੈ। ਹੋ ਸਕਦਾ ਹੈ ਕਿ ਮਨਪ੍ਰੀਤ ਬਾਦਲ ਸਬੰਧੀ ਵੀ ਕਿਸੇ ਨੂੰ ਕੋਈ ਗੁੱਸਾ ਗਿਲਾ ਹੋਵੇ, ਜਾਂ ਮਨਪ੍ਰੀਤ ਬਾਦਲ ਵਿਚ ਵੀ ਕੋਈ ਗਲਤੀ ਹੋਵੇ, ਉਸ ਬਾਰੇ ਕਿਸੇ ਨੂੰ ਕੋਈ ਸਵਾਲ ਹੋਵੇ, ਮਨਪ੍ਰੀਤ ਬਾਦਲ ਕੋਈ ਰੱਬ ਤਾਂ ਨਹੀਂ, ਪਰ ਇਹਨਾਂ ਪੜ੍ਹੇ ਲਿਖੇ ਨੌਜਵਾਨਾਂ ਵਲੋਂ ਇਸ ਤਰ੍ਹਾਂ ਦੇ ਛੋਟੇ ਮੋਟੇ ਵਿਰੋਧਾਂ ਨੂੰ ਸੂਝਵਾਨਤਾ ਨਾਲ ਸ਼ਾਂਤ ਕਰਨ ਦੀ ਬਜਾਏ ਦੁਖੀ ਨੂੰ  ਕਤਲ ਕਰਨ ਦੀ ਭਾਵਨਾ ਨਾਲ ਕੰਮ ਕੀਤਾ ਜੋ ਕਿ ਹੌਲੀ ਹੌਲੀ ਉਸ ਦੀ ਹਾਰ ਦਾ ਕਾਰਨ ਬਣਦਾ ਗਿਆ। ਹੋ ਸਕਦਾ ਹੈ ਕਿ ਇਹਨਾਂ ਕੁਮੈਂਟ ਕਰਨ ਵਾਲਿਆਂ ਵਿਚ ਮਨਪ੍ਰੀਤ ਬਾਦਲ ਦੇ ਪ੍ਰਸ਼ੰਸ਼ਕ ਵੀ ਹੋਣ ਪਰ ਉਹਨਾਂ ਵੀ ਇਸ ਤਰ੍ਹਾਂ ਦੇ ‘ਹਲਕੇ’ ਕੁਮੈਂਟ ਕਰਕੇ ਮਨਪ੍ਰੀਤ ਬਾਦਲ ਦਾ ਨੁਕਸਾਨ ਹੀ ਕੀਤਾ ਹੈ। ਗਾਲਾਂ ਕੱਢਣ (ਲਿਖਣ) ਜਾਂ ਜਾਤ ਪਾਤ ਤੇ ਅਧਾਰਤਿ ਗੱਲਾਂ ਕਰਕੇ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨ ਨਾਲੋਂ ਜੇਕਰ ਤਰਕ ਦੇ ਅਧਾਰ ਤੇ ਉੱਤਰ ਦਿੱਤਾ ਜਾਵੇ ਤਾਂ ਉਹ ਜ਼ਿਆਦਾ ਪ੍ਰਭਾਵੀ ਸਿੱਧ ਹੁੰਦਾ ਹੈ। ਸੋਸ਼ਲ ਸਾਈਟਾਂ ਤੇ ਬੇਹਿਸਾਬੇ ਪ੍ਰਚਾਰ ਕਾਰਨ  ਵਿਰੋਧੀਆਂ ਵਲੋਂ ਅੱਜ ਮਨਪ੍ਰੀਤ ਬਾਦਲ ਦੀ ਪੀ ਪੀ ਪੀ ਨੂੰ ਫੇਸਬੁੱਕ ਪਾਰਟੀ ਦਾ ਨਾਮ ਦਿੱਤਾ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਮਨਪ੍ਰੀਤ ਬਾਦਲ ਪੜੇ ਲਿਖੇ ਨੌਜਵਾਨਾਂ ਦੀ ਬਰਾਤ ਵਿਚ ਕੁਝ ਸੂਝਵਾਨ ਨੌਜਵਾਨਾਂ ਨੂੰ ਵੀ ਸ਼ਾਮਿਲ ਕਰਦਾ ਹੈ ਕਿ ਜਾਂ ਫਿਰ ‘ਇਕ ਵਿਅਕਤੀ ਇਕ ਬੱਕਰਾ’ ਦੀ ਘੁੰਮਣਘੇਰੀ ਵਿਚ ਫਸਿਆ ਰਹਿੰਦਾ ਹੈ।
ਅਜਮੇਰ ਸਿੰਘ ਚਾਨਾ
ਪੱਤਰਕਾਰ ਜਗ ਬਾਣੀ
9815764582


    

3 comments:

  1. ਵੀਰ ਗੁੱਸਾ ਕਰੇਗਾ. ਪੰਜਾਬੀ ਤੁਹਾਡੀ ਚੰਗੀ ਹੈ, ਪਰ ਇਹ ਇਲਜਾਮ ( ਭਾੜੇ ਦੇ ਟੱਟੂ) ਬੇਬੁਨਿਆਦ ਹੈ. ਮੈੰ ਤੇ ਮੇਰੇ ਵਰਗੇ ਹਜਾਰਾਂ ਹੋਰ ਸਾਥੀ ਪਪ੍ਪ ਦੇ ਨਾਲ ਜਾਗੋ ਯਾਤਰਾ ਤੋਂ ਜੁੜੇ ਹੋਏ ਹਾਂ, ਫੇਸਬੁੱਕ ਉੱਤੇ. ਸਾਨੂੰ ਕਿਸੇ ਮਨਪ੍ਰੀਤ ਨੇ ਨਹੀ ਕਿਹਾ. ਅਸੀਂ ਜੇ ਉਸ ਦੀ ਤਾਰੀਫ਼ ਕਰਦੇ ਹਾਂ, ਤਾਂ ਗ਼ਲਤ ਕੰਮ ਵਿਚ ਵਿਰੋਦਤਾ ਵੀ. ਬਾਕੀ ਵੀਰ ਹਰ ਕੋਈ ਆਪਣੀ ਸੋਚ ਨਾਲ ਜਵਾਬ ਦੇਂਦਾ. ਜੇਕਰ ਕੋਈ ਕਿਸੇ ਨੂੰ ਗਾਲਾਂ ਕਢਦਾ ਸੀ, ਤਾਂ ਨਿਜੀ ਸੋਚ ਦੀ ਦੇਣ ਹੈ. ਬਾਕੀ ਵੀਰ ਪਤਰਕਾਰੀ ਤਥ ਤੇ ਅਧਾਰਤ ਚੰਗੀ ਹੁੰਦੀ ਹੈ, ਪਰ ਅਫ਼ਸੋਸ ਅੱਜ ਕੱਲ ਇਹ ਪੇੰਨ ਨਾਲੋਂ ਨੋਟਾਂ ਦੀ ਸ਼ਿਆਹੀ ਤੇ ਜਿਆਦਾ ਗੂੜਾ ਲਿਖਦੀ ਹੈ.

    ReplyDelete
  2. ਵੀਰ ਜੀ ਮੇਰੇ ਕੋਲ ਹਰ ਇਕ ਤੱਥ ਮੌਜੂਦ ਹੈ, ਬਾਕੀ ਲੇਖ ਨੂੰ ਦੁਬਾਰਾ ਧਿਆਨ ਨਾਲ ਪੜ੍ਹਿਓ ਮੈਂ ਤੁਹਾਡੇ ਵਰਗੇ ਭਾਵਨਾਤਮਕ ਤੌਰ ਤੇ ਤੁਰੇ ਲੋਕਾਂ ਬਾਰੇ ਵੀ ਲਿਖਿਆ ਹੈ। ਭਾਵਨਾ ਵਿਚ ਵਹਿ ਕੇ ਕੱਟੜ ਹੋ ਜਾਣਾ ਹੀ ਹਮੇਸ਼ਾ ਨਿਘਾਰ ਦਾ ਕਾਰਨ ਬਣਦਾ ਹੈ। ਜਿਹੜਾ ਆਪਣੀਆਂ ਜਾਂ ਆਪਣੇ ਪਿਆਰੇ ਦੀਆਂ ਕਮਜ਼ੋਰੀਆਂ ਨਹੀਂ ਸੁਣ ਸਕਦਾ ਉਹ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਜਾਂ ਆਪਣੇ ਪਿਆਰੇ ਦਾ ਨੁਕਸਾਨ ਹੀ ਕਰ ਰਿਹਾ ਹੁੰਦਾ ਹੈ। ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਹੋ ਸਕਦਾ ਹੈ ਕਿ ਪੱਤਰਕਾਰ ਭ੍ਰਿਸ਼ਟ ਹੋਣ ਪਰ ਸਾਰੇ ਨਹੀਂ।ਬਿਨਾਂ ਕਿਸੇ ਪੁਖਤਾ ਸਬੂਤ ਦੇ ਦੋਸ਼ ਲਗਾਉਣਾ ਉਵੇਂ ਹੀ ਗਲਤ ਹੈ ਜਿਵੇਂ ਤੁਹਾਨੂੰ ਮੇਰੇ ਵਲੋਂ ਦਿੱਤੇ ਗਏ ਸਬੂਤਾਂ ਦੇ ਬਾਵਜੂਦ ਵੀ ਗਲਤ ਲੱਗ ਰਿਹਾ ਹੈ।

    ReplyDelete
  3. Great Chana sahib Att kar diti , Ajj kal ehna netama de brodh bolana oh vi Punjab vich bohat daleri da kam hai.......

    ReplyDelete