ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚੋਂ ਕੱਢੇ ਗਏ ਸਾਬਕਾ ਵਿੱਤ ਮੰਤਰੀ ਸ| ਮਨਪ੍ਰੀਤ ਸਿੰਘ ਬਾਦਲ ਇਨੀਂ ਦਿਨੀ ਆਪਣੇ ਅਮਰੀਕਾ ਅਤੇ ਕੈਨੇਡਾ ਦੇ ਸਿਆਸੀ ਦੌਰੇ ਤੇ ਹਨ ਪਰ ਉਹਨਾਂ ਦੇ ਪਿਛੇ ਪੰਜਾਬ ਵਿਚ ਉਹਨਾਂ ਦੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਵਿਚ ਕਾਫੀ ਉਥਲ ਪੁਥਲ ਦਾ ਮਹੌਲ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਦੁਆਬੇ ਵਿਚ ਸਭ ਤੋਂ ਪਹਿਲੀ ਮੀਟਿੰਗ ਜ਼ਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਉਹਨਾਂ ਦੇ ਪੁਰਾਣੇ ਦੋਸਤ ਮਨਪ੍ਰੀਤ ਸਿੰਘ ਖਾਰਾ ਦੇ ਘਰ
ਪਿੰਡ ਕਰਿਆਮ (ਨੇੜੇ ਖਟਕੜ ਕਲਾਂ) ਵਿਖੇ ਹੋਈ ਸੀ। ਬੀਤੇ ਦਿਨੀਂ ਮਨਪ੍ਰੀਤ ਸਿੰਘ ਖਾਰਾ ਵਲੋਂ ਵੀ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਮਨਪ੍ਰੀਤ ਸਿੰਘ ਬਾਦਲ ਤੋਂ ਕਿਨਾਰਾ ਕਰ ਲਿਆ ਗਿਆ। ਕੀ ਕਾਰਨ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਪਿਛਲੇ ਲਗਭਗ 9 ਮਹੀਨਿਆਂ ਵਿਚ ਪਾਰਟੀ ਦੀ ਇਕੋ ਇਕ ਪ੍ਰਾਪਤੀ ਖਟਕੜ ਕਲਾਂ ਰੈਲੀ ਦੀ ਬੇਸ਼ੁਮਾਰ ਸਫਲਤਾ ਵਿਚ ਵੱਡਾ ਰੋਲ ਅਦਾ ਕਰਨ ਵਾਲੇ ਮਨਪ੍ਰੀਤ ਖਾਰਾ ਦੇ ਸਬੰਧ ਉਹਨਾਂ ਨਾਲ ਖੱਟੇ ਹੋ ਗਏ, ਸਬੰਧੀ ਪਤਾ ਕਰਨ ਲਈ ਪੱਤਰਕਾਰ ਅਜਮੇਰ ਚਾਨਾ ਵਲੋਂ ਮਨਪ੍ਰੀਤ ਸਿੰਘ ਖਾਰਾ ਦੇ ਗ੍ਰਹਿ ਪਿੰਡ ਕਰਿਆਮ ਜਾ ਕੇ ਉਹਨਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜਿਸ ਦੇ ਮੁੱਖ ਅੰਸ਼ ਪੇਸ਼ ਹਨ:
ਸਵਾਲ: ਮਨਪ੍ਰੀਤ ਸਿੰਘ ਖਾਰਾ ਜੀ ਆਪ ਜੀ ਦਾ ਮੇਰੇ ਬਲਾਗ ਤੇ ਸਵਾਗਤ ਹੈ ਜੋ ਤੁਸੀਂ ਮੈਨੂੰ ਆਪਣੇ ਕੀਮਤੀ ਵਕਤ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਮੁਲਾਕਾਤ ਦਾ ਸਮਾਂ ਦਿੱਤਾ ਹੈ?
ਜਵਾਬ: ਸਭ ਤੋਂ ਪਹਿਲਾਂ ਆਪ ਜੀ ਦੇ ਬਲਾਗ ਦੇ ਸਮੂਹ ਪਾਠਕਾਂ ਨੂੰ ਸਤਿ ਸ੍ਰੀ ਅਕਾਲ ਤੇ ਉਪਰੰਤ ਆਪ ਜੀ ਦਾ ਵੀ ਧੰਨਵਾਦ ਜੋ ਤੁਸੀਂ ਮੈਨੂੰ ਪਾਠਕਾਂ ਸਾਹਮਣੇ ਆਪਣੇ ਵਿਚਾਰ ਰੱਖਣ ਦਾ ਮੌਕਾ ਦੇਣ ਜਾ ਰਹੇ ਹੋ?
ਸਵਾਲ: ਮਨਪ੍ਰੀਤ ਖਾਰਾ ਜੀ ਆਪਣੇ ਸਿਆਸੀ ਜੀਵਨ ਬਾਰੇ ਸੰਖੇਪ ਜਾਣਕਾਰੀ ਦਿਓ ਤਾਂ ਜੋ ਗੱਲ ਅੱਗੇ ਤੋਰੀ ਜਾ ਸਕੇ?
ਜਵਾਬ: ਚਾਨਾ ਜੀ ਮੇਰੇ ਪਿਤਾ ਜੀ ਸ| ਬਲਵੀਰ ਸਿੰਘ ਖਾਰਾ ਜੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਤੇ ਮੈਂ ਵੀ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਜੁੜਿਆ ਰਿਹਾਂ ਸਾਂ ਤੇ ਮੈਂ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ) ਦਾ ਸੀਨੀਅਰ ਮੀਤ ਪ੍ਰਧਾਨ ਹਾਂ। ਪਰ ਭਾਵਾਨਾਵਾਂ ਦੇ ਵਹਿਣ ਵਿਚ ਵਹਿ ਜਾਣ ਕਾਰਨ ਮੈਂ ਮਨਪ੍ਰੀਤ ਸਿੰਘ ਬਾਦਲ ਦੇ ਆਖੇ ਲੱਗ ਨਵਾਂ ਪੰਜਾਬ ਸਿਰਜਣ ਦੀ ਸੋਚ ਲੈ ਕੇ ਤੁਰ ਪਿਆ ਪਰ ਮੇਰਾ ਇਹ ਤਜ਼ਰਬਾ ਕੌੜਾ ਰਿਹਾ।
ਸਵਾਲ: ਮਨਪ੍ਰੀਤ ਬਾਦਲ ਨਾਲ ਆਪ ਜੀ ਦੇ ਸਬੰਧ ਕਿਵੇਂ ਬਣੇ?
ਜਵਾਬ: ਮੈਂ ਚੰਡੀਗੜ੍ਹ ਗੌਰਮਿੰਟ ਕਾਲਜ ਵਿਚ ਪੜ੍ਹਦਾ ਸੀ ਤੇ ਮੇਰੇ ਨਾਲ ਹੀ ਮਨਪ੍ਰੀਤ ਸਿੰਘ ਬਾਦਲ ਦਾ ਰਿਸ਼ਤੇਦਾਰ ਬੌਬੀ ਬਾਦਲ ਵੀ ਮੇਰੇ ਨਾਲ ਹੀ ਪੜ੍ਹਦਾ ਸੀ ਜਿਸ ਕਾਰਨ ਮੇਲ ਜੋਲ ਹੋਣ ਕਾਰਨ ਸਬੰਧ ਬਣ ਗਏ।
ਸਵਾਲ: ਕੀ ਮਨਪ੍ਰੀਤ ਬਾਦਲ ਆਪ ਜੀ ਦੇ ਘਰ ਵੀ ਆਉਂਦੇ ਜਾਂਦੇ ਰਹੇ?
ਜਵਾਬ: ਬਿਲਕੁਲ ਉਹ ਲੰਘਦੇ ਵੜ੍ਹਦੇ ਮੇਰੇ ਪਿੰਡ ਮੇਰੇ ਘਰ ਹੋ ਕੇ ਜਾਂਦੇ ਤੇ ਜਿਸ ਵੇਲੇ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਚੋਣਾ 2007 ਨਵਾਂਸ਼ਹਿਰ ਦਾ ਇੰਚਾਰਜ ਥਾਪਿਆ ਗਿਆ ਤਾਂ ਉਹਨਾਂ ਸਿਆਸੀ ਸਰਗਰਮੀਆਂ ਮੇਰੇ ਹੀ ਘਰੋਂ ਹੀ ਚਲਾਈਆਂ ਸਨ।
ਸਵਾਲ: ਕੀ ਇਸ ਦੌਰਾਨ ਉਹ ਕਦੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਵਿਖੇ ਗਏ ਜਾਂ ਤੁਹਾਨੂੰ ਕਿਹਾ ਕਿ ਚਲੋਂ ਮੈਂ ਸ਼ਹੀਦ ਨੂੰ ਪ੍ਰਣਾਮ ਕਰਨ ਜਾਣਾ ਹੈ?
ਜਵਾਬ: ਬਿਲਕੁਲ ਨਹੀਂ ਉਹ ਨਾਂ ਹੀ ਕਦੇ ਉਸ ਵੇਲੇ ਸ਼ਹੀਦ ਦੀ ਯਾਦਗਾਰ ਤੇ ਪ੍ਰਣਾਮ ਕਰਨ ਗਏ ਤੇ ਨਾਂ ਹੀ ਕਦੇ ਉਹਨਾਂ ਮੈਨੂੰ ਉਥੇ ਜਾਣ ਲਈ ਕਿਹਾ।
ਸਵਾਲ: ਕੀ ਤੁਹਾਨੂੰ ਨਹੀਂ ਲੱਗਦਾ ਕਿ ਮਨਪ੍ਰੀਤ ਸਿੰਘ ਬਾਦਲ ਸ਼ਹੀਦਾਂ ਦੀ ਸੋਚ ਨੂੰ ਸਿਆਸਤ ਲਈ ਹੀ ਵਰਤਣਾ ਚਾਹੁੰਦਾ ਹੈ?
ਜਵਾਬ: ਚਾਨਾ ਜੀ ਬਿਲਕੁਲ ਇਹ ਤਾਂ ਸਪੱਸ਼ਟ ਹੀ ਹੈ ਕਿ ਜੇਕਰ 20-22 ਸਾਲ ਦੇ ਸਿਆਸੀ ਜੀਵਨ ਵਿਚ ਤੁਸੀਂ ਸ਼ਹੀਦ ਦੀ ਯਾਦਗਾਰ ਤੇ ਗਏ ਹੀ ਨਹੀਂ ਤੇ ਨਵੀਂ ਪਾਰਟੀ ਬਣਾਉਂਦੇ ਹੀ ਤੁਹਾਨੂੰ ਸ਼ਹੀਦ ਦੀ ਸ਼ਹਾਦਤ ਦਾ ਖਿਆਲ ਆਉਂਦਾ ਹੈ ਤਾਂ ਇਸ ਦਾ ਮਤਲਬ ਤਾਂ ਇਹੋ ਹੀ ਕੱਢਿਆ ਜਾ ਸਕਦਾ ਹੈ।
ਸਵਾਲ: ਮਨਪ੍ਰੀਤ ਖਾਰਾ ਜੀ ਖਟਕੜ ਕਲਾਂ ਰੈਲੀ ਵਿਚ ਆਪ ਜੀ ਦਾ ਕੀ ਯੋਗਦਾਨ ਰਿਹਾ?
ਜਵਾਬ: ਪੀ ਪੀ ਪੀ ਦੇ ਗਠਨ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਦੁਆਬੇ ਦੀ ਸਭ ਤੋਂ ਪਹਿਲੀ ਮੀਟਿੰਗ ਮੇਰੇ ਘਰ ਪਿੰਡ ਕਰਿਆਮ ਵਿਖੇ ਹੋਏ ਸੀ। ਮੀਟਿੰਗ ਉਪਰੰਤ ਖਟਕੜ ਕਲਾਂ ਰੈਲੀ ਸਬੰਧੀ ਐਲਾਨ ਹੁੰਦਿਆਂ ਹੀ ਮੈਨੂੰ ਚਰਨਜੀਤ ਸਿੰਘ ਬਰਾੜ ਦਾ ਸੁਨੇਹਾ ਆਇਆ ਕਿ ਮਨਪ੍ਰੀਤ ਸਿੰਘ ਬਾਦਲ ਦਾ ਹੁਕਮ ਹੈ ਕਿ 10-12 ਖੇਤ ਰੈਲੀ ਵਾਸਤੇ ਠੇਕੇ ਤੇ ਲੈ ਲਏ ਜਾਣ ਉਸਦਾ ਖਰਚਾ ਪਾਰਟੀ ਵਲੋਂ ਹੋਵੇਗਾ। ਜਿਸ ਤੇ ਮੈਂ ਆਪਣੇ ਕੋਲੋਂ 2 ਲੱਖ ਰੁਪਏ ਦਾ ਖਰਚਾ ਕਰਕੇ ਇਹ ਖੇਤ ਸਰਕਾਰ ਨਾਲ ਆਹਢਾ ਲੈ ਕੇ ਠੇਕੇ ਤੇ ਲੈ ਲਏ ਅਤੇ ਰੈਲੀ ਦੀ ਸਫਲਤਾ ਲਈ ਦਿਨ ਰਾਤ ਇਕ ਕਰ ਦਿੱਤਾ ਆਪਣੇ ਨਾਲ ਜੁੜੇ ਹੋਏ ਸਾਰੇ ਹੀ ਨੌਜਵਾਨਾਂ ਨੂੰ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਤਿਆਰ ਕੀਤਾ।ਭਾਵੇਂ ਕਿ ਮਨਪ੍ਰੀਤ ਸਿੰਘ ਬਾਦਲ ਵਲੋਂ ਮੈਨੂੰ ਰੈਲੀ ਉਪਰੰਤ ਪੈਸੇ ਵਾਪਿਸ ਕਰ ਦਿੱਤੇ ਗਏ ਪਰ ਅਜੇ ਵੀ ਮੇਰੇ 40-45 ਹਜ਼ਾਰ ਰੁਪਏ ਉਸ ਵੱਲ ਖੜੇ ਹਨ ਜਿਨ੍ਹਾਂ ਦੇ ਬਿੱਲ ਮੇਰੇ ਕੋਲ ਪਏ ਹਨ ਜੋ ਕਿ ਮੈਨੂੰ ਨਹੀਂ ਦਿੱਤੇ ਗਏ। ਸ਼ਹਿਰ ਨਵਾਂਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਚ ਭਾਵੇਂ ਪ੍ਰਬੰਧਕ ਕਮੇਟੀ ਵਲੋਂ ਸਰਕਾਰੀ ਇਸ਼ਾਰੇ ਤੇ ਹਾਲ ਨੂੰ ਜਿੰਦਰੇ ਲਗਵਾ ਦਿੱਤੇ ਗਏ ਸੀ ਪਰ ਅਸੀਂ ਫਿਰ ਵੀ ਆਪਣੇ ਦ੍ਰਿੜ ਇਰਾਦੇ ਨਾਲ ਇਹ ਜਿੰਦਰੇ ਖੁਲਵਾ ਕੇ ਮਨਪ੍ਰੀਤ ਬਾਦਲ ਦੀ ਮੀਟਿੰਗ ਕਰਵਾਈ ਸੀ ਜਿਸ ਦੀ ਸੀ ਆਈ ਡੀ ਰਿਪੋਰਟ ਅਨੁਸਾਰ 2500 ਦੀ ਗਿਣਤੀ ਦੱਸੀ ਗਈ ਸੀ। ਇਸ ਮੀਟਿੰਗ ਨੇ ਵੀ ਖਟਕੜ ਕਲਾਂ ਰੈਲੀ ਕਾਮਯਾਬ ਕਰਨ ਲਈ ਵਰਕਰਾਂ ਦੇ ਹੌਸਲੇ ਬੁਲੰਦ ਕੀਤੇ ਸਨ।
ਸਵਾਲ: ਲੰਬੇ ਸਬੰਧਾਂ ਵਿਚ ਖਟਾਸ ਕਿਓਂ ਆਈ ਕੀ ਕਾਰਨ ਹਨ ਕਿ ਤੁਸੀਂ ਅੱਜ ਮਨਪ੍ਰੀਤ ਸਿੰਘ ਬਾਦਲ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ?
ਜਵਾਬ: ਮੈਂ ਲੰਬੇ ਸਮੇਂ ਤੋਂ ਸਿਆਸਤ ਵਿਚ ਹਾਂ ਤੇ ਮੇਰੇ ਅਧਾਰ ਦਾ ਕਾਰਨ ਮੇਰੀ ਕਹਿਣੀ ਅਤੇ ਕਰਨੀ ਵਿਚ ਇਕਸੁਰਤਾ ਹੈ। ਮਨਪ੍ਰੀਤ ਬਾਦਲ ਇਕ ਇਮੋਸ਼ਨਲ ਬਲੈਕਮੇਲਰ ਸਾਬਤ ਹੋਇਆ ਹੈ। ਉਸਦੀ ਕਹਿਣੀ ਅਤੇ ਕਰਨੀ ਵਿਚਲੇ ਫਰਕ ਨੇ ਹੀ ਮੇਰੇ ਮਨ ਨੂੰ ਠੇਸ ਪਹੁੰਚਾਈ ਹੈ। ਅਸੀਂ ਦੁਆਬੇ ਦੇ ਲੋਕ ਯਾਰਾਂ ਨਾਲ ਖੜਨਾ ਜਾਣਦੇ ਹਾਂ ਜੇਕਰ ਯਾਰ ਤੇ ਕੋਈ ਭੀੜ ਪਈ ਹੈ ਤਾਂ ਯਾਰ ਤੋਂ ਪਹਿਲਾਂ ਆਪਣੀ ਹਿੱਕ ਤੇ ਵਾਰ ਸਹਿਣਾ ਸਾਨੂੰ ਅਨੰਦ ਪ੍ਰਦਾਨ ਕਰਦਾ ਹੈ। ਚਰਨਜੀਤ ਬਰਾੜ ਤੋਂ ਇਲਾਵਾ ਉਸ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਦੋਸਤਾਂ ਤੇ ਪਰਚੇ ਹੋਏ ਪਰ ਮਨਪ੍ਰੀਤ ਬਾਦਲ ਨੇ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ। ਚਰਨਜੀਤ ਬਰਾੜ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਸੀ ਕਿ ਤੁਸੀਂ ਬਿਆਨ ਦਿਓ ਕਿ ਮੇਰੇ ਪਾਰਟੀ ਵਰਕਰਾਂ ਨੂੰ ਤੰਗ ਨਾ ਕੀਤਾ ਜਾਵੇ ਜੇਕਰ ਪਰਚੇ ਕਰਨੇ ਤਾਂ ਮੇਰੇ ਤੇ (ਮਨਪ੍ਰੀਤ ਬਾਦਲ) ਕਰੋ ਤਾਂ ਮਨਪ੍ਰੀਤ ਬਾਦਲ ਥਾਂਏ ਹੀ ਮੁਕਰ ਗਿਆ ਜਦੋਂ ਉਸਦੇ ਪਿਤਾ ਨਾਲ ਸਬੰਧਿਤ ਮਿੰਟਾ ਦੀ ਸਰਕਾਰ ਨੇ ਲਗਾਮ ਕੱਸੀ ਤਾਂ ਫਿਰ ਪਿਓ ਪੁੱਤ ਦੋਵਾਂ ਨੇ ਕਾਨਫਰੰਸ ਕਰ ਦਿੱਤੀ। ਪਾਰਟੀ ਪ੍ਰਧਾਨ ਜੇਕਰ ਵਿਤਕਰੇ ਕਰੇਗਾ ਤਾਂ ਕੌਣ ਉਸ ਨਾਲ ਰਹੇਗਾ?
ਸਵਾਲ: ਮਨਪ੍ਰੀਤ ਬਾਦਲ ਇਸ ਵੇਲੇ ਅਮਰੀਕਾ ਦੇ ਦੌਰੇ ਤੇ ਹਨ ਤੇ ਉਹਨਾਂ ਬੀਤੇ ਦਿਨੀਂ ਬੇਕਰਸਫੀਲਡ ਵਿਖੇ ਇਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਚਰਨਜੀਤ ਬਰਾੜ ਝੂਠ ਬੋਲ ਰਿਹਾ ਹੈ ਮੈਂ ਕੋਈ ਕੋਰ ਕਮੇਟੀ ਹੀ ਬਣਾਈ ਹੀ ਨਹੀਂ, ਮਨਪ੍ਰੀਤ ਬਾਦਲ ਦਾ ਇਹ ਬਿਆਨ ਯੂ ਟਿਊਬ ਤੇ ਵੀ ਸੁਣਿਆ ਜਾ ਸਕਦਾ ਹੈ?
ਜਵਾਬ: ਕਦੇ ਵੀ ਕੋਈ ਪਾਰਟੀ ਰਜਿਸਟਰਡ ਕਰਵਾਉਣ ਵੇਲੇ ਅਹੁਦੇਦਾਰਾਂ ਦੀ ਲਿਸਟ ਦੇਣੀ ਹੁੰਦੀ ਹੈ। ਮਨਪ੍ਰੀਤ ਸਿੰਘ ਬਾਦਲ ਵਲੋਂ ਜਿਹੜੇ ਅੱਠ ਮੈਂਬਰਾਂ ਦੀ ਲਿਸਟ ਦਿੱਤੀ ਗਈ ਹੈ ਉਸ ਨੂੰੰ ਹੀ ਕੋਰ ਕਮੇਟੀ ਕਹਿੰਦੇ ਹਨ ਤੇ ਉਹ ਲਿਸਟ ਕਢਵਾ ਕੇ ਦੇਖੀ ਜਾ ਸਕਦੀ ਹੈ ਕਿ ਕਿੰਨੇ ਮੈਂਬਰ ਇਸਦੇ ਰਿਸ਼ਤੇਦਾਰ ਹਨ ਸਭ ਸਾਫ ਹੋ ਜਾਵੇਗਾ?
ਸਵਾਲ: ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੂੰ ਵਿਧਾਨ ਸਭਾ ਦੀ ਟਿਕਟ ਦੇਣ ਦੇ ਫੈਸਲੇ ਨਾਲ ਕੀ ਤੁਸੀਂ ਸਹਿਮਤ ਸੀ?
ਜਵਾਬ: ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਕਿਹਾ ਕਿ ਤੁਸੀਂ ਲੋਕਾਂ ਦੇ ਘਰਾਂ ਵਿਚ ਵੋਟ ਮੰਗਣ ਨਹੀਂ ਜਾਣਾ।ਅਭੈ ਸਿੰਘ ਸੰਧੂ 45 ਸਾਲ ਇਲਾਕੇ ਦੇ ਲੋਕਾਂ ਨਾਲੋਂ ਟੁੱਟੇ ਰਹੇ ਹਨ ਚੋਣਾਂ ਜਿੱਤਣ ਲਈ ਭਾਰਤੀ ਲੋਕਤੰਤਰ ਅਨੁਸਾਰ ਵੋਟਾਂ ਦੀ ਲੋੜ ਤਾਂ ਪਏਗੀ ਹੀ। ਇਤਿਹਾਸ ਗਵਾਹ ਹੈ ਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ| ਅੰਬੇਡਕਰ ਜੀ ਅਤੇ ਮੌਜੂਦਾ ਸਮੇਂ ਵਿਚ ਡਾ| ਮਨਮੋਹਨ ਸਿੰਘ ਬਹੁਤ ਵੱਡੇ ਅਰਥਸ਼ਾਸ਼ਤਰੀ ਹੋਣ ਦੇ ਬਾਵਜੂਦ ਚੋਣਾਂ ਵਿਚ ਹਾਰ ਚੁੱਕੇ ਹਨ। ਸੋ ਜੇਕਰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਸਬੰਧਿਤ ਅਭੈ ਸਿੰਘ ਸੰਧੂ ਹਾਰਦੇ ਹਨ ਤਾਂ ਸ਼ਹੀਦ ਭਗਤ ਸਿੰਘ ਦੇ ਦੁਨੀਆਂ ਵਿਚ ਵਸਦੇ ਹਜ਼ਾਰਾਂ ਹੀ ਵਾਰਿਸਾਂ ਦੇ ਦਿਲਾਂ ਨੂੰ ਠੇਸ ਪਹੁੰਚੇਗੀ ਸੋ ਅਭੈ ਸਿੰਘ ਸੰਧੂ ਜਾਂ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਰਾਜ ਸਭਾ ਮੈਂਬਰੀ, ਚੇਅਰਮੈਨੀ ਜਾਂ ਕਿਸੇ ਹੋਰ ਅਹੁਦੇ ਨਾਲ ਨਿਵਾਜਿਆ ਜਾਣਾ ਚਾਹੀਦਾ ਸੀ। ਸ਼ਹੀਦਾਂ ਦੇ ਪਰਿਵਾਰਾਂ ਦਾ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਵੋਟਾਂ ਵਿਚ ਵਰਤ ਕੇ ਉਹਨਾਂ ਦੇ ਵੱਕਾਰ ਨੂੰ ਠੇਸ ਪਹੁੰਚਾਈ ਜਾਵੇ।
ਸਵਾਲ: ਮਨਪ੍ਰੀਤ ਸਿੰਘ ਬਾਦਲ ਵਲੋਂ ਪਾਰਟੀ ਪੱਧਰ ਦੇ ਫੈਸਲੇ ਲੈਣ ਦਾ ਢੰਗ ਕੀ ਹੈ?
ਜਵਾਬ: ਇਥੇ ਵੀ ਕਹਿਣੀ ਅਤੇ ਕਰਨੀ ਵਿਚ ਫਰਕ ਦਿਖਾਈ ਦਿੰਦਾ ਹੈ। ਜਦੋਂ ਗੁਰਦੁਆਰਾ ਸਿੰਘ ਸਭਾ ਸਾਹਿਬ ਨਵਾਂਸ਼ਹਿਰ ਵਿਖੇ ਵੱਡੀ ਮੀਟਿੰਗ ਕੀਤੀ ਗਈ ਸੀ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਹੁੰ ਖਾਧੀ ਸੀ ਕਿ ਸਾਰੇ ਫੈਸਲੇ ਰਲ ਮਿਲ ਕੇ ਲਏ ਜਾਣਗੇ ਪਰ ਇਸ ਇਨਸਾਨ ਵਲੋਂ ਕਦੇ ਵੀ ਕੋਈ ਫੈਸਲਾ ਪਾਰਟੀ ਆਗੂਆਂ ਨਾਲ ਸਲਾਹ ਕਰਕੇ ਨਹੀਂ ਲਿਆ ਜਾਂਦਾ ਸਗੋਂ ਇਕ ਤਾਨਾਸ਼ਾਹ ਵਾਂਗੰੂ ਹੁਕਮ ਹੀ ਦਿੱਤਾ ਜਾਂਦਾ ਹੈ। ਉਹਨਾਂ ਦਾ ਗੁੱਸੇਖੋਰ ਸੁਭਾਅ ਹੌਲੀ ਹੌਲੀ ਸਾਰਿਆਂ ਨੂੰ ਉਸਤੋਂ ਦੂਰ ਕਰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਨਸੋਆਂ ਆ ਰਹੀਆਂ ਹਨ ਕਿ ਵਰਿੰਦਰਪਾਲ ਸਿੰਘ ਬਾਜਵਾ ਵੀ ਮਨਪ੍ਰੀਤ ਬਾਦਲ ਦੀਆਂ ਤਾਨਾਸ਼ਾਹੀਆਂ ਤੋਂ ਅੱਕ ਕੇ ਵਾਪਿਸ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਿਸ ਆਉਣ ਦਾ ਮਨ ਬਣਾ ਚੁੱਕੇ ਹਨ।
ਸਵਾਲ: ਚਰਨਜੀਤ ਸਿੰਘ ਬਰਾੜ ਵਲੋਂ ਮਨਪ੍ਰੀਤ ਸਿੰਘ ਬਾਦਲ ਤੇ ਪਰਿਵਾਰਵਾਦ ਦੇ ਲਗਾਏ ਗਏ ਦੋਸ਼ਾਂ ਵਿਚ ਕਿੰਨੀ ਕੁ ਸੱਚਾਈ ਹੈ?
ਜਵਾਬ: ਬਰਾੜ ਸਾਹਿਬ ਵਲੋਂ ਕਿਹਾ ਗਿਆ ਇਕ ਇਕ ਸ਼ਬਦ ਸੱਚ ਨਾਲ ਬੱਝਾ ਹੋਇਆ ਹੈ। ਖਟਕੜ ਕਲਾਂ ਰੈਲੀ ਤੋਂ ਪਹਿਲਾਂ ਜ਼ਿਲ੍ਹਾ ਨਵਾਂਸ਼ਹਿਰ ਵਿਚ ਮੀਟਿੰਗਾਂ ਕਰਨ ਲਈ ਮਨਪ੍ਰੀਤ ਸਿੰਘ ਬਾਦਲ ਵਲੋਂ ਸਾਡੇ ਸਿਰ ਤੇ ਜੈਜੀਤ ਹੁੰਦਲ ਤੇ ਅਮਨ ਬਰਾੜ ਨੂੰ ਬਿਠਾ ਦਿੱਤਾ ਗਿਆ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਿਆ ਜਾਵੇ ਕਿ ਕੀ ਇਹ ਦੋਵੇਂ ਵੀ ਉਸਦੇ ਰਿਸ਼ਤੇਦਾਰ ਨਹੀਂ ਹਨ? ਕੀ ਅਸੀਂ ਮੀਟਿੰਗਾਂ ਨੂੰ ਸੰਬੋਧਨ ਕਰਨ ਦੇ ਸਮਰੱਥ ਨਹੀਂ ਸਾਂ ਜੋ ਸਾਨੂੰ ਆਪਣੇ ਰਿਸ਼ਤੇਦਾਰਾਂ ਦੇ ਹੱਥੋਂ ਜ਼ਲੀਲ ਕਰਵਾਇਆ ਗਿਆ।
ਸਵਾਲ: ਪਤਾ ਲੱਗਾ ਹੈ ਕਿ ਕਿਸੇ ਮੀਟਿੰਗ ਵਿਚ ਮਨਪ੍ਰੀਤ ਸਿੰਘ ਬਾਦਲ ਵਲੋਂ ਚਰਨਜੀਤ ਸਿੰਘ ਬਰਾੜ ਨੂੰ ਭ੍ਰਿਸ਼ਟ ਕਿਹਾ ਗਿਆ ਤੇ ਆਖਿਆ ਗਿਆ ਕਿ ਉਸ ਦੇ ਜਾਣ ਨਾਲ ਪਾਰਟੀ ਮਜਬੂਤ ਹੋਈ ਹੈ।
ਜਵਾਬ: ਮੈਨੂੰ ਇਸ ਬਾਰੇ ਕੋਈ ਗਿਆਨ ਨਹੀਂ ਪਰ ਜੇਕਰ ਇਸ ਤਰਾਂ ਕਿਹਾ ਹੈ ਤਾਂ 16 ਸਾਲ ਚਰਨਜੀਤ ਸਿੰਘ ਬਰਾੜ ਉਸਦਾ ਸਾਥੀ ਰਿਹਾ ਹੈ ਤੇ ਚਾਰ ਸਾਲ ਵਿੱਤ ਮੰਤਰੀ ਦੇ ਅਹੁਦੇ ਤੇ ਹੋਣ ਮੌਕੇ ਉਸਨੇ ਆਪਣੀ ਨੌਕਰੀ ਦਾ ਤਿਆਗ ਕਰਕੇ ਓ ਐਸ ਡੀ ਦੀ ਜ਼ਿੰਮੇਵਾਰੀ ਨਿਭਾਈ ਇਸ ਦਾ ਮਤਲਬ ਜੇਕਰ ਚਰਨਜੀਤ ਸਿੰਘ ਬਰਾੜ ਭ੍ਰਿਸ਼ਟ ਹੈ ਤਾਂ ਮਨਪ੍ਰੀਤ ਸਿੰਘ ਬਾਦਲ ਉਸ ਭ੍ਰਿਸ਼ਟ ਵਿਅਕਤੀ ਨੂੰ ਨਾਲ ਕਿਓਂ ਰੱਖਦਾ ਰਿਹਾ ਕੀ ਮਨਪ੍ਰੀਤ ਬਾਦਲ ਖੁਦ ਵੀ ਭ੍ਰਿਸ਼ਟ ਹੋਵੇਗਾ? ਮਨਪ੍ਰੀਤ ਬਾਦਲ ਦਾ ਸਾਥ ਤਾਂ ਬੀਰਦਵਿੰਦਰ ਸਿੰਘ ਸਾਬਕਾ ਵਿਧਾਇਕ, ਸੰਤ ਅਜੀਤ ਸਿੰਘ, ਚਰਨਜੀਤ ਸਿੰਘ ਚੰਨੀ, ਮਨਜਿੰਦਰ ਸਿੰਘ ਕੰਗ ਵਿਧਾਇਕ ਬਿਆਸ ਵੀ ਛੱਡ ਗਏ ਹਨ ਤੇ ਆਉਣ ਵਾਲੇ ਸਮੇਂ ਵਿਚ ਵਰਿੰਦਰਪਾਲ ਸਿੰਘ ਬਾਜਵਾ ਵੀ ਸਾਥ ਛੱਡਣ ਜਾ ਰਹੇ ਹਨ ਕੀ ਉਹ ਸਾਰੇ ਵੀ ਭ੍ਰਿਸ਼ਟ ਹਨ?
ਸਵਾਲ: ਮਨਪ੍ਰੀਤ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦਾ ਤੁਸੀਂ ਨਿੱਜੀ ਤੌਰ ਤੇ ਮੁੱਖ ਕਾਰਨ ਕੀ ਸਮਝਦੇ ਹੋ?
ਜਵਾਬ: ਮੇਰੀ ਸੋਚ ਅਨੁਸਾਰ ਇਹ ਸਿਰਫ ਤੇ ਸਿਰਫ ਕੁਰਸੀ ਦੇ ਵਾਰਿਸ ਦੀ ਹੀ ਲੜਾਈ ਹੈ। ਕਿਉਂਕਿ ਆਰਥਿਕਤਾ ਤੋਂ ਇਲਾਵਾ ਕਦੇ ਵੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਮਸਲੇ ਜਿਵੇਂ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮਸਲਾ ਜਾਂ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਕੋਈ ਵੱਡਾ ਪੈਕੇਜ ਜਾਂ ਕੋਈ ਵੱਡੀ ਸੱਨਅਤ ਨਾ ਦਿੱਤੇ ਜਾਣ ਦਾ ਸਬੰਧੀ ਕੋਈ ਬਿਆਨ ਆਪਣੀ ਜ਼ੁਬਾਨ ਵਿਚੋਂ ਬਾਹਰ ਨਹੀਂ ਕੱਢਿਆ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੀ ਵਾਗਡੋਰ ਮਨਪ੍ਰੀਤ ਸਿੰਘ ਬਾਦਲ ਦੇ ਹੱਥ ਆ ਜਾਵੇ (ਜੋ ਕਿ ਅਸੰਭਵ ਹੈ) ਤਾਂ ਪੰਜਾਬ ਹਜ਼ਾਰਾਂ ਸਾਲ ਆਪਣੀ ਤਰਾਸਦੀ ਤੇ ਰੋਂਦਾ ਰਹੇਗਾ ਕਿਓਂ ਇਕ ਤਾਨਾਸ਼ਾਹ ਕਦੇ ਵੀ ਆਪਣੀ ਜਨਤਾ ਨੂੰ ਸੁੱਖ ਨਹੀਂ ਦੇ ਸਕਦਾ।
ਸਵਾਲ: ਮਨਪ੍ਰੀਤ ਸਿੰਘ ਬਾਦਲ ਪੰਜਾਬ ਦੀ ਮਿੱਟੀ ਨਾਲ ਕਿੰਨਾਂ ਕੁ ਜੁੜੇ ਹੋਏ ਹਨ?
ਜਵਾਬ: ਉਹਨਾਂ ਦੀ ਖੁਦ ਦੀ ਵਿਦਿਆ ਵਿਦੇਸ਼ ਵਿਚ ਪੂਰੀ ਹੋਈ ਹੈ ਤੇ ਉਹਨਾਂ ਦੇ ਬੱਚੇ ਵੀ ਵਿਦੇਸ਼ਾਂ ਵਿਚ ਹੀ ਹਨ। ਰੈਲੀ ਮੌਕੇ ਉਹਨਾਂ ਵਲੋਂ ਆਪਣੇ ਬੱਚਿਆਂ ਲਈ ਕਿਸੇ ਵਧੀਆ ਹੋਟਲ ਤੋਂ ਪੀਜ਼ਾ ਬਰਗਰ ਤੇ ਹੋਰ ਵਿਦੇਸ਼ੀ ਖਾਣੇ ਲਿਆਉਣ ਲਈ ਸਾਨੂੰ ਨਿਰਦੇਸ਼ ਦਿੱਤੇ ਗਏ ਤੇ ਪਿੰਡ ਦੀ ਰੋਟੀ ਪਾਣੀ ਤੋਂ ਨੱਕ ਫੇਰਿਆ ਗਿਆ। ਇਸ ਤੋਂ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਉਹ ਪੰਜਾਬ ਦੀ ਮਿੱਟੀ ਨਾਲ ਕਿੰਨਾਂ ਕੁ ਜੁੜੇ ਹੋਏ ਹਨ। ਜਿਹਦੇ ਪੈਰਾਂ ਨੇ ਟਿੱਬਿਆਂ ਦੀ ਗਰਮ ਰੇਤ ਦਾ ਸੇਕ ਨਾ ਮਹਿਸੂਸ ਕੀਤਾ ਹੋਵੇ ਉਹ ਕਿਸੇ ਦੇ ਮੂੰਹੋਂ ਨਿੱਕਲੀ ਦਰਦ ਦੀ ਚੀਸ ਨੂੰ ਕਿਵੇਂ ਮਹਿਸੂਸ ਕਰ ਸਕੇਗਾ?
ਸਵਾਲ: ਆਪਣੀਆਂ ਭਵਿੱਖੀ ਯੋਜਨਾਵਾਂ ਸਬੰਧੀ ਪਾਠਕਾਂ ਨੂੰ ਕੁਝ ਜਾਣਕਾਰੀ ਦੇਣਾ ਚਾਹੁੰਦੇ ਹੋ?
ਜਵਾਬ: ਮਨਪ੍ਰੀਤ ਸਿੰਘ ਬਾਦਲ ਇਕ ਬਹੁਤ ਵਧੀਆ ਬੁਲਾਰਾ ਹੈ ਜਿਸ ਨਾਲ ਉਹ ਪੰਜਾਬ ਦੇ ਨੌਜਵਾਨਾਂ ਦੇ ਮਨ ਨੂੰ ਮੋਹ ਰਿਹਾ ਹੈ ਪਰ ਗੁਰੂ ਨਾਨਕ ਦੇਵ ਜੀ ਵਲੋਂ ਲਿਖੀ ਗਈ ਅਟੱਲ ਸੱਚਾਈ “ਗੱਲੀਂ ਅਸੀਂ ਚੰਗੀਆ ਅਚਾਰੀ ਬੁਰੀਆਹ” ਅਨੁਸਾਰ ਮਨਪ੍ਰੀਤ ਬਾਦਲ ਦੀ ਕਹਿਣੀ ਅਤੇ ਕਰਨੀ ਦੇ ਫਰਕ ਨੇ ਸਾਡੇ ਮਨ ਨੂੰ ਬਹੁਤ ਠੇਸ ਪਹੁੰਚਾਈ ਹੈ ਉਸ ਤੋਂ ਉਭਰਨ ਲਈ ਮੈਨੂੰ ਅਜੇ ਸਮਾਂ ਚਾਹੀਦਾ ਹੈ ਜਿਸ ਕਾਰਨ ਮੈਂ ਆਉਣ ਵਾਲੀ ਰਣਨੀਤੀ ਬਾਰੇ ਅਜੇ ਕੁਝ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਆਪਣੇ ਸਾਥੀਆਂ ਤੋਂ ਮੁਆਫੀ ਜ਼ਰੂਰ ਮੰਗਾਂਗਾ ਜਿਹਨਾਂ ਨੇ ਮੇਰਾ ਸਾਥ ਦਿੱਤਾ ਤੇ ਮੈਨੂੰ ਆਸ ਹੈ ਕਿ ਉਹ ਮੈਨੂੰ ਮੁਆਫ ਕਰਦੇ ਹੋਏ ਮੇਰਾ ਅੱਗੇ ਤੋਂ ਵੀ ਸਾਥ ਦਿੰਦੇ ਰਹਿਣਗੇ।
ਸਵਾਲ: ਮਨਪ੍ਰੀਤ ਸਿੰਘ ਖਾਰਾ ਜੀ ਤੁਸੀਂ ਆਪਣੇ ਸਿਆਸੀ ਜੀਵਨ ਦੇ ਨਿੱਜੀ ਤਜ਼ਰਬੇ ਖਾਸ ਕਰਕੇ ਮਨਪ੍ਰੀਤ ਸਿੰਘ ਬਾਦਲ ਨਾਲ ਸਬੰਧਿਤ ਵਿਸ਼ਿਆ ਤੇ ਸਾਡੇ ਪਾਠਕਾਂ ਨੂੰ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ ਆਪ ਜੀ ਦਾ ਧੰਨਵਾਦ।
ਮਨਪ੍ਰੀਤ ਖਾਰਾ: ਆਪ ਜੀ ਦਾ ਵੀ ਧੰਨਵਾਦ ਜੋ ਤੁਸੀਂ ਮੇਰੇ ਮਨ ਦੇ ਭਾਵਾਂ ਨੂੰ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਮੈਂ ਜੋ ਵੀ ਉਪਰੋਕਤ ਇੰਟਰਵਿਊ ਵਿਚ ਕਿਹਾ ਹੈ ਉਸ ਸਬੰਧੀ ਪੰਜਾਬੀ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹਨ ਮੈਂ ਉਹਨਾਂ ਦੇ ਇਕ ਇਕ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ ਕਿਉਂਕਿ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਲੱਛੇਦਾਰ ਭਾਸ਼ਣਾਂ ਵਿਚ ਫਸਦੇ ਹੋਏ ਪ੍ਰਵਾਸੀ ਪੰਜਾਬੀ ਵੀ ਭਾਵਨਾਵਾਂ ਦੇ ਵਹਿਣ ਵਿਚ ਵਹਿ ਰਹੇ ਹਨ ਪਰ ਉਹਨਾਂ ਨੂੰ ਵੀ ਜਦੋਂ ਸਮਝ ਲੱਗੇਗੀ ਤਾਂ ਉਹ ਵੀ ਪਛਤਾਵੇ ਦੇ ਬੱਦਲਾਂ ਵਿਚ ਘਿਰ ਜਾਣਗੇ। ਖੈਰ ਮੇਰੇ ਵਲੋਂ ਸਮੂਹ ਪੰਜਾਬੀ ਵੀਰਾਂ ਨੂੰ ਸਤਿ ਸ੍ਰੀ ਅਕਾਲ, ਧੰਨਵਾਦ।
No comments:
Post a Comment