Sunday, 1 July 2012

ਬਾਲ ਮਨਾਂ 'ਚ ਗੁਰਬਾਣੀ ਸੰਗੀਤ ਪ੍ਰਤੀ ਸਤਿਕਾਰ ਪੈਦਾ ਕਰਨਾ ਹੀ ਹੈ ਡਾ. ਬਲਜੀਤ ਕੌਰ ਖਾਲਸਾ ਦਾ ਸੰਕਲਪ

ਕਹਿੰਦੇ ਨੇ ਬੱਚੇ ਦਾ ਮਨ ਇਕ ਕੋਰਾ ਕਾਗਜ਼ ਹੁੰਦਾ ਹੈ ਉਸ ਉੱਪਰ ਜੋ ਵੀ ਉੱਕਰ ਦੇਵੋਗੇ ਉਸਦਾ ਪ੍ਰਭਾਵ ਸਾਰੀ ਜ਼ਿੰਦਗੀ ਹੀ ਉਸ ਦੇ ਮਨ ਮੰਦਿਰ ਵਿਚ ਵਸਿਆ ਰਹੇਗਾ। ਨਿਰਭਰ ਕਰਦਾ ਹੈ ਕਿ ਉਸ ਬੱਚੇ ਦਾ ਬਚਪਨ ਕਿਹੋ ਜਿਹੇ ਮਹੌਲ ਵਿਚ ਬੀਤ ਰਿਹਾ ਹੈ। ਜੇਕਰ ਉਸ ਨੂੰ ਬਚਪਨ ਵਿਚ ਹੀ ਸਹੀ ਸੇਧ ਮਿਲ ਜਾਂਦੀ ਹੈ ਤਾਂ ਉਸਦੀ ਭਵਿੱਖੀ ਸਖਸ਼ੀਅਤ ਦੀ ਇਕ ਮਜ਼ਬੂਤ ਨੀਂਹ ਰੱਖੀ ਜਾ ਸਕਦੀ ਹੈ। ਇਸ ਸੋਚ ਦੀ ਧਾਰਨੀ ਡਾ ਬਲਜੀਤ ਕੌਰ ਖਾਲਸਾ ਨਾਲ ਬਿਨਾਂ ਕਿਸੇ ਵਾਕਫੀਅਤ ਦੇ ਮੁਲਾਕਾਤ ਦਾ ਸਬੱਬ ਬਣਿਆ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਜਨਮ ਮਿਤੀ 8 ਤੰਬਰ 1984 ਨੂੰ ਅੰਬਾਲਾ ਵਿਖੇ ਪਿਤਾ ਸ ਅੰਮ੍ਰਿਤਪਾਲ ਸਿੰਘ ਅਤੇ ਮਾਤਾ ਬੀਬੀ ਦਵਿੰਦਰ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਮੁੱਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਆਪ ਜੀ ਨੇ ਐਮ ਡੀ ਐਸ ਡੀ
ਕਾਲਜ ਅੰਬਾਲਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਕਿਸੇ ਕਾਰਨ ਆਪ ਜੀ ਦੇ ਪਰਿਵਾਰ ਨੂੰ ਪੱਕੇ ਤੌਰ 'ਤੇ ਜਾਣਾ ਪੈ ਗਿਆ ਜਿਥੋਂ ਕਿ ਆਪ ਨੇ ਐਮ ਏ, ਐਮ ਫਿਲ ਦੀ ਮਾਸਟਰ ਡਿਗਰੀ ਕਰਨ ਉਪਰੰਤ 'ਪੰਜਾਬ ਮੇਂ ਗੁਰਬਾਣੀ ਸੰਗੀਤ ਕਾ ਵਿਕਾਸ' ਵਿਸ਼ੇ 'ਤੇ ਸੰਨ 2011 ਵਿਚ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ। ਡਾ ਬਲਜੀਤ ਕੌਰ ਖਾਲਸਾ ਦੱਸਦੇ ਹਨ ਕਿ ਉਹਨਾਂ ਦੇ ਨਾਨੀ ਜੀ ਗੁਰਦਵਾਰਾ ਸਾਹਿਬ ਵਿਚ ਕੀਰਤਨ ਕਰਿਆ ਕਰਦੇ ਸਨ ਜਿਸ ਕਾਰਨ ਉਹਨਾਂ ਦੀ ਮਾਤਾ ਜੀ ਅਤੇ ਪਿਤਾ ਜੀ ਵੀ ਕੀਰਤਨ ਵੱਲ ਆਕਰਸ਼ਿਤ ਹੋਏ ਤੇ ਗੁਰਦੁਆਰਾ ਸਾਹਿਬ ਵਿਚ ਕੀਰਤਨ ਗਾਇਨ ਦੀ ਨਿਸ਼ਕਾਮ ਸੇਵਾ ਕਰਦੇ ਰਹੇ। ਵਿਰਾਸਤ ਵਿਚ ਮਿਲੀ ਗੁਰਬਾਣੀ ਸੰਗੀਤ ਦੀ ਕਲਾ ਨੂੰ ਡਾ ਬਲਜੀਤ ਕੌਰ ਨੇ ਹੋਰ ਵਿਕਸਤ ਕਰਨ ਲਈ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼ੁਰੂ ਹੋਣ ਤੋਂ ਹੀ ਸੰਗੀਤ ਦੇ ਪ੍ਰੌ ਬਾਗੇਸ਼ਵਰੀ ਅਤੇ ਸਵਰਨਾ ਮੈਡਮ ਤੋਂ ਸ਼ਾਸ਼ਤਰੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੀ ਕੀਤੀ ਅਤੇ ਬਕਾਇਦਾ ਸੰਗੀਤਕ ਬਾਰੀਕੀਆਂ ਤੇ ਆਪਣੀ ਪਕੜ ਮਜ਼ਬੂਤ ਕੀਤੀ। ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਨੂੰ ਆਪਣਾ ਆਦਰਸ਼ ਮੰਨਣ ਵਾਲੀ ਡਾ ਬਲਜੀਤ ਕੌਰ ਖਾਲਸਾ ਨੇ ਵੱਖ ਵੱਖ ਗੁਰੂ ਘਰਾਂ ਵਿਚ ਆਪਣੀ ਛੋਟੀ ਭੈਣ ਗੁਰਸਿਮਰਨ ਕੌਰ ਅਤੇ ਤਬਲਾਵਾਦਕ ਭਾਈ ਅਜੀਤ ਸਿੰਘ ਜੀ ਨਾਲ ਜਥਾ ਬਣਾ ਕੇ ਗੁਰਬਾਣੀ ਕੀਰਤਨ ਦਾ ਗਾਇਨ ਕਰਨਾ ਸ਼ੁਰੂ ਕੀਤਾ। ਪੂਰੇ ਪਰਿਵਾਰ ਵਲੋਂ ਚੰਡੀਗ੍ਹੜ ਪੱਕੇ ਤੌਰ ਤੇ ਰਿਹਾਇਸ਼ ਕਰ ਲੈਣ ਉਪਰੰਤ ਡਾ ਬਲਜੀਤ ਕੌਰ ਖਾਲਸਾ ਨੇ ਆਪਣੀ ਇਸ ਕਲਾ ਨੂੰ ਸਿੱਖ ਸੰਗਤਾਂ ਵਿਚ ਵੰਡਣ ਦਾ ਮਨ ਬਣਾ ਲਿਆ ਅਤੇ ਖਾਸ ਕਰ ਬਾਲ ਮਨਾਂ ਵਿਚ ਗੁਰਬਾਣੀ ਸੰਗੀਤ ਪ੍ਰਤੀ ਸਤਿਕਾਰ ਪੈਦਾ ਕਰਨ ਦਾ ਸੰਕਲਪ ਧਾਰ ਲਿਆ। ਉਹਨਾਂ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 36, ਚੰਡੀਗੜ੍ਹ ਵਿਚ ਸੰਗੀਤ ਅਧਿਆਪਕਾ ਵਜੋਂ ਨੌਕਰੀ ਕਰ ਲਈ ਅਤੇ ਬੱਚਿਆਂ ਨੂੰ ਸੰਗੀਤ ਸਿਖਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ। ਡਾ ਬਲਜੀਤ ਕੌਰ ਦੱਸਦੇ ਹਨ ਕਿ ਜਿਸ ਦਿਨ ਉਹ ਕਿਸੇ ਬੱਚੇ ਨੂੰ ਗੁਰਬਾਣੀ ਸੰਗੀਤ ਨਹੀਂ ਸਿਖਾਉਂਦੇ ਉਸ ਰਾਤ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਕਾਲ ਪੁਰਖ ਨੇ ਉਹਨਾਂ ਨੂੰ ਬੱਚਿਆਂ ਨੂੰ ਗੁਰਬਾਣੀ ਸੰਗੀਤ ਸਿਖਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਅੱਜ ਦੇ ਦਿਨ ਬੱਚਿਆਂ ਨੂੰ ਨਾ ਸਿਖਾ ਕੇ ਉਹਨਾਂ ਕੁਤਾਹੀ ਕੀਤੀ ਹੈ ਜਿਸ ਕਾਰਨ ਉਹਨਾਂ ਨੂੰ ਨੀਂਦ ਨਹੀਂ ਆ ਰਹੀ। ਭਵਿੱਖ ਦੀ ਸੋਚ ਸਬੰਧੀ ਪੁੱਛਣ ਤੇ ਉਹਨਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਉਹ ਗੁਰਬਾਣੀ ਸੰਗੀਤ ਲਈ ਮੁਫਤ ਵਰਲਡ ਗੁਰਬਾਣੀ ਸੰਗੀਤ ਅਕੈਡਮੀ ਨੂੰ ਹੋਂਦ ਵਿਚ ਲਿਆਉਣ। ਉਹਨਾਂ ਦੱਸਿਆ ਕਿ ਹੋ ਸਕਦਾ ਹੈ ਕਿ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਦਾ ਇਹ ਸੁਪਨਾ ਜਲਦੀ ਹੀ ਪੂਰਾ ਹੋ ਜਾਵੇ 'ਤੇ ਇਸ ਅਕੈਡਮੀ ਦਾ ਨਾਮ ਹੋਵੇਗਾ 'ਗੁਰੂ ਨਾਨਕ ਸ਼ਬਦ ਪ੍ਰੀਤ ਸੰਗੀਤ ਅਕੈਡਮੀ'। ਇਸ ਅਕੈਡਮੀ ਵਿਚ 'ਸੁਰ ਅਤੇ ਸਾਜ਼' ਦੋਵਾਂ ਸਬੰਧੀ ਹੀ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇਗੀ। ਤਾਂਤੀ ਸਾਜ਼ ਜਿਨ੍ਹਾਂ ਨੂੰ ਆਮ ਲੋਕ ਭੁੱਲਦੇ ਜਾ ਰਹੇ ਹਨ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਪੁਰਾਤਨ ਗੁਰਬਾਣੀ ਕੀਰਤਨ ਵਿਚ ਵਰਤੇ ਜਾਂਦੇ ਇਹ ਤਾਂਤੀ ਸਾਜ਼ਾਂ ਵਿਚੋਂ ਨਿਕਲਦੀਆਂ ਸੰਗੀਤਕ ਤਰੰਗਾਂ ਦਾ ਅਨੰਦ ਅੱਜ ਦੀ ਸਿੱਖ ਸੰਗਤ ਵੀ ਮਾਣ ਸਕੇ। ਉਹਨਾਂ ਦੱਸਿਆ ਕਿ ਇਸ ਅਕੈਡਮੀ ਵਿਚ ਸਿੱਖ ਇਤਿਹਾਸ ਦੀ ਵੀ ਬੱਚਿਆਂ ਨੂੰ ਸਮੁੱਚੀ ਜਾਣਕਾਰੀ ਦੇਣ ਦਾ ਪ੍ਰਬੰਧ ਹੋਵੇਗਾ। ਹੁਣ ਤੱਕ 2000 ਤੋਂ ਵੀ ਵੱਧ ਬੱਚਿਆਂ ਨੂੰ ਗੁਰਬਾਣੀ ਸੰਥਿਆ ਦੇ ਚੁੱਕੇ ਡਾ ਬਲਜੀਤ ਕੌਰ ਖਾਲਸਾ ਜੀ ਇਹਨਾਂ ਬੱਚਿਆਂ ਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਹੁੰਦੇ ਕੀਰਤਨ ਦਰਬਾਰਾਂ ਵਿਚ ਵੀ ਲੈ ਕੇ ਜਾਂਦੇ ਹਨ ਤੇ ਉਹਨਾਂ ਨੂੰ ਸੰਗਤ ਅੱਗੇ ਕੀਰਤਨ ਗਾਇਨ ਦਾ ਮੌਕਾ ਦਿੰਦੇ ਹਨ ਤਾਂ ਜੋ ਉਹਨਾਂ ਦੇ ਉਤਸ਼ਾਹ ਦਾ ਪੱਧਰ ਹੋਰ ਉੱਚਾ ਹੋ ਸਕੇ ਤੇ ਬੱਚਾ ਆਉਣ ਵਾਲੇ ਸਮੇਂ ਵਿਚ ਦਸ ਗੁਰੂ ਸਾਹਿਬਾਨਾਂ ਨੂੰ ਸਮਰਪਿਤ ਹੋ ਕੇ ਸਿੱਖੀ ਜੀਵਨ ਬਤੀਤ ਕਰਨ ਦਾ ਮਨ ਬਣਾ ਸਕੇ।ਇਸੇ ਲੜੀ ਅਧੀਨ ਉਹ ਇੰਦੌਰ, ਦਿੱਲੀ, ਇਲਾਹਾਬਾਦ, ਚੰਡੀਗੜ੍ਹ, ਅੰਬਾਲਾ ਅਤੇ ਲੁਧਿਆਣਾ ਵਿਖੇ ਕੀਰਤਨ ਦਰਬਾਰਾਂ ਵਿਚ ਕੀਰਤਨ ਦੀ ਸੇਵਾ ਕਰ  ਚੁੱਕੇ ਹਨ। ਡਾ ਬਲਜੀਤ ਕੌਰ ਖਾਲਸਾ ਦੀ ਸੋਚ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਤਾਂਤੀ ਸਾਜ਼ਾਂ 'ਤੇ ਅਧਾਰਿਤ ਇਕ ਸ਼ਬਦ ਕੀਰਤਨ ਦੀ ਇਕ ਕੈਸਿਟ ਜ਼ਰੂਰ ਰਿਕਾਰਡ ਕਰਵਾਉਣੇ ਤਾਂ ਜੋਂ ਸੰਗਤਾਂ ਤਾਂਤੀ ਸਾਜ਼ਾਂ ਦੇ ਅਨੰਦ ਨੂੰ ਘਰ ਬੈਠੀਆਂ ਹੀ ਮਾਣ ਸਕਣ ਅਤੇ ਉਹਨਾਂ ਦੀ ਅਹਿਮੀਅਤ ਨੂੰ ਜਾਣ ਸਕਣ। ਸਿੱਖੀ ਜੀਵਨ ਵਿਚ ਕੀਰਤਨ ਦੇ ਮਹੱਤਵ ਨੂੰ ਵਿਸਥਾਰਿਤ ਕਰਦਿਆਂ ਉਹ ਦੱਸਦੇ ਹਨ ਕਿ ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ 'ਕਲਯੁਗ ਮਹਿ ਕੀਰਤਨ ਪਰਧਾਨਾ' ਭਾਵ ਕਲਯੁਗ ਦੇ ਸਮੇਂ ਵਿਚ ਕੀਰਤਨ ਹੀ ਮਨੁੱਖ ਨੂੰ ਸਹੀ ਮਾਰਗ ਦਰਸਾ ਸਕਦਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ 31 ਰਾਗਾਂ ਵਿਚ ਲਿਖੀ ਗਈ ਹੈ ਜੇਕਰ ਇਸ ਬਾਣੀ ਨੂੰ ਇਹਨਾਂ ਰਾਗਾਂ ਦੇ ਅਨੁਕੂਲ ਹੀ ਪੜ੍ਹਿਆ ਜਾਵੇ ਤਾਂ ਇਸ ਦੇ ਅਨੰਦ ਦਾ ਅਸਰ ਕਈ ਗੁਣਾ ਵਧ ਜਾਂਦਾ ਹੈ। ਡਾ ਬਲਜੀਤ ਕੌਰ ਦੀ ਸੋਚ ਹੈ ਕਿ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਵਿਚ ਵੀ ਕਰੇ ਤਾਂ ਜੋ ਵਿਦੇਸ਼ੀ ਸਿੱਖ ਸੰਗਤਾਂ ਤਾਂਤੀ ਸਾਜ਼ਾਂ ਵਾਲੇ ਨਿਰੋਲ ਕੀਰਤਨ ਦੀ ਰੂਹਾਨੀਅਤ ਨੂੰ ਮਹਿਸੂਸ ਕਰ ਸਕਣ।ਬੀਬੀ ਬਲਜੀਤ ਕੌਰ ਖਾਲਸਾ ਜੀ ਇਸ ਵੇਲੇ ਚੰਡੀਗੜ੍ਹ ਵਿਖੇ ਆਪਣੇ ਮਾਤਾ ਪਿਤਾ ਤੋਂ ਇਲਾਵਾ ਭੈਣ ਹਰਸਿਮਰਨ ਕੌਰ ਅਤੇ ਭਰਾ ਇੰਜੀਨੀਅਰ ਜਸਪ੍ਰੀਤ ਸਿੰਘ ਨਾਲ ਗੁਰੂ ਦੇ ਭਾਣੇ ਵਿਚ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਹਨ। ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾਂ ਉਹਨਾਂ ਦੀ ਸਿੱਖੀ ਸੇਵਕੀ ਦੀ ਹਰ ਇੱਛਾ ਪੂਰੀ ਕਰੇ।
ਅਜਮੇਰ ਸਿੰਘ ਚਾਨਾ
ਪੱਤਰਕਾਰ
9815764582

No comments:

Post a Comment