ਧੀ ਤੋਂ ਨੂੰਹ ਤੱਕ ਦਾ ਸਫਰ, ਇਕ ਅਣਗੌਲਿਆ ਸਵਾਲ
ਅਜਮੇਰ ਸਿੰਘ ਚਾਨਾ
ਦੁਨੀਆਂ ਦੇ ਕਿਸੇ ਵੀ ਦੇਸ਼ ਕਿਸੇ ਵੀ ਧਰਮ ਜਾਂ ਫਿਰਕੇ ਵਿਚ ਵਿਚਰਦੇ ਇਨਸਾਨਾਂ ਲਈ ਵਿਆਹ ਜ਼ਿੰਦਗੀ ਦਾ ਇਕ ਅਹਿਮ ਪੜਾਅ ਹੁੰਦਾ ਹੈ। ਕਿਉਂਕਿ ਇਹ ਕੁਦਰਤੀ ਤੌਰ ਤੇ ਇਨਸਾਨੀ ਉਤਪਤੀ ਦਾ ਇਕੋ ਇਕ ਸਾਧਨ ਵੀ ਹੈ ਤੇ ਔਰਤ ਮਰਦ ਦਾ ਮਰਿਆਦਾ ਅਨੁਸਾਰ ਮਿਲਨ ਵੀ ਹੋ ਨਿੱਬੜਦਾ ਹੈ।ਸਿੱਖ ਧਰਮ ਵਿਚ ਤਾਂ ਗ੍ਰਹਿਸਥ ਜੀਵਨ ਨੂੰ ਧਾਰਮਿਕ ਤੌਰ ਤੇ ਮਾਨਤਾ ਦਿੱਤੀ ਗਈ ਹੈ ਤੇ ਇਸ ਨੂੰ ਅਪਣਾ ਕੇ ਨਿਭਾਉਣ ਵਾਲਿਆਂ ਦੀ ਪ੍ਰਸ਼ੰਸਾ ਕੀਤੀ ਗਈ ਹੈ।ਜਿੰਨੀ ਕੁ ਜਾਣਕਾਰੀ ਮੇਰੀ ਹੈ ਉਸ ਅਨੁਸਾਰ ਹਰ ਦੇਸ਼, ਹਰ ਸੱਭਿਆਚਾਰ ਵਿਚ ਕੁੜੀ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਚਲੀ ਜਾਂਦੀ ਹੈ ਤੇ ਇਹੋ ਹੀ ਸਾਡੇ ਸੱਭਿਆਚਾਰ ਵਿਚ ਵੀ ਹੁੰਦਾ ਹੈ। ਆਪ ਦੇਖਣ ਵਿਚ ਆਉਂਦਾ ਹੈ ਕਿ ਵਿਆਹ ਤੋਂ ਕੁਝ ਦੇਰ ਬਾਅਦ ਹੀ ਕਈ ਪੱਖਾਂ ਤੋਂ ਕੁਝ ਅਸਹਿਮਤੀ ਬਣਦੀ ਨਜ਼ਰ ਆਉਣ ਲੱਗ ਪੈਂਦੀ ਹੈ। ਸਾਡੇ ਸੱਭਿਆਚਰ ਵਿਚ ਜ਼ਿੰਮੇਵਾਰੀਆਂ ਦਾ ਤਾਣਾ ਬਾਣਾ ਬਹੁਤ ਹੀ ਸੰਘਣਾ ਬਣਿਆ ਹੋਇਆ ਹੁੰਦਾ ਹੈ। ਅਸੀਂ ਦੂਜਿਆਂ ਲਈ ਜੀਵਨ ਜੀਉਂਦੇ ਹਾਂ। ਜਵਾਨੀ ਵਿਚ ਪੈਰ ਧਰਦੇ ਹੀ ਆਪਣੇ ਮਾਂ ਬਾਪ ਦਾ ਸੋਚਦੇ ਹਾਂ, ਫਿਰ ਆਪਣੇ ਬੱਚਿਆਂ ਦਾ ਫਿਰ ਉਹਨਾਂ ਦੇ ਬੱਚਿਆਂ ਦਾ। ਦੂਜੇ ਪੱਖ ਤੋਂ ਹੀ ਮਾਂ ਬਾਪ ਨੂੰ ਵੀ ਆਪਣੇ ਬੱਚਿਆਂ ਤੇ ਹੀ ਆਸ ਹੁੰਦੀ ਹੈ, ਭੈਣ ਭਰਾਵਾਂ ਨੂੰ ਵੀ ਆਪਣੇ ਵੱਡੇ ਭੈਣ ਭਰਾਵਾਂ ਤੇ ਅਤੇ ਪੋਤੇ ਪੋਤਰੀਆਂ ਨੂੰ ਆਪਣੇ ਦਾਦਾ ਦਾਦੀ ਤੇ ਆਸ ਦੇ ਨਾਲ ਨਾਲ ਤੇਹ ਵੀ ਹੁੰਦਾ ਹੈ ਜਿਸ ਕਾਰਨ ਸ਼ਾਇਦ “ਮੂਲ ਨਾਲੋਂ ਵਿਆਜ ਪਿਆਰਾ” ਕਹਾਵਤ ਦਾ ਜਨਮ ਵੀ ਹੋਇਆ ਹੋਵੇਗਾ। ਅਸੀਂ ਅੱਜ ਗੱਲ ਕਰਨੀ ਚਾਹੁੰਦੇ ਹਾਂ ਸਮਾਜ ਵਿਚ ਪਨਪ ਰਹੇ ਉਸ ਰੋਗ ਦੀ ਜਿਸ ਤੋਂ ਵਰਿ੍ਹਆਂਬੱਧੀ ਅੱਜ ਹਰ ਪਰਿਵਾਰ ਪੀੜ੍ਹਤ ਰਿਹਾ ਹੈ। ਵਿਆਹ ਕੇ ਆਈਆਂ ਹੋਈਆਂ ਲੜਕੀਆਂ ਤੇ ਅਕਸਰ ਦੋਸ਼ ਲੱਗਦਾ ਹੈ “ਸਾਰਾ ਕੁਝ ਪਿੱਛੇ ਹੀ ਢੋਈ ਜਾਂਦੀ ਆ” ਭਾਵ ਕਿ ਵਿਆਹ ਕੇ ਸਾਡੇ ਘਰ ਤਾਂ ਇਹ ਲੜਕੀ ਆ ਚੁੱਕੀ ਹੈ ਪਰ ਪਿਛਲਿਆਂ ਦਾ ਮੋਹ ਨਹੀਂ ਛੱਡਦੀ।ਆਪਣੇ ਜਿਗਰ ਦੇ ਟੁਕੜੇ ਨੂੰ ਕਿਸੇ ਦੂਜੇ ਨੂੰ ਸੌਂਪ ਦੇਣਾ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ ਪਰ ਰੀਤ ਅਨੁਸਾਰ ਦੁਨੀਆਂ ਦੇ ਸਾਰੇ ਮਾਪੇ ਅਜਿਹਾ ਕਰਦੇ ਹੀ ਹਨ। ਕੁਦਰਤੀ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਲੜਕੀ ਜਿਹੜੇ ਘਰ 20-22 ਸਾਲ ਜਾਂ ਕਿਸੇ ਹਾਲਾਤਾਂ ਵਿਚ ਵੱਧ ਵੀ ਆਪਣੇ ਪੇਕੇ ਘਰ ਰਹੀ ਹੋਵੇਗੀ ਉਸ ਲਈ ਆਪਣੇ ਪੇਕੇ ਪਰਿਵਾਰ ਦੇ ਜੀਆਂ ਨਾਲੋਂ ਇਕਦਮ ਮੋਹ ਤੋੜਨਾ ਕੋਈ ਸੌਖੀ ਗੱਲ ਵੀ ਨਹੀਂ ਹੁੰਦੀ।ਜੇਕਰ ਧਿਆਨ ਨਾਲ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕੁਦਰਤ ਨੇ ਹਰ ਇਕ ਚੀਜ਼ ਦਾ ਸੰਤੁਲਨ ਬਣਾਇਆ ਹੋਇਆ ਹੈ।ਪੰਜਾਬ ਵਿਚ ਖੇਤੀ ਕਰ ਚੁੱਕੇ ਕਿਸਾਨਾਂ ਨੂੰ ਇਹ ਪਤਾ ਹੋਵੇਗਾ ਕਿ ਜਦੋਂ ਉਹ ਕਿਸੇ ਵੀ ਫਸਲ ਨੂੰ ਪਾਣੀ ਦੇਣ ਲਈ ਟਰੈਕਟਰ ਤੇ ਬੋਰ ਚਲਾਉਂਦੇ ਹੁੰਦੇ ਸਨ ਉਦੋਂ ਜੇਕਰ ਉਹ ਟਰੈਟਰ ਦੀ ਰੇਸ ਬਹੁਤ ਘੱਟ ਕਰ ਦਿੰਦੇ ਸਨ ਤਾਂ ਬੋਰ ਪਾਣੀ ਛੱਡ ਦਿੰਦਾ ਸੀ ਪਰ ਜੇਕਰ ਰੇਸ ਬਹੁਤ ਜ਼ਿਆਦਾ ਕਰ ਦਿੰਦੇ ਸਨ ਤਾਂ ਵੀ ਬੋਰ ਪਾਣੀ ਛੱਡ ਦਿੰਦਾ ਸੀ, ਦੂਜੇ ਸ਼ਬਦਾਂ ਵਿਚ ਜੇਕਰ ਸਬਜ਼ੀ ਵਿਚ ਬਹੁਤ ਹੀ ਘੱਟ ਲੂਣ ਪਾ ਦਈਏ ਤਾਂ ਸੁਆਦ ਨਹੀਂ ਲੱਗੇਗੀ ਜੇਕਰ ਬਹੁਤ ਜ਼ਿਆਦਾ ਪਾ ਦਈਏ ਤਾਂ ਵੀ ਸੁਆਦ ਨਹੀਂ ਲੱਗੇਗੀ ਭਾਵ ਕਿ ਕੁਦਰਤ ਨੇ ਇਕ ਸੰਤੁਲਨ ਬਣਾਇਆ ਹੋਇਆ ਹੈ ਤੇ ਉਸ ਸੰਤੁਲਨ ਨੂੰ ਮਹਿਸੂਸ ਕਰਨ ਅਤੇ ਪਛਾਨਣ ਵਾਲਾ ਹੀ ਸਫਲ ਇਨਸਾਨ ਹੋ ਨਿੱਬੜਦਾ ਹੈ। ਜੇਕਰ ਵਿਆਹ ਕੇ ਆਈ ਹੋਈ ਲੜਕੀ ਇਹ ਸਮਝ ਲਵੇ ਕਿ ਇਹ ਕੁਦਰਤ ਦਾ ਕਨੂੰਨ ਹੀ ਹੈ ਕਿ ਮੈਂ ਵਿਆਹ ਕੇ ਸਹੁਰੇ ਪਰਿਵਾਰ ਦੇ ਘਰ ਆ ਗਈ ਹਾਂ ਤੇ ਮੈਂ ਇਥੋਂ ਦੀ ਮੈਂਬਰ ਹਾਂ ਤੇ ਹੁਣ “ਧੀਆਂ ਜੰਮਦੀਆਂ ਹੋਣ ਪਰਾਈਆਂ” ਦੀ ਧਾਰਨਾ ਮੇਰੇ ਤੇ ਲਾਗੂ ਹੋ ਚੁੱਕੀ ਹੈ ਤਾਂ ਜ਼ਿੰਦਗੀ ਵਿਚੋਂ ਅਨੰਦ ਆਉਣ ਲੱਗ ਪਵੇਗਾ।ਧੀਆਂ ਨੂੰ ਹਮੇਸ਼ਾ ਹੀ ਇਹ ਫਿਕਰ ਪਿਆ ਰਹਿੰਦਾ ਹੈ ਕਿ ਮੇਰੇ ਤੋਂ ਬਿਨ੍ਹਾਂ ਮੇਰਾ ਪਰਿਵਾਰ ਸਮਾਜ ਵਿਚ ਵਿਚਰ ਨਹੀਂ ਸਕਦਾ। ਉਹ ਆਪਣੇ ਭਰਾਵਾਂ ਆਪਣੀਆਂ ਭੈਣਾਂ ਨਾਲ ਲੋੜ ਤੋਂ ਜਿਆਦਾ ਤੇਹ ਦਿਖਾਉਂਦੀਆਂ ਹਨ ਤੇ ਇਹ ਤੇਹ ਹੀ ਉਸਦੇ ਸਹੁਰੇ ਪਰਿਵਾਰ ਨਾਲ ਉਸ ਨਾਲ ਕੀਤੀ ਜਾਣ ਵਾਲੀ ਨਫਰਤ ਦੇ ਬੀਜ ਬੀਜ ਦਿੰਦਾ ਹੈ। ਭੱੁਲਿਆ ਨਹੀਂ ਜਾ ਸਕਦਾ ਕਦੇ ਵੀ ਉਹਨਾਂ ਨੂੰ ਜਿਨ੍ਹਾਂ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਲੰਮਾਂ ਸਮਾਂ ਬਤੀਤ ਕੀਤਾ ਹੋਵੇ ਪਰ ਜਿਨ੍ਹਾਂ ਨਾਲ ਤੁਸੀਂ ਭਵਿੱਖ ਵਿਚ ਲੰਮਾਂ ਸਮਾਂ ਬਤੀਤ ਕਰਨਾ ਹੈ ਉਹਨਾਂ ਨੂੰ ਸੰਤੁਲਨ ਦੇ ਮੁਕਾਬਲੇ ਪੇਕੇ ਪਰਿਵਾਰ ਨਾਲੋਂ “ਹੌਲੇ” ਰੱਖਣਾ ਜ਼ਿੰਦਗੀ ਵਿਚ ਦੁੱਖ ਤਾਂ ਦੇਵੇਗਾ ਹੀ।“ਜੰਞ ਚੜ੍ਹੇ ਤਾਂ ਨਹੀਂ ਪਰ ਚੜ੍ਹਦੇ ਜ਼ਰੂਰ ਦੇਖੇ ਨੇ” ਦੀ ਕਹਾਵਤ ਅਨੁਸਾਰ ਵਿਦੇਸ਼ ਤਾਂ ਕਦੇ ਨਹੀਂ ਗਿਆ ਪਰ ਵਿਦੇਸ਼ ਵਸਦੇ ਮਿੱਤਰਾਂ ਸੱਜਣਾਂ ਨਾਲ ਫੋਨ ਤੇ ਸੰਪਰਕ ਜ਼ਰੂਰ ਬਣਿਆ ਰਹਿੰਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਵਾਸੀ ਪੰਜਾਬੀ ਵੀ ਇਸ ਪਰਿਵਾਰਕ ਸਮੱਸਿਆ ਤੋਂ ਦੁਖੀ ਹਨ। ਉਹਨਾਂ ਦਾ ਦੋਸ਼ ਹੈ ਕਿ ਲੜਕੀ ਨੂੰ ਜਦੋਂ ਵਿਆਹ ਕੇ ਵਿਦੇਸ਼ ਵਿਚ ਲੈ ਆਉਂਦੇ ਹਾਂ ਤਾਂ ਉਸ ਵਲੋਂ ਸਭ ਤੋਂ ਪਹਿਲਾਂ ਇਹੋ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਪੇਕੇ ਪਰਿਵਾਰ ਨੂੰ ਵਿਦੇਸ਼ ਕਿਸੇ ਨਾਂ ਕਿਸੇ ਤਰ੍ਹਾਂ ਲੈ ਆਵੇ। ਇਸੇ ਹੀ ਸੋਚ ਅਧੀਨ ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਇਕ ਧੀ ਦਾ ਫਰਜ਼ ਤਾਂ ਨਿਭਾਅ ਰਹੀ ਹਾਂ ਪਰ ਇਕ ਪਤਨੀ ਅਤੇ ਨੂੰਹ ਦੇ ਫਰਜ਼ ਪ੍ਰਤੀ ਸੰਤੁਲਨ ਨੂੰ ਖੁਦ ਹੀ ਡਗਮਗਾ ਰਹੀ ਹਾਂ ਜੋ ਕਿ ਭਵਿੱਖ ਵਿਚ ਜ਼ਹਿਰ ਬਣ ਜਾਵੇਗਾ। ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਲੜਕੀ ਆਪਣੇ ਪਰਿਵਾਰ ਨੂੰ ਵਿਦੇਸ਼ ਵਿਚ ਲਿਆਉਣ ਵਿਚ ਕਾਮਯਾਬ ਹੋ ਜਾਂਦੀ ਹੈ। ਉਦੋਂ ਇਹ ਦੋਸ਼ ਆਮ ਲੱਗਦਾ ਹੈ ਕਿ ਲੜਕੀ ਆਪਣੇ ਪੇਕਿਆਂ ਦੇ ਘਰ ਹੀ ਵੜੀ ਰਹਿੰਦੀ ਹੈ ਤੇ ਆਖਰ ਨੌਬਤ ਇਥੋਂ ਤੱਕ ਪਹੁੰਚ ਜਾਂਦੀ ਹੈ ਕਿ ਉਸ ਨੂੰ ਪੱਕੇ ਤੌਰ ਤੇ ਹੀ ਪੇਕੇ ਘਰ ਬੈਠਣਾ ਪੈ ਜਾਂਦਾ ਹੈ ਤੇ ਫਿਰ ਜਦੋਂ ਉਹ ਦੂਜਾ ਵਿਆਹ ਕਰਕੇ ਇੰਡੀਆ ਤੋਂ ਮੁੰਡਾ ਲਿਆਉਂਦੀ ਹੈ ਤੇ ਫਿਰ “ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ” ਦੀ ਧਾਰਨਾ ਵਾਂਗ ਉਹ ਮੁੰਡਾ ਵੀ ਆਪਣੇ “ਪੇਕੇ ਪਰਿਵਾਰ” ਨੂੰ ਵਿਦੇਸ਼ ਆਪਣੇ ਕੋਲ ਲੈ ਕੇ ਆਉਣਾ ਚਾਹੁੰਦਾ ਹੈ ਤਾਂ ਲੜਕੀ ਨੂੰ ਆਪਣੇ ਵਲੋਂ ਵਰਤਾਏ ਗਏ ਭਾਣੇ ਦੇ ਦ੍ਰਿਸ਼ ਅੱਖਾਂ ਮੂਹਰੇ ਚਿਤਰਣ ਕਰਦੇ ਦਿਖਦੇ ਹਨ। ਖੈਰ ਗੱਲ ਅੱਗੇ ਤੋਰਦੇ ਹਾਂ, ਇਸ ਸਭ ਵਰਤਾਰੇ ਵਿਚ ਲੜਕੀ ਦੇ ਮਾਂ ਬਾਪ ਦਾ ਫਰਜ਼ ਵੀ ਬਹੁਤ ਹੀ ਉੱਘੜ ਕੇ ਸਾਹਮਣੇ ਆਉਂਦਾ ਹੈ। ਜੇਕਰ ਬਜ਼ੁਰਗਾਂ ਦੀ ਗੱਲ ਯਾਦ ਕਰੀਏ ਤਾਂ ਸਾਡੇ ਬਜ਼ੁਰਗ ਆਪਣੀ ਲੜਕੀ ਦੇ ਘਰ ਦਾ ਪਾਣੀ ਤੱਕ ਵੀ ਨਹੀਂ ਪੀਂਦੇ ਸਨ। ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਨੂੰ ਸਫਰ ਕਰਨ ਤੇ ਵੀ ਪਿਆਸ ਨਹੀਂ ਸੀ ਲੱਗਦੀ ਸਗੋਂ ਮਤਲਬ ਇਹ ਸੀ ਲੜਕੀ ਦੇ ਸਹੁਰੇ ਪਰਿਵਾਰ ਦੇ ਮਨ ਵਿਚ ਇਹ ਗੱਲ ਵਸਾਉਣੀ ਹੈ ਕਿ ਲੜਕੀ ਦੇ ਪੇਕੇ ਲੜਕੀ ਤੋਂ ਕੁਝ ਨਹੀਂ ਚਾਹੁੰਦੇ ਸਗੋਂ ਉਹਦੀ ਸੁੱਖ ਲੋੜਦੇ ਹਨ ਤੇ ਉਸਦੀ ਜ਼ਿੰਦਗੀ ਵਿਚ ਪਾਣੀ ਪਿਆਉਣ ਜਿੰਨਾਂ ਵੀ ਖਲਲ ਨਹੀਂ ਪਾਉਣਾ ਚਾਹੁੰਦੇ ਤੇ ਸਿਰਫ ਉਸਨੂੰ ਖੁਸ਼ ਵਸਦੀ ਦੇਖਣਾ ਚਾਹੁੰਦੇ ਹਨ। ਦੇਸ ਅਤੇ ਪ੍ਰਦੇਸ ਦੋਹਾਂ ਦੀ ਜੇਕਰ ਗੱਲ ਕਰੀਏ ਤਾਂ ਸੰਚਾਰ ਮਾਧਿਆਮਾਂ ਨੇ ਆਪਣੀ ਵੱਡੀ ਭੂਮਿਕਾ ਨਿਭਾਈ ਹੈ। ਦੇਖਣ ਵਿਚ ਆਇਆ ਹੈ ਕਿ ਕਈ ਕਈ ਘਰਾਂ ਵਿਚ ਟੈਲੀਫੋਨ ਨੇ ਹੀ ਤਲਾਕ ਕਰਵਾ ਦਿੱਤੇ।ਵਿਆਹੀ ਗਈ ਲੜਕੀ ਵਲੋਂ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਪੇਕੇ ਪਰਿਵਾਰ ਦੇ ਹਰ ਜੀਅ ਨਾਲ ਜੁੜੀ ਰਹੇ। ਮਾਂ, ਬਾਪ, ਭੈਣਾਂ, ਭਰਾ, ਮਾਸੀਆਂ, ਚਾਚੀਆਂ, ਤਾਈਆਂ ਤੇ ਹੋਰ ਆਂਢ ਗੁਆਂਢ ਕਿਸੇ ਦਾ ਫੋਨ ਆਉਣਾ ਕਿਸੇ ਨੂੰ ਕਰਨਾ ਤੇ ਘੰਟਿਆਂ ਬੱਧੀ ਗੱਲਾਂ ਕਰਨੀਆਂ ਰੋਜ਼ਮੱਰਾ ਦੀ ਜ਼ਿੰਦਗੀ ਦੀ ਲੈਅ ਨੂੰ ਭੰਗ ਕਰਦਾ ਹੈ। ਭਾਵੇਂ ਫੋਨ ਕਾਲ ਮੁਫਤ ਹੀ ਹੋਵੇ ਪਰ ਸਹੁਰਾ ਪਰਿਵਾਰ ਕਦੇ ਜ਼ਰ ਨਹੀਂ ਸਕਦਾ ਕਿ ਉਹਨਾਂ ਦੀ ਨੂੰਹ ਲੰਮਾਂ ਸਮਾਂ ਫੋਨ ਤੇ ਹੀ ਗੱਲਾਂ ਮਾਰਦੀ ਰਹੇ। ਔਰਤ ਦਾ ਮਨ ਚੰਚਲ ਹੁੰਦਾ ਹੈ ਤੇ ਭਾਵਨਾਵਾਂ ਦੇ ਵਹਿਣ ਅਤੇ ਰਿਸ਼ਤਿਆਂ ਦੇ ਮੋਹ ਵਿਚ ਇਸ ਹੱਦ ਤੱਕ ਸੁੰਗੜ ਕੇ ਰਹਿ ਜਾਂਦੀ ਹੈ ਕਿ ਉਸਨੂੰ ਅਸਲੀਅਤ ਭਰੀ ਜ਼ਿੰਦਗੀ ਦਾ ਪਤਾ ਹੀ ਨਹੀਂ ਲੱਗਦਾ।ਮੈਂ ਵਿਆਹ ਕੇ ਆਪਣੇ ਸਹੁਰੇ ਘਰ ਗਈਆਂ ਧੀਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਜਾਂ ਹੋਰ ਗੁਰੂਆਂ ਪੀਰਾਂ ਜਾਂ ਦੇਸ਼ ਦੇ ਸ਼ਹੀਦਾਂ ਨੂੰ ਜਾਣਦੇ ਹਾਂ ਤਾਂ ਉਸਦਾ ਇਕੋ ਇਕ ਕਾਰਨ ਉਹਨਾਂ ਵਲੋਂ ਕੀਤਾ ਗਿਆ ਤਿਆਗ ਹੈ। ਜੇਕਰ ਉਹ ਮੋਹ ਮਾਇਆ ਦੇ ਚੱਕਰਾਂ ਵਿਚ ਹੀ ਫਸੇ ਰਹਿੰਦੇ ਤਾਂ ਆਪਣੇ ਮਕਸਦ ਵਿਚ ਕਦੇ ਕਾਮਯਾਬ ਨਾ ਹੋ ਸਕਦੇ। ਉਹਨਾਂ ਇਨਸਾਨੀਅਤ ਦੇ ਫਰਜ਼ਾਂ ਨੂੰ ਪਛਾਣਦੇ ਹੋਏ ਤਿਆਗ ਕੀਤਾ ਅਤੇ ਕੁਰਬਾਨੀਆਂ ਦਿੱਤੀਆਂ। ਇਹੋ ਗੱਲ ਜੇਕਰ ਅਸੀਂ ਆਪਣੇ ਮਨ ਅੰਦਰ ਵਸਾ ਲਈਏ ਕਿ ਦਿਲ ਵਿਚੋਂ ਆਪਣਿਆਂ ਦਾ ਪਿਆਰ ਤਾਂ ਨਹੀਂ ਘਟਾਉਣਾ ਪਰ ਆਪਣੇ ਰਿਸ਼ਤਿਆਂ ਦੇ ਫਰਜ਼ ਦੇ ਅਨੁਸਾਰ ਕੁਝ ਕੁ ਤਿਆਗ ਕਰਦੇ ਹੋਏ ਹੀ ਆਪਣਾ ਜੀਵਨ ਜੀਊਣਾ ਹੈ ਤਾਂ ਜ਼ਿੰਦਗੀ ਸਵਰਗ ਜਿਹੇ ਅਨੰਦ ਦਾ ਅਹਿਸਾਸ ਆਪਣੇ ਆਪ ਹੀ ਕਰਵਾਉਣ ਲੱਗ ਪਵੇਗੀ ਤੇ ਧੀ ਤੋਂ ਨੂੰਹ ਬਣਨ ਤੱਕ ਦਾ ਸਫਰ ਬਹੁਤ ਹੀ ਸੁਖਦਾਈ ਹੋ ਜਾਵੇਗਾ।
ਪੱਤਰਕਾਰ
9815764582
9815764582
No comments:
Post a Comment