Tuesday, 17 May 2016

ਮੈਂ ਲੋਹ ਕੁੱਟ ਦਾ ਪੁੱਤ ਹਾਂ


ਮੈਂ ਲੋਹ ਕੁੱਟ ਦਾ ਪੁੱਤ ਹਾਂ
ਮੈਂ ਦੇਖਿਆ ਹੈ
ਆਪਣੇ ਬਾਬੇ ਨੂੰ
ਆਪਣੇ ਬਾਪੂ ਨੂੰ
ਲ਼ੋਹੇ ’ਚੋਂ ਰੋਟੀ ਕੱਢਦਿਆਂ ਨੂੰ
ਮੈਂ ਰੋ ਪੈਣਾ
ਮੈਂ ਡਰ ਜਾਣਾ
ਜਦ ਕਦੇ
ਹਥੌੜਾ ਮੇਰੇ ਬਾਪੂ ਦੇ
ਹੱਥ ਤੇ ਲੱਗ ਜਾਣਾ
ਮੈਂ ਸਹਿਮ ਜਾਣਾ
ਮੈਂ ਕੰਬ ਜਾਣਾ
ਜਦ ਮੇਰੇ ਬਾਪੂ ਨੇ
ਦਰਦ ਨਾਲ 'ਸੀ' ਕਹਿਣਾ
ਮੈਂ ਬਾਲ ਅੱਖਾਂ ਨਾਲ ਦੇਖਣਾ, 
ਉਹਦੇ ਹੱਥ ਵਿਚੋਂ ਖੁੂਨ ਦਾ ਤੁਪਕਾ
ਅਹਿਰਨ ਕੋਲ ਪਈ ਰੇਤ ਦੇ ਉਤੇ ਡਿਗਦਾ
ਮੈਂ ਬਾਲ ਅੱਖਾਂ ਨਾਲ ਦੇਖਣਾ, 
ਉਹਦੇ ਮੱਥੇ ਤੋਂ ਪਸੀਨੇ ਦਾ ਤੁਪਕਾ
ਅਹਿਰਨ ਕੋਲ ਪਈ ਰੇਤ ਦੇ ਉਤੇ ਡਿਗਦਾ
ਮੈਂ ਬਾਲ ਮਨ ਨਾਲ ਸੋਚਣਾ,
ਸ਼ਾਇਦ.........
ਇਹਨੂੰ ਹੀ ਕਹਿੰਦੇ ਨੇ
ਖੂਨ ਪਸੀਨੇ ਦੀ ਕਮਾਈ
                        -ਅਜਮੇਰ ਸਿੰਘ ਚਾਨਾ

No comments:

Post a Comment