ਮੁਲਾਕਾਤੀ: ਅਜਮੇਰ ਸਿੰਘ ਚਾਨਾ
ਸਿੱਖ ਸੰਘਰਸ਼ ਵਿਚ ਲੰਮੀ ਘਾਲਣਾ ਘਾਲਣ ਵਾਲੇ ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਨਾਮ ਕੋਈ ਜਾਣ ਪਛਾਣ ਦਾ ਮੁਥਾਜ ਨਹੀਂ ਹੈ।ਆਪਣੀ ਜ਼ਿੰਦਗੀ ਦੇ ਮਹਿੰਗੇ ਪਲ ਦੇਸ਼ ਵਿਦੇਸ਼ ਦੀਆਂ ਜੇਲਾਂ ਵਿਚ ਬਿਤਾਉਣ ਵਾਲੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਸਿੱਖੀ ਦੇ ਪ੍ਰਚਾਰ ਦੀ ਤਮੰਨਾ ਮਨ ਵਿਚ ਲੈ ਕੇ ਮਿਤੀ 18 ਸਤੰਬਰ 2011 ਨੂੰ ਹੋਣ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਦੁਆਬੇ ਦੇ ਅਹਿਮ ਹਲਕੇ ਫਿਲੌਰ ਤੋਂ ਸਾਂਝੇ ਪੰਥਕ ਮੋਰਚੇ ਦੇ ਉਮੀਦਵਾਰ ਵਜੋਂ ਸੰਗਤਾਂ ਦੀ ਕਚਿਹਰੀ ਵਿਚ ਪੇਸ਼ ਹੋਏ
ਹਨ। ਬੀਤੇ ਦਿਨੀਂ ਉਹ ਫਿਲੌਰ ਦੇ ਨਜ਼ਦੀਕ ਪਿੰਡ ਕੰਗ ਜਗੀਰ ਵਿਖੇ ਛੇਵੇਂ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਭਾਈ ਬਾਲਾ ਜੀ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਧਾਰਮਿਕ ਦੀਵਾਨ ਵਿਚ ਸ਼ਾਮਿਲ ਹੋਣ ਪਹੁੰਚੇ ਜਿਥੇ ਪੱਤਰਕਾਰ ਅਜਮੇਰ ਸਿੰਘ ਚਾਨਾ ਨਾਲ ਉਹਨਾਂ ਦੀ ਸੰਖੇਪ ਮੁਲਾਕਾਤ ਹੋਈ ਜਿਸ ਦੇ ਮੁੱਖ ਅੰਸ਼ ਪੇਸ਼ ਹਨ:
ਸਵਾਲ: ਭਾਈ ਕੁਲਵੀਰ ਸਿੰਘ ਜੀ ਸਾਨੂੰ ਪਤਾ ਹੈ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਕੀਮਤੀ ਹੈ ਤੇ ਤੁਸੀਂ ਵੱਖ ਵੱਖ ਪਿੰਡਾਂ ਵਿਚ ਪ੍ਰਚਾਰ ਲਈ ਜਾਣਾ ਹੈ, ਇਸ ਰੁੱਝੇ ਹੋਏ ਪਲਾਂ ਵਿਚੋਂ ਮੈਨੂੰ ਸਮਾਂ ਦੇਣ ਲਈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ।
ਜਵਾਬ: ਸਮਾਂ ਭਾਵੇਂ ਬਹੁਤ ਘੱਟ ਹੈ ਪਰ ਤੁਸੀਂ ਜੋ ਦੇਸ਼ ਵਿਦੇਸ਼ ਵਸਦੇ ਸਿੱਖਾਂ ਤੱਕ ਮੇਰੀ ਅਵਾਜ਼ ਪਹੁਚਾਉਣ ਦਾ ਉਪਰਾਲਾ ਕਰਨ ਜਾ ਰਹੇ ਹੋ ਇਸ ਲਈ ਆਪ ਜੀ ਦਾ ਵੀ ਧੰਨਵਾਦ ਤੇ ਸਮੂਹ ਪਾਠਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਵਾਲ: ਸਭ ਤੋਂ ਪਹਿਲਾਂ ਆਪਣੇ ਮੁੱਢਲੇ ਜੀਵਨ ਅਤੇ ਆਪਣੇ ਮਾਤਾ ਪਿਤਾ ਜੀ ਬਾਰੇ ਕੁਝ ਦੱਸੋ?
ਜਵਾਬ: ਮੇਰਾ ਜਨਮ ਦੁਆਬੇ ਦੇ ਉਦਯੋਗਿਕ ਸ਼ਹਿਰ ਗੁਰਾਇਆ ਦੇ ਲਹਿੰਦੇ ਪਾਸੇ ਘੁੱਗ ਵਸਦੇ ਪਿੰਡ ਬੜਾ ਪਿੰਡ ਵਿਖੇ ਮਾਤਾ ਕਰਮ ਕੌਰ ਅਤੇ ਪਿਤਾ ਸ੍ਰ| ਅਜੀਤ ਸਿੰਘ ਦੇ ਘਰ ਹੋਇਆ ਹੋਇਆ। ਇਥੋਂ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਿਚੋਂ ਮੁੱਢਲੀ ਵਿਦਿਆ ਹਾਸਲ ਕਰਕੇ ਖਾਲਸਾ ਕਾਲਜ ਜੰਡਿਆਲਾ ਬੀ ਏ ਵਿਚ ਜਾ ਦਾਖਲ ਹੋਇਆ?
ਸਵਾਲ: ਆਪਣੇ ਪਰਿਵਾਰਕ ਪਿਛੋਕੜ ਬਾਰੇ ਕੁਝ ਦੱਸੋ?
ਜਵਾਬ: ਮੇਰਾ ਪਰਿਵਾਰ ਇਕ ਸਧਾਰਨ ਕਿਸਾਨ ਪਰਿਵਾਰ ਹੈ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੇ ਪਰਿਵਾਰ ਦਾ ਅਟੁੱਟ ਵਿਸ਼ਵਾਸ ਹੈ ਤੇ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਹੈ।
ਸਵਾਲ: ਕਿੰਨੀ ਕੁ ਉਮਰ ਵਿਚ ਤੁਸੀਂ ਸਿੱਖ ਸੰਘਰਸ਼ ਵਿਚ ਕੁੱਦ ਪਏ ਸੀ ਤੇ ਇਸ ਪਾਸੇ ਜਾਣ ਦਾ ਮੁੱਖ ਕਾਰਨ ਕੀ ਸਮਝਦੇ ਹੋ?
ਜਵਾਬ: ਮੇਰਾ ਜਨਮ 06/04/1964 ਦਾ ਹੈ ਤੇ 1982-83 ਵਿਚ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਸ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਸਨ ਤੇ ਜਿਲ੍ਹਾ ਜਲੰਧਰ ਦੀ ਸੇਵਾ ਭਾਈ ਸਤਪਾਲ ਸਿੰਘ ਡੱਲੇਵਾਲ ਸੰਭਾਲ ਰਹੇ ਸਨ, ਦਾ ਅਹਿਮ ਮੈਂਬਰ ਬਣ ਚੁੱਕਾ ਸੀ ਤੇ ਕੇਂਦਰ ਦੀਆਂ ਸਿੱਖ ਵਿਰੋਧੀ ਗਤੀਵਿਧੀਆਂ ਮੇਰੇ ਜ਼ਿਹਨ ਵਿਚ ਹਮੇਸ਼ਾ ਉਬਾਲਾ ਮਾਰਦੀਆਂ ਰਹਿੰਦੀਆਂ ਸਨ?
ਸਵਾਲ: ਸਮਤਲ ਚੱਲ ਰਹੀ ਜ਼ਿੰਦਗੀ ਵਿਚ ਮੋੜਾ ਕਦੋਂ ਆਇਆ?
ਜਵਾਬ: ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਕੇਂਦਰ ਸਰਕਾਰ ਵਲੋਂ ਕੀਤੇ ਗਏ ਹਮਲੇ ਅਤੇ ਦਿੱਲੀ ਵਿਚ ਕਤਲ ਕੀਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲ ਨੇ ਸਮੂਹ ਸਿੱਖ ਜਗਤ ਦੇ ਹਿਰਦੇ ਛਲਣੀ ਕਰ ਸੁੱਟੇ ਸਨ। ਮੇਰੇ ਅੰਦਰਲਾ ਸਿੱਖ ਨੌਜਵਾਨ ਹਿਰਦਾ ਇਸ ਬੇਇਨਸਾਫ ਨੂੰ ਜਰ ਨਾ ਸਕਿਆ?
ਸਵਾਲ: ਉਹਨਾਂ ਵੇਲਿਆਂ ਵਿਚ ਪ੍ਰਸ਼ਾਸ਼ਨ ਦਾ ਸਿੱਖਾਂ ਪ੍ਰਤੀ ਕੀ ਰਵੱਈਆ ਸੀ?
ਜਵਾਬ: ਹਰ ਤਰ੍ਹਾਂ ਦੇ ਪ੍ਰਸ਼ਾਸ਼ਨ ਵਲੋਂ ਸਿੱਖਾਂ ਨੂੰ ਜ਼ਲੀਲ ਕਰਨ ਦੀ ਇਕ ਤਰ੍ਹਾਂ ਨਾਲ ਮੁਹਿੰਮ ਹੀ ਵਿੱਢੀ ਜਾ ਚੁੱਕੀ ਸੀ। ਕਹਿਣ ਨੂੰ ਸੁਰੱਖਿਆ ਫੋਰਸਾਂ ਸਨ ਪਰ ਉਹ ਸਿੱਖਾਂ ਲਈ ਅਸੁਰੱਖਿਅਤ ਸਾਬਤ ਹੋਣ ਲੱਗੀਆਂ। ਦਾੜੀ ਕੇਸਾਂ ਵਾਲਿਆਂ ਦਾ ਅਪਮਾਨ ਕੀਤਾ ਜਾਂਦਾ ਸੀ, ਭੱਦੀ ਸ਼ਬਦਾਵਲੀ ਵਰਤੀ ਜਾਂਦੀ ਸੀ ਅਤੇ ਗੁਰੂ ਘਰਾਂ ਦਾ ਵੀ ਨਿਰਾਦਰ ਕੀਤਾ ਜਾਣ ਲੱਗਾ ਸੀ।
ਸਵਾਲ: ਕੋਈ ਅਜਿਹੀ ਘਟਨਾ ਜਿਸ ਨੇ ਤੁਹਾਨੂੰ ਰੂਪੋਸ਼ ਹੋਣ ਲਈ ਮਜਬੂਰ ਕੀਤਾ ਹੋਵੇ?
ਜਵਾਬ: ਨੇੜਲੇ ਸ਼ਹਿਰ ਫਿਲੌਰ ਵਿਖੇ ਸ਼ਿਵ ਸੈਨਾ ਦੇ ਇਕ ਪ੍ਰਧਾਨ ਅਤੇ ਇਕ ਹੋਰ ਵਿਅਕਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਮੇਰੀ ਗੈਰ ਮੌਜੂਦਗੀ ਵਿਚ ਪੁਲਿਸ ਨੇ ਮੇਰੇ ਮਾਤਾ, ਪਿਤਾ ਅਤੇ ਭਰਾ ਨੂੰ ਨਜ਼ਾਇਜ਼ ਤੌਰ ਤੇ ਗ੍ਰਿਫਤਾਰ ਕਰ ਲਿਆ ਤੇ ਅੰਨੇ੍ਹਵਾਹ ਤਸ਼ੱਦਦ ਕੀਤਾ ਜਿਸ ਕਾਰਨ ਮੈਂ ਸੰਪੂਰਨ ਤੌਰ ਤੇ ਹੀ ਸਿੱਖ ਸੰਘਰਸ਼ ਵਿਚ ਕੁੱਦ ਪਿਆ।
ਸਵਾਲ: ਕੀ ਤੁਸੀਂ ਉਸ ਘਟਨਾਂ ਵਿਚ ਸ਼ਾਮਿਲ ਸੀ?
ਜਵਾਬ: ਸ਼ਾਮਿਲ ਹੋਣਾ ਜਾ ਨਾ ਹੋਣਾ ਕੋਈ ਮਤਲਬ ਨਹੀਂ ਰੱਖਦਾ ਗੌਰ ਕਰਨ ਵਾਲੀ ਤਾਂ ਇਹ ਗੱਲ ਹੈ ਕਿ ਮਾਂ ਪਿਓ ਅਤੇ ਭਰਾ ਕੀ ਦੋਸ਼ ਸੀ। ਇਹ ਸਿਰਫ ਮੇਰੇ ਨਾਲ ਹੀ ਨਹੀਂ ਹੋਇਆ ਹਰ ਸਿੱਖ ਨੌਜਵਾਨ ਨੂੰ ਇਸ ਤਰ੍ਹਾਂ ਦਾ ਤਸ਼ੱਦਦ ਆਪਣੇ ਪਿੰਡੇ ਤੇ ਤਾਂ ਝੱਲਣਾ ਹੀ ਪਿਆ ਸਗੋਂ ਉਹਨਾਂ ਦੇ ਨਿਰਦੋਸ਼ੇ ਪਰਿਵਾਰਾਂ ਰਿਸ਼ਤੇਦਾਰ ਨੂੰ ਵੀ ਝੱਲਣਾ ਪਿਆ। ਇਹੋ ਜਿਹੀ ਧੱਕੇਸ਼ਾਹੀ ਨੇ ਸਿੱਖ ਨੌਜਵਾਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਿਸ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਗਈ।
ਸਵਾਲ: ਸਿੱਖੀ ਸੰਘਰਸ਼ ਲਹਿਰ ਦੌਰਾਨ ਸਿੱਖ ਪੰਥ ਨੇ ਕੀ ਖੱਟਿਆ ਕੀ ਗੁਆਇਆ?
ਜਵਾਬ: ਇਸ ਦੇ ਜਵਾਬ ਲਈ ਤਾਂ ਇਕ ਕਿਤਾਬ ਲਿਖੀ ਜਾਵੇ ਤਾਂ ਉਹ ਵੀ ਘੱਟ ਹੋਵੇਗੀ ਪਰ ਇੰਨਾਂ ਕਹਿਣਾ ਚਾਹਾਂਗਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਅਤੇ ਸ਼ਹੀਦਾਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ। ਅਜੋਕੇ ਸਿੱਖ ਸੰਘਰਸ਼ ਦੌਰਾਨ ਇਤਿਹਾਸ ਦੁਹਰਾਇਆ ਗਿਆ ਹੈ ਤੇ ਦੁਨੀਆਂ ਨੇ ਦੇਖਿਆ ਹੈ ਕਿ ਸਿੱਖਾਂ ਵਿਚ ਅੱਜ ਵੀ ਕੌਮ ਲਈ ਸਭ ਕੁਝ ਕੁਰਬਾਨ ਕਰਨ ਵਾਲੇ ਲੋਕ ਮੌਜੂਦ ਹਨ ਤੇ ਖਾਲਸਾ ਪੰਥ ਅੱਜ ਵੀ ਉਸੇ ਜੋਸ਼ ਨਾਲ ਜੀਵਤ ਹੈ ਭਾਵੇਂ ਕਿ ਲੱਖਾਂ ਹਨੇਰੀਆਂ ਝੁੱਲੀਆਂ ਪਰ ਗੁਰੂ ਨੇ ਮਿਹਰ ਭਰਿਆ ਹੱਥ ਆਪਣੇ ਪੰਥ ਦੇ ਸਿਰ ਤੇ ਰੱਖਿਆ ਹੈ।ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਸੁੱਖਾ, ਭਾਈ ਜਿੰਦਾ, ਸਤਵੰਤ ਸਿੰਘ, ਬੇਅੰਤ ਸਿੰਘ ਤੇ ਹੋਰ ਸੈਂਕੜੇ ਸਿੱਖ ਸ਼ਹੀਦ ਸਿੱਖ ਨੌਜਵਾਨਾਂ ਦੇ ਰੋਲ ਮਾਡਲ ਹਨ।
ਸਵਾਲ: ਤੁਹਾਡੀ ਹੁਣ ਦੀ ਜ਼ਿੰਦਗੀ ਬਾਰੇ ਗੱਲ ਕਰਦੇ ਹਾਂ, ਸਿੱਖੀ ਦੀ ਚੜ੍ਹਦੀ ਕਲਾ ਲਈ ਕੀ ਕਰਨਾ ਲੋਚਦੇ ਹੋ?
ਜਵਾਬ: ਬੜਾ ਮਨ ਦੁਖੀ ਹੁੰਦਾ ਹੈ ਜਦੋਂ ਦੇਖਦੇ ਹਾਂ ਕਿ ਅੱਜ ਦਾ ਪੰਜਾਬੀ ਨੌਜਵਾਨ ਇਕੱਲਾ ਪਤਿਤਪੁਣੇ ਵੱਲ ਹੀ ਨਹੀਂ ਵਧ ਰਿਹਾ ਸਗੋਂ ਨਸ਼ਿਆਂ ਵਿਚ ਵੀ ਗਲਤਾਨ ਹੋ ਰਿਹਾ ਹੈ। ਉਸ ਤੋਂ ਵੀ ਵਧ ਕੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਉਸ ਨੂੰ ਆਪਣੇ ਵਿਰਸੇ ਨਾਲੋਂ ਵੀ ਤੋੜ ਰਿਹਾ ਹੈ। ਮੈਂ ਆਪਣਾ ਜੀਵਨ ਸਿੱਖੀ ਦੇ ਪ੍ਰਚਾਰ ਨੂੰ ਸਮਰਪਿਤ ਕਰ ਚੁੱਕਾਂ ਹਾਂ ਤੇ ਖਾਸਕਰ ਨੌਜਵਾਨਾਂ ਨੂੰ ਸਿੱਖ ਦੀ ਮੁੱਖ ਧਾਰਾ ਵਿਚ ਮੋੜ ਕੇ ਲਿਆਉਣ ਦੇ ਯਤਨ ਆਖਰੀ ਦਮ ਤੱਕ ਜਾਰੀ ਰੱਖਾਂਗਾ?
ਸਵਾਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਤੁਸੀਂ ਹਲਕਾ ਫਿਲੌਰ ਤੋਂ ਸਾਂਝੇ ਪੰਥਕ ਮੋਰਚੇ ਦੇ ਉਮੀਦਵਾਰ ਹੋ, ਕਿਹੋ ਜਿਹਾ ਹੁੰਗਾਰਾ ਪਿੰਡਾਂ ਵਿਚੋਂ ਮਿਲ ਰਿਹਾ ਹੈ?
ਜਵਾਬ: ਮੈਂ ਹੈਰਾਨ ਹਾਂ ਕਿ ਜਿੰਨਾਂ ਮੈਂ ਸੋਚਿਆ ਵੀ ਨਹੀਂ ਸੀ ਉਸ ਤੋਂ ਵੀ ਵਧ ਕੇ ਮੈਨੂੰ ਹੁੰਗਾਰਾ ਮਿਲ ਰਿਹਾ ਹੈ। ਪਿੰਡਾਂ ਵਿਚੋਂ ਇਕੱਠ ਰੱਖਣ ਦੇ ਸੁਨੇਹੇ ਆ ਰਹੇ ਹਨ। ਹੈਰਾਨ ਹਾਂ ਕਿ ਨੌਜਵਾਨ ਵਰਗ ਸਿੱਖੀ ਵੱਲ ਆਕਰਿਸ਼ਤ ਹੋ ਰਿਹਾ ਹੈ ਪਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਸਹੀ ਅਗਵਾਈ ਨਹੀਂ ਮਿਲ ਰਹੀ। ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਕੇ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰਾਂ।
ਸਵਾਲ: ਜੇਕਰ ਸੰਗਤਾਂ ਤੁਹਾਨੂੰ ਜਿਤਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿਚ ਭੇਜਣ ਦਾ ਮਾਣ ਦਿੰਦੀਆਂ ਹਨ ਤਾਂ ਤੁਹਾਡੀ ਪਹਿਲੀ ਪਹਿਲ ਕੀ ਹੋਵੇਗੀ?
ਜਵਾਬ: ਮੇਰੀ ਸਭ ਤੋਂ ਪਹਿਲੀ ਪਹਿਲ ਤਾਂ ਨੌਜਵਾਨਾਂ ਨੂੰ ਪਤਿਤਪੁਣੇ ਵੱਲ ਜਾਣ ਤੋਂ ਰੋਕਣ ਦੀ ਹੀ ਹੋਵੇਗੀ। ਦੂਜਾ ਉਹਨਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕਰਨਾ ਹੋਵੇਗਾ ਤੇ ਤੀਜਾ ਪੱਛਮੀ ਸੱਭਿਆਚਾਰਾਂ ਦੇ ਬੁਰੇ ਪ੍ਰਭਾਵਾਂ ਤੋਂ ਉਹਨਾਂ ਨੂੰ ਜਾਣੂੰ ਕਰਵਾਉਣਾ ਕਿ ਆਉਣ ਵਾਲੇ ਸਮੇਂ ਵਿਚ ਇਸ ਦਾ ਕੀ ਨੁਕਸਾਨ ਹੋ ਸਕਦਾ ਹੈ। ਸਿਰਫ ਤੇ ਸਿਰਫ ਸਿੱਖੀ ਦੇ ਪ੍ਰਚਾਰ ਦੀ ਘਾਟ ਕਾਰਨ ਹੀ ਸਿੱਖੀ ਵਿਚ ਨਿਘਾਰ ਆ ਰਿਹਾ ਹੈ ਨਹੀਂ ਤਾਂ ਜਿਹੋ ਜਿਹਾ ਅਮੀਰ ਸਾਡਾ ਇਤਿਹਾਸ ਹੈ, ਸਿਖ ਧਰਮ ਪੂਰੀ ਦੁਨੀਆਂ ਨੇ ਹੀ ਅਪਣਾ ਲੈਣਾ ਸੀ ਪਰ ਸਾਥੋਂ ਆਪਣੀ ਵਿਸ਼ੇਸ਼ਤਾ ਦੂਜਿਆਂ ਨੂੰ ਦੱਸੀ ਹੀ ਨਹੀਂ ਜਾ ਰਹੀ ਜਿਸ ਲਈ ਸਾਡੇ ਆਗੂ ਦੋਸ਼ੀ ਹਨ।
ਸਵਾਲ: ਹੁਣੇ ਹੁਣੇ ਕੇਂਦਰ ਵਲੋਂ ਸਿੱਖਾਂ ਦੀ ਅਹਿਮ ਮੰਗ ਅਨੰਦ ਮੈਰਿਜ ਐਕਟ ਨੂੰ ਨਕਾਰ ਦਿੱਤਾ ਗਿਆ ਹੈ ਇਸ ਸਬੰਧੀ ਕੀ ਕਹੋਗੇ?
ਜਵਾਬ: ਕੇਂਦਰ ਦਾ ਵਤੀਰਾ ਅੱਜ ਵੀ ਪਹਿਲਾਂ ਵਾਲਾ ਹੀ ਹੈ ਤੇ ਕੇਂਦਰ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਉਸ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖੀ ਨੂੰ ਢਾਹ ਲਾਈ ਜਾਵੇ।(ਤੈਸ਼ ਵਿਚ ਆਉਂਦਿਆਂ) ਸ਼ਰਮ ਆਉਣੀ ਚਾਹੀਦੀ ਸਾਡੀਆਂ ਸਰਕਾਰਾਂ ਨੂੰ, ਗੁਆਂਢੀ ਮੁਲਕ ਜੋ ਕਿ ਇਕ ਇਸਲਾਮਿਕ ਮੁਲਕ ਗਿਣਿਆ ਜਾਂਦਾ ਹੈ, ਵਲੋਂ ਅਨੰਦ ਮੈਰਿਜ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਹੈ ਪਰ ਸਾਨੂੰ ਹਮੇਸ਼ਾ ਹੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਸਿੱਖਾਂ ਦਾ ਆਪਣਾ ਵੱਖਰਾ ਧਰਮ ਹੈ, ਵੱਖਰਾ ਗ੍ਰੰਥ ਹੈ, ਵੱਖਰਾ ਪੰਥ ਹੈ ਤੇ ਵੱਖਰੇ ਰੀਤੀ ਰਿਵਾਜ ਹਨ, ਫਿਰ ਵੀ ਸਿੱਖੀ ਨੂੰ ਵੱਖਰਾ ਧਰਮ ਨਾ ਮੰਨ ਕੇ ਇਸ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਮੱਲੋਮੱਲੀ ਸਾਬਿਤ ਕੀਤਾ ਜਾ ਰਿਹਾ ਹੈ ਕੀ ਇਹ ਇਨਸਾਫ ਹੈ, ਕੀ ਇਹ ਲੋਕਤੰਤਰ ਹੈ?
ਸਵਾਲ: ਅਸੀਂ ਅਜ਼ਾਦੀ ਦੇ 64ਵੇਂ ਸਾਲ ਵਿਚ ਵੀ ਸਿੱਖ ਧਰਮ ਨੂੰ ਵੱਖਰਾ ਧਰਮ (ਕੇਂਦਰ ਦੀਆਂ ਨਜ਼ਰਾਂ ਵਿਚ) ਸਾਬਤ ਨਹੀਂ ਕਰ ਸਕੇ, ਮੁੱਖ ਕਾਰਨ ਕੀ ਹੋ ਸਕਦਾ ਹੈ?
ਜਵਾਬ: ਕੇਂਦਰ ਦੇ ਪਿੱਠੂ ਸਾਡੇ ਅਖੌਤੀ ਸਿੱਖ ਆਗੂ ਹੀ ਇਸ ਲਈ ਮੁੱਖ ਦੋਸ਼ੀ ਹਨ ਜੋ ਕਿ ਨਿੱਜੀ ਮੁਫਾਦਾਂ ਲਾਲਚਾਂ ਵਿਚ ਫਸ ਕੇ ਸਿੱਖ ਪੰਥ ਦਾ ਨੁਕਸਾਨ ਕਰ ਬੈਠੇ ਹਨ।
ਸਵਾਲ: ਅਨੰਦ ਮੈਰਿਜ ਐਕਟ ਲਾਗੂ ਕਰਵਾਉਣ ਲਈ ਕੀ ਕਰਨਾ ਚਾਹੀਦਾ ਹੈ?
ਜਵਾਬ: ਸਮੂਹ ਦੁਨੀਆਂ ਦੇ ਸਿੱਖਾਂ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਵਿੱਢਣਾ ਚਾਹੀਦਾ ਹੈ। ਏਕੇ ਤੋਂ ਬਿਨਾਂ ਕਿਸੇ ਵੀ ਸੰਘਰਸ਼ ਵਿਚ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਜਿੰਨੀ ਦੇਰ ਅਸੀਂ ਇਕ ਦੂਜੇ ਦੇ ਕੱਪੜੇ ਪਾੜਦੇ ਰਹਾਂਗੇ ਸਾਨੂੰ ਜਿੱਤ ਪ੍ਰਾਪਤ ਨਹੀਂ ਹੋ ਸਕਦੀ।
ਸਵਾਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਰੱਦ ਕਰਨ ਅਤੇ ਫਿਰ ਰੱਦ ਹੋਣ ਦੀ ਖਬਰ ਦਾ ਖੰਡਨ ਹੋਣਾਂ, ਇਸ ਘਟਨਾ ਚੱਕਰ ਦਾ ਕੀ ਕਾਰਨ ਸਮਝਦੇ ਹੋ?
ਜਵਾਬ: ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਸਭ ਸਿੱਖਾਂ ਦੀਆਂ ਭਾਵਨਾਂਵਾਂ ਨਾਲ ਖਿਲਵਾੜ ਕਰਨ ਦਾ ਹੀ ਇਕ ਪਹਿਲੂ ਹੋ ਸਕਦਾ ਹੈ?
ਸਵਾਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਕੁੱਦਣ ਉਪਰੰਤ ਸਰਕਾਰ ਵਲੋਂ ਕੋਈ ਰਾਹ ਵਿਚ ਰੋੜੇ ਤਾਂ ਨਹੀਂ ਅਟਕਾਏ ਜਾ ਰਹੇ?
ਜਵਾਬ: ਬਿਲਕੁਲ ਅਟਕਾਏ ਜਾ ਰਹੇ ਹਨ। ਬਿਨਾਂ ਮਤਲਬ ਦੇ ਮੈਨੂੰ ਵੱਖ ਵੱਖ ਪੁਲਿਸ ਸਟੇਸ਼ਨਾਂ ਵਿਚੋਂ ਦਸਤਾਵੇਜ਼ ਪਹੁੰਚਾਉਣ ਲਈ ਸੁਨੇਹੇ ਆ ਰਹੇ ਹਨ ਤਾਂ ਜੋ ਮੈਨੂੰ ਸੰਗਤਾਂ ਵਿਚੋਂ ਜਾਣ ਤੋਂ ਰੋਕਣ ਲਈ ਮੇਰਾ ਸਮਾਂ ਖਰਾਬ ਕੀਤਾ ਜਾਵੇ। ਪਰ ਗੁਰੂ ਮਿਹਰ ਕਰੇਗਾ ਮੈਨੂੰ ਭਰੋਸਾ ਹੈ ਮੈਂ ਹਰ ਔਕੜ ਤੋਂ ਸੰਗਤਾਂ ਦੇ ਸਹਿਯੋਗ ਅਤੇ ਗੁਰੂ ਦੀ ਮਿਹਰ ਸਦਕਾ ਪਾਰ ਪਾ ਲਵਾਂਗਾ।
ਸਵਾਲ: ਸਹਿਜਧਾਰੀ ਵਲੋਂ ਵੋਟ ਦਾ ਅਧਿਕਾਰ ਜਾਇਜ਼ ਹੈ ਜਾਂ ਨਹੀਂ?
ਜਵਾਬ: ਬਿਲਕੁਲ ਨਹੀਂ! ਜੋ ਗੁਰੂ ਦੇ ਆਦੇਸ਼ “ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ” ਨਹੀਂ ਮੰਨ ਸਕਦਾ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋ ਸਕਦਾ, ਦੂਜੇ ਪਾਸੇ ਸਹਿਜਧਾਰੀ ਸਿੱਖ ਦੀ ਕੋਈ ਪਰਿਭਾਸ਼ਾ ਹੀ ਨਹੀਂ ਹੈ। ਸਹਿਜਧਾਰੀ ਵੋਟਾਂ ਦਾ ਬਖੇੜਾ ਖੜਾ ਕਰਕੇ ਸਿੱਖ ਵਿਰੋਧੀ ਤਾਕਤਾਂ ਸਿੱਖ ਧਰਮ ਵਿਚ ਹਿੰਦੂਵਾਦੀਆਂ ਨੂੰ ਵਾੜ ਕੇ ਸਿੱਖੀ ਦਾ ਨੁਕਸਾਨ ਕਰਨਾ ਚਾਹੁੰਦੀਆਂ ਹਨ ਜਿਸ ਤੋਂ ਸਿੱਖ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ।
ਸਵਾਲ: ਪ੍ਰਵਾਸੀ ਸੰਗਤਾਂ ਲਈ ਕੋਈ ਸੁਨੇਹਾ ਦੇਣਾ ਚਾਹੋਗੇ?
ਜਵਾਬ: ਸਮੁੱਚੀ ਦੁਨੀਆਂ ਵਿਚ ਸਿੱਖ ਸੰਗਤਾਂ ਵਸਦੀਆਂ ਹਨ ਤੇ ਉਹ ਸਿੱਖੀ ਦੀ ਚੜ੍ਹਦੀ ਕਲਾ ਲਈ ਵੀ ਚਿੰਤਤ ਹਨ। ਮੇਰੀ ਉਹਨਾਂ ਨੂੰ ਇਹੋ ਬੇਨਤੀ ਹੈ ਕਿ ਉਹ ਆਪਣੇ ਪਿੱਛੇ ਪੰਜਾਬ ਵਿਚ ਵਸਦੇ ਪਰਿਵਾਰਾਂ ਨੂੰ ਇਹ ਸੁਨੇਹਾ ਜ਼ਰੂਰ ਦੇਣ ਕਿ ਉਹ ਸਿਰਫ ਸਿੱਖੀ ਦੀ ਚੜ੍ਹਦੀ ਕਲਾ ਲਈ ਆਪਣੇ ਜੀਵਨ ਨੂੰ ਸਮਰਪਿਤ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਜਿਤਾਉਣ ਤਾਂ ਜੋ ਪੰਥ ਦੀ ਸੇਵਾ ਕਰਨ ਵਾਲੇ ਆਗੂ ਹੀ ਅੱਗੇ ਆਉਣ।ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਵਿਰੋਧੀ ਤਾਕਤਾਂ ਦੀਆਂ ਚਾਲਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਤਾਂ ਜੋ ਕੋਈ ਸਾਡ ਧਰਮ ਤੇ ਮੈਲੀ ਅੱਖ ਨਾ ਰੱਖ ਸਕੇ।
ਭਾਈ ਕੁਲਵੀਰ ਸਿੰਘ ਬੜਾਪਿੰਡ ਜੀ ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿਚੋਂ ਮੈਨੂੰ ਜੋ ਸਮਾਂ ਦਿੱਤਾ ਹੈ ਆਸ ਹੈ ਕਿ ਪਾਠਕ ਉਸ ਦਾ ਭਰਪੂਰ ਲਾਹਾ ਲੈਣਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
ਆਪ ਜੀ ਦੇ ਬਲਾਗ ਦੇ ਸਮੂਹ ਪਾਠਕਾਂ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ ਤੇ ਆਸ ਹੈ ਕਿ ਪਾਠਕ ਮੇਰੀਆਂ ਭਾਵਨਾਵਾਂ ਤੋਂ ਜਾਣੂੰ ਹੋ ਗਏ ਹੋਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
No comments:
Post a Comment