ਧੋਖਾ
ਰੋਜ਼ਾਨਾ 'ਜਗ ਬਾਣੀ' ਵਿਚ ਮਿਤੀ 05 ਮਈ 2016 ਨੂੰ ਛਪੀ ਕਹਾਣੀ
-ਅਜਮੇਰ ਸਿੰਘ ਚਾਨਾ
ਬਲਿਹਾਰ ਸਿੰਘ ਅੱਜ ਅਮਰੀਕਾ ਦਾ ਕਾਮਯਾਬ ਬਿਜ਼ਨਸਮੈਨ ਬਣ ਚੁੱਕਾ ਸੀ।ਨਿਊਯਾਰਕ ਵਿਚ ਉਸਦਾ ਗਰੌਸਰੀ ਸਟੋਰ ਇਕ ਬ੍ਰਾਂਡ ਮੰਨਿਆ ਜਾ ਰਿਹਾ ਹੈ ਤੇ ਹੁਣ ਉਹ ਇਸ ਵਿਚ ਵਾਧਾ ਕਰਨ ਦੀ ਸੋਚ ਰੱਖਦਾ ਹੋਇਆ ਆਪਣੇ ਬ੍ਰਾਂਡ ਦੀ ਲੜੀ ਚਲਾਉਣਾ ਚਾਹੁੰਦਾ ਸੀ। ਬੜੇ ਸੰਘਰਸ਼ ਤੋਂ ਬਾਅਦ ਅੱਜ ਉਹ ਇੰਡੀਆ ਜਾਣ ਦੇ ਹਰ ਪੱਖੋਂ ਕਾਬਲ ਹੋ ਚੁੱਕਾ ਸੀ ਪਰ ਜਾਣਾ ਉਸਨੂੰ ਬਹੁਤ ਹੀ ਔਖੇ ਪਲਾਂ ਲਈ ਪੈ ਰਿਹਾ ਸੀ। ਉਸਦਾ ਬਾਪੂ ਤਾਂ ਚਿਰਾਂ ਦਾ ਪੂਰਾ ਹੋ ਚੁੱਕਾ ਸੀ ਤੇ ਬੇਬੇ ਆਖਰੀ ਸਾਹਾਂ ਤੇ ਸੀ।ਬਾਪੂ ਦੀ ਮੌਤ ਵੇਲੇ ਤਾਂ ਉਹ ਕਾਗਜ਼ਾਂ ਪੱਤਰਾਂ ਦੀ ਘਾਟ ਕਰਕੇ ਜਾ ਨਹੀਂ ਸੀ ਸਕਾ। ਖੈਰ ਹੁਣ ਉਸ ਕੋਲ ਸਾਰੇ ਕਾਗਜ਼ ਪੱਤਰ ਸਨ ਜਿਨ੍ਹਾਂ ਦੇ ਸਿਰ ਤੇ ਉਹ ਉਡਾਰੀ ਮਾਰ ਕੇ ਪੰਜਾਬ ਵਿਚ ਚਿਰਾਂ ਤੋਂ ਵਿਛੜੇ ਆਪਣੇ ਪਰਿਵਾਰ ਅਤੇ ਸਕੇ ਸਬੰਧੀਆਂ ਨੂੰ ਮਿਲ ਸਕਦਾ ਸੀ ਅਤੇ ਆਪਣੀ ਮਾਂ ਦਾ ਆਖਰੀ ਵਾਰ ਮੂੰਹ ਵੇਖ ਸਕਦਾ ਸੀ।ਉਹ ਯਾਦਾਂ ਵਿਚ ਗੁਆਚਿਆ ਸੋਚਦਾ ਹੈ ਕਿ ਕਿਵੇਂ ਉਸਦੇ ਮਾਮੇ ਨੇ ਏਜੰਟ ਕੋਲ ਗਰੰਟੀ ਭਰ ਕੇ ਉਸਨੂੰ ਇਟਲੀ ਲਈ ਤੋਰਿਆ ਸੀ, ਕਿਵੇਂ ਉਹ ਹਾਲੈਂਡ ਦੇ ਪਾਸਪੋਰਟ ਤੇ ਅਮਰੀਕਾ ਪਹੁੰਚਿਆ ਅਤੇ ਫਿਰ ਕਿਵੇਂ ਉਹ ਵਿਆਹ ਕਰਵਾ ਕੇ ਅੱਜ ਪੱਕਾ ਹੋ ਚੁੱਕਾ ਸੀ ਅਤੇ ਕਿਸਮਤ ਨਾਲ ਉਸਦੀ ਪਤਨੀ ਅਤੇ ਉਸਦੇ ਦੋਵੇਂ ਬੇਟੇ ਜੁਗਰਾਜ ਤੇ ਮਨਰਾਜ ਵੀ ਉਸ ਵਲੋਂ ਕੀਤੀ ਗਈ ਮਿਹਨਤ ਦੀ ਕਦਰ ਕਰਦੇ ਸਨ ਅਤੇ ਉਸਦੇ ਬਿਜ਼ਨਸ ਵਿਚ 'ਬੀਂਡੀ' ਵਾਂਗ ਜੁੜ ਕੇ ਜ਼ੋਰ ਮਾਰ ਰਹੇ ਸਨ। ਉਹ ਜ਼ਿਆਦਾਤਰ ਪਿੰਡ ਦੀਆਂ ਗੱਲਾਂ ਕਰਦਾ ਰਹਿੰਦਾ ਕਰਕੇ ਉਸਦੇ ਬੱਚੇ ਵੀ ਪਿੰਡ ਨਾਲ ਮੋਹ ਰੱਖਦੇ ਸਨ।
17 ਸਾਲ ਦਾ ਅਰਸਾ ਬੜਾ ਲੰਬਾ ਹੁੰਦਾ ਹੈ, ਸਾਰਿਆਂ ਦੇ ਚਿਹਰੇ ਬਦਲ ਚੁੱਕੇ ਹੋਣਗੇ, ਪਿੰਡ ਬਦਲ ਚੁੱਕਾ ਹੋਵੇਗਾ, ਸੜ੍ਹਕਾਂ ਬਣ ਚੁੱਕੀਆਂ ਹੋਣਗੀਆਂ, ਕੱਚੇ ਘਰਾਂ ਦੀ ਥਾਂ ਕੋਠੀਆਂ ਬਣ ਚੁੱਕੀਆਂ ਹੋਣਗੀਆਂ…….. ਸੋਚਾਂ ਸੋਚਦਾ ਬਲਿਹਾਰ ਸਿੰਘ ਆਪਣਾ ਸਮਾਨ ਬੰਨ੍ਹ ਰਿਹਾ ਸੀ।
ਡੈਡੀ ਜੀ ਤੁਹਾਡੀ ਟਿਕਟ ਤੇ ਹੋਰ ਸਾਰੇ ਕਾਗਜ਼ ਇਸ ਹੈਂਡ ਬੈਗ ਵਿਚ ਹਨ ਤੇ ਖਾਸ ਖਿਆਲ ਰੱਖਣਾ ਇਹਨਾਂ ਦਾ……. ਜੁਗਰਾਜ ਨੇ ਆਪਣੇ ਪਿਤਾ ਦੀ ਸੋਚਾਂ ਦੀ ਲੜੀ ਨੂੰ ਤੋੜਦਿਆਂ ਕਿਹਾ।
ਉਹ ਪੁੱਤਰਾ ਜਿਹੜੇ ਕਾਗਜ਼ਾਂ ਲਈ ਜ਼ਿੰਦਗੀ ਦਾ ਅੱਧਾ ਹਿੱਸਾ ਗੁਆ ਦਿੱਤਾ ਉਹਨਾਂ ਨੂੰ ਕਿਵੇਂ ਅੱਖੋਂ ਉਹਲੇ ਕਰ ਸਕਦਾ ਹਾਂ? ਬਲਿਹਾਰ ਨੇ ਦਸਤਵੇਜ਼ਾਂ ਦੀ ਅਹਿਮੀਅਤ ਦੱਸਦਿਆਂ ਆਪਣੇ ਪੁੱਤਰ ਨੂੰ ਆਪਣੇ ਜ਼ਿੰਦਗੀ ਦੇ ਸਖਤ ਸੰਘਰਸ਼ ਦਾ ਹਵਾਲਾ ਵੀ ਦੇ ਦਿੱਤਾ।
ਨਿਊਯਾਰਕ ਦੇ ਜੇ ਐਫ ਕੇ ਏਅਰਪੋਰਟ ਤੋਂ ਚੜ੍ਹਿਆ ਤੇ ਬਲਿਹਾਰ ਸਿੰਘ ਪੁੱਜਾ ਆਪਣੇ ਪਿੰਡ। ਸੱਚੀਂ ਸਾਰਾ ਕੁਝ ਬਦਲ ਚੁੱਕਾ ਸੀ। ਬੇਬੇ ਨੂੰ ਡਾਕਟਰ ਜਵਾਬ ਦੇ ਚੁੱਕੇ ਸਨ। ਉਹ ਤਾਂ ਜਿਵੇਂ ਆਪਣੇ ਪੁੱਤ ਨੂੰ ਹੀ ਉਡੀਕਦੀ ਹੋਵੇ ਕਿ ਕਦੋਂ ਉਹਦਾ ਮੂੰਹ ਵੇਖਾਂ ਤੇ ਆਖਰੀ ਸਵਾਸ ਲਵਾਂ।ਬੇਬੇ ਚੜ੍ਹਾਈ ਕਰ ਗਈ।ਸਾਰੇ ਕਾਰਜ ਹੱਥੀਂ ਕੀਤੇ। ਸਹਿਜ ਪਾਠ ਦੇ ਭੋਗ ਪਾਏ ਗਏ, ਬੈਰਾਗਮਈ ਕੀਰਤਨ ਹੋਇਆ ਅਤੇ ਅਫਸੋਸ ਕਰਨ ਵਾਲਿਆਂ ਦਾ ਆਉਣਾ ਸ਼ੁਰੂ ਹੋਇਆ।
ਸਭ ਕੁਝ ਨਿੱਬੜ ਗਿਆ। ਬਲਿਹਾਰ ਹੁਣ ਮਾਪਿਆਂ ਵਿਹੂਣਾ ਹੋ ਚੁੱਕਾ ਸੀ।
ਜਿਹੜੇ ਮਾਮੇ ਨੇ ਕਦੇ ਗਰੰਟੀ ਭਰ ਕੇ ਇਟਲੀ ਭੇਜਿਆ ਸੀ ਉਹ ਵੀ ਇਸ ਜਹਾਨ ਤੋਂ ਜਾ ਚੁੱਕਾ ਸੀ। ਮਾਮੇ ਦੀ ਮੌਤ ਤੋਂ ਬਾਅਦ ਨਾਨਕੇ ਘਰ ਹਾਲਾਤ ਮਾੜੇ ਹੋ ਚੁੱਕੇ ਸੀ ਜਿਸ ਕਾਰਨ ਬਲਿਹਾਰ ਉਸਦੀ ਬੇਬੇ ਕੋਲ ਹੀ ਰਹਿੰਦਾ ਸੀ ਤੇ ਉਸਦੀ ਸੇਵਾ ਕਰਦਾ ਸੀ। ਬਲਿਹਾਰ ਹੀ ਉਸ ਨੂੰ ਖਰਚਾ ਪਾਣੀ ਦਿੰਦਾ ਸੀ।ਬਲਿਹਾਰ ਨੇ ਕੁਝ ਹੀ ਦਿਨਾਂ ਵਿਚ ਆਪਣੇ ਪਿੰਡ ਦੇ ਮਿੱਤਰਾਂ ਸੱਜਣਾਂ ਨਾਲ ਮੇਲੇ ਗੇਲੇ ਕਰ ਲਏ। ਹਰ ਕੋਈ ਉਸਨੂੰ ਦਿਲਾਸਾ ਦਿੰਦਾ ਕਿ ਰੱਬ ਦਾ ਭਾਣਾ ਹਰ ਇਕ ਨੂੰ ਮੰਨਣਾ ਪੈਣਾ ਹੈ ਮਾਪਿਆਂ ਦੀ ਘਾਟ ਤਾਂ ਸਾਰੀ ਉਮਰ ਰੜਕਦੀ ਰਹਿੰਦੀ ਏ।ਕੁਝ ਦਿਨਾਂ ਬਾਅਦ ਹੀ ਜ਼ਿੰਦਗੀ ਆਮ ਵਾਂਗ ਹੋ ਗਈ।
ਹੁਣ ਉਹ ਆਪਣੇ ਨਾਨਕੇ ਮਾਮੇ ਦੇ ਘਰ ਜਾਣਾ ਚਾਹੁੰਦਾ ਸੀ ਜਿਥੋਂ ਉਸ ਦੀ ਜ਼ਿੰਦਗੀ ਨੂੰ ਭਾਗ ਲੱਗੇ ਸਨ। ਉਹਨੇ ਮਾਮੇ ਦੇ ਮੁੰਡੇ ਸੰਤੋਖ ਸਿੰਘ ਨੂੰ ਨਾਲ ਲਿਆ ਅਤੇ ਟੈਕਸੀ ਕਰਕੇ ਤੁਰ ਪਿਆ ਨਾਨਕਿਆਂ ਨੂੰ। ਰਸਤੇ ਵਿਚ ਸੋਚਦਾ ਜਾ ਰਿਹਾ ਸੀ ਕਿ ਛੋਟੇ ਛੋਟੇ ਹੁੰਦੇ ਕਿਵੇਂ ਬੱਸਾਂ ਵਿਚ ਬੇਬੇ ਨਾਲ ਨਾਨਕਿਆਂ ਨੂੰ ਜਾਈਦਾ ਸੀ। ਕਿੰਨਾ ਚਾਅ ਹੁੰਦਾ ਸੀ। ਭਾਵੇਂ ਉਸਨੂੰ ਅੱਜ ਵੀ ਉਨ੍ਹਾਂ ਹੀ ਚਾਅ ਸੀ ਪਰ ਉਥੇ ਨਾਨਾ ਨਾਨੀ ਨਹੀਂ ਸਨ ਮਿਲਣੇ ਅਤੇ ਉਹ ਮਾਮਾ ਵੀ ਨਹੀਂ ਜਿਹਨੇ ਕਦੇ ਉਸਦੀ ਜ਼ਿੰਦਗੀ ਦੇ ਸੁਪਨਿਆਂ ਦੀ ਉੱਚੀ ਇਮਾਰਤ ਦੀ ਪਹਿਲੀ ਇੱਟ ਰੱਖੀ ਸੀ।
ਆ ਵੇ ਪੁੱਤਰਾ ਬਲਿਹਾਰ ਸਿੰਹਾਂ, ਕਿਵੇਂ ਆ ਤੇਰੇ ਬਾਲ ਬੱਚੇ ਹੋਰ ਕੰਮ ਕਾਰ ਕਿੱਦਾਂ………… ਮਾਮੀ ਨੇ ਬਲਿਹਾਰ ਸਿੰਘ ਨੂੰ ਸਰਦਣ ਵਿਚੋਂ ਹੀ ਗਲ ਨਾਲ ਲਾ ਲਿਆ ਅਤੇ ਰੋਂਦੀ ਨੇ ਕਈ ਸਵਾਲ ਕਰ ਦਿੱਤੇ ਨਾਲ ਹੀ ਦਿਲਾਸਾ ਦਿੰਦਿਆਂ ਕਿਹਾ ……..ਮਾਂ ਦਾ ਦੁੱਖ ਤਾਂ ਬਥੇਰਾ ਹੁੰਦਾ ਪਰ ਰੱਬ ਅੱਗੇ ਜ਼ੋਰ ਕਿਸੇ ਦਾ ਨੀਂ ਇਹ ਤਾਂ ਜੱਗ ਦੀ ਰੀਤ ਈ ਬਣੀ ਹੋਈ ਆ ਪੁੱਤਰਾ….. ।
ਸਹੀ ਗੱਲ ਆ ਮਾਮੀ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਜਿਹੜੀ ਮਾਂ ਦੇ ਕਦੇ ਹੱਥਾਂ ਵਿਚ ਖੇਡਦੇ ਸੀ ਅੱਜ ਉਸ ਮਾਂ ਨੂੰ ਹੱਥੀਂ ਅੱਗ ਲਾਉਣੀ ਪੈ ਗਈ….. ਬਲਿਹਾਰ ਸਿੰਘ ਧਾਹਾਂ ਮਾਰ ਕੇ ਰੋ ਪਿਆ।
ਮਾਮੀ ਨੇ ਗਲ ਨਾਲ ਲਾ ਲਿਆ ਆਪਣੇ ਪੁੱਤਰ ਵਰਗੇ ਬਲਿਹਾਰ ਨੂੰ।
ਕੁਝ ਸਮਾਂ ਗਮਗੀਨ ਰਹਿਣ 'ਤੇ ਮਾਮੀ ਨੇ ਚੁੱਪ ਤੋੜਨ ਲਈ ਕਿਹਾ, 'ਹੋਰ ਸੁਣਾ ਅਮਰੀਕਾ 'ਚ ਤੇਰਾ ਕੰਮ ਕਾਰ ਕਿਵੇਂ ਆ'?
ਸਭ ਠੀਕ ਆ ਰੱਬ ਨੇ ਸੁਣ ਲਈ ਪੂਰੀ ਹੁਣ ਕਿਸੇ ਚੀਜ਼ ਦੀ ਘਾਟ ਨਹੀਂ ਆਪਾਂ ਨੂੰ ਮਾਮੀ……. ਬਲਿਹਾਰ ਨੇ ਫਿਰ ਅੱਖਾਂ ਵਿਚੋਂ ਮੋਟੇ ਮੋਟੇ ਹੰਝੂਆਂ ਦੇ ਕਿਣੇ ਕੇਰਦਿਆਂ ਕਿਹਾ।
ਕੁਝ ਚਿਰ ਬਾਅਦ ਭਾਵਨਾਤਮਕ ਮਹੌਲ ਆਮ ਮਹੌਲ ਵਿਚ ਤਬਦੀਲ ਹੋਇਆ। ਕੁਝ ਇਧਰ ਉਧਰ ਦੀਆਂ ਗੱਲਾਂ ਚੱਲੀਆਂ। ਆਂਢ ਗੁਆਂਡ ਵੀ ਉਸਨੂੰ ਮਿਲਣ ਆਇਆ।
ਬਲਿਹਾਰ ਸਿੰਘ ਵੇਖ ਰਿਹਾ ਸੀ ਕਿ ਉਸਦੇ ਨਾਨਕਿਆਂ ਦਾ ਘਰ ਬਹੁਤ ਹੀ ਮਾੜੇ ਹਾਲਾਤਾਂ ਵਿਚ ਹੈ ਅਤੇ ਮਾਮੇ ਦੀ ਲੜਕੀ ਵੀ ਬਿਲਕੁਲ ਵਿਆਹ ਦੀ ਉਮਰ ਵਿਚ ਪਹੁੰਚ ਚੁੱਕੀ ਹੈ। ਉਸਨੇ ਸੋਚਿਆ ਕਿ ਮੇਰੇ ਦੋਵੇਂ ਪੁੱਤਰ ਮੇਰੇ ਬਿਜ਼ਨਸ ਨੂੰ ਸਾਂਭ ਰਹੇ ਹਨ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਮੇਰੇ ਹੋਰ ਸਟੋਰ ਵੀ ਖੁੱਲ੍ਹਣਗੇ ਅਤੇ ਚੱਲਣਗੇ ਵੀ।
ਮਾਮੇ ਦੇ ਕੀਤੇ ਅਹਿਸਾਨ ਨੂੰ ਉਹ ਭੁੱਲਣਾ ਨਹੀਂ ਸੀ ਚਾਹੁੰਦਾ। ਕੀ ਕੀਤਾ ਜਾਵੇ ਉਹ ਮਨ ਵਿਚ ਸੋਚ ਹੀ ਰਿਹਾ ਸੀ ........ ਵੇ ਪੁੱਤਰਾ ਚਾਹ ਤਾਂ ਪੀ ਲੈ ਕਿਧਰ ਵੇਖੀ ਜਾਨਾ ਸਾਡੇ ਕੱਚੇ ਮਹਿਲਾਂ ਵੱਲ…. ਮਾਮੀ ਨੇ ਆਪਣੀ ਗਰੀਬੀ ਦਾ ਅਹਿਸਾਸ ਕਰਾਉਣ ਦੇ ਮਨਸ਼ੇ ਨਾਲ ਕਿਹਾ।
ਨਹੀਂ ਮਾਮੀ ਮੈਂ ਸੋਚਦਾ ਸੀ ਆਪਣੇ ਸੰਤੋਖ ਨੂੰ ਕਿਸੇ ਕਿੱਤੇ ਲਾ ਦਈਏ ਤੇ ਕੰਮ ਕਾਰ ਕਰਕੇ ਇਹ ਵੀ, ਘਰਦਾ ਬਣਾਵੇ ਕੁਝ। ਬਾਕੀ ਅਮਰੀਕਾ ਦਾ ਜਦੋਂ ਬਣੂ ਉਦੋਂ ਈ ਬਣੂ……….. ਬਲਿਹਾਰ ਨੇ ਸਭ ਕੁਝ ਸਾਫ ਕਰ ਦਿੱਤਾ।
ਵੇ ਪੁੱਤਰਾ ਹੋਰ ਕੀ ਚਾਹੀਦਾ ਜੇ ਮਿਹਰਬਾਨੀ ਕਰ ਦੇਵੇਂ ਸਾਡੇ ਵੀ ਦਿਨ ਵਧੀਆ ਆ ਜਾਣ….. .. ਮਾਮੀ ਨੇ ਵੀ ਮਦਦ ਦੀ ਆਸ ਨਾਲ ਕਿਹਾ।
ਲੈ ਬਈ ਸੰਤੋਖ ਸਿੰਘ ਸਿਹਾਂ ਸ਼ਹਿਰ ਵੇਖ ਕੋਈ ਦੁਕਾਨ ਕਿਰਾਏ ਤੇ ਤੈਨੂੰ ਹਾਰਡਵੇਅਰ ਦੀ ਦੁਕਾਨ ਦਿੰਨੇ ਆ ਖੋਲ੍ਹ ਕੇ। ਜੇ ਤੂੰ ਦੁਕਾਨ ਚਲਾ ਲਈ ਤਾਂ ਤੇਰਾ ਭਰਾ ਤੈਨੂੰ ਮੁੱਲ ਦੀ ਦੁਕਾਨ ਲੈ ਕੇ ਦਊ ਤੇ ਨਾਲੇ ਹੋਰ ਵੀ ਕੋਈ ਕੰਮ ਕਾਰ ਕਰਾਂਗੇ…… ਬਲਿਹਾਰ ਸਿੰਘ ਨੇ ਆਪਣੇ ਖਜ਼ਾਨੇ ਦੇ ਮੂੰਹ ਮਾਮੇ ਦੇ ਮੁੰਡੇ ਲਈ ਖੋਲ੍ਹਣ ਦੀ ਬੜ੍ਹਕ ਮਾਰਦਿਆਂ ਕਿਹਾ।
ਸੰਤੋਖ ਸਿੰਘ ਦਸਵੀਂ ਪਾਸ ਤਾਂ ਸੀ ਪਰ ਉਸ ਨੂੰ ਖੇਤੀਬਾੜੀ ਤੋਂ ਇਲਾਵਾ ਹੋਰ ਕਿਸੇ ਕੰਮ ਦਾ ਕੋਈ ਤਜ਼ਰਬਾ ਨਹੀਂ ਸੀ ਪਰ ਉਸਨੂੰ ਡਰ ਸੀ ਕਿ ਵਲੈਤੀਆ ਹੁਣ ਤਾਅ ਵਿਚ ਆਇਆ ਆ ਜੇਕਰ ਕੋਈ ਹੋਰ ਗੱਲ ਕਹੀ ਤਾਂ ਕਿਤੇ ਮੁਕਰ ਹੀ ਨਾ ਜਾਵੇ।
ਠੀਕ ਆ ਭਾਜੀ ਮੈਂ ਕੱਲ ਹੀ ਦੁਕਾਨ ਵੇਖ ਲੈਂਦਾ ਹਾਂ ਨਾਲੇ ਵੱਡੇ ਸ਼ਹਿਰ ਮੇਰਾ ਇਕ ਦੋਸਤ ਹਾਰਡਵੇਅਰ ਦੀ ਦੁਕਾਨ ਕਰਦਾ ਵੀ ਆ ਉਸਦੇ ਨਾਲ ਗੱਲਬਾਤ ਕਰਕੇ ਸਲਾਹ ਵੀ ਲੈ ਲੈਂਦਾ ਹਾਂ……. ਸੰਤੋਖ ਸਿੰਘ ਨੇ ਵੀ ਇਕਦਮ ਤਿਆਰੀ ਕੱਸ ਲਈ।
ਦੁਕਾਨ ਲੈ ਲਈ ਗਈ ਅਤੇ ਦੁਕਾਨ ਨੂੰ ਸਮਾਨ ਨਾਲ ਵੀ ਲੱਥਪੱਥ ਕਰ ਦਿੱਤਾ ਗਿਆ। ਬਲਿਹਾਰ ਸਿੰਘ ਵੀ ਦੋ ਚਾਰ ਦਿਨ ਦੁਕਾਨ ਤੇ ਨਾਲ ਹੀ ਬੈਠਦਾ ਤੇ ਪੁਰਾਣੇ ਮਿਤਰਾਂ ਸੱਜਣਾਂ ਨੂੰ ਹਾਕਾਂ ਮਾਰ ਮਾਰ ਮਿਲਦਾ। ਉਹ ਮਨ ਵਿਚ ਸੋਚ ਰਿਹਾ ਸੀ ਕਿ ਪਿੰਡ ਕੋਠੀ ਵੀ ਬਣਾਈ ਜਾਵੇ ਤੇ ਫਿਰ ਅਗਲੀ ਵਾਰ ਸਾਰੇ ਪਰਿਵਾਰ ਨੂੰ ਲੈ ਕੇ ਆਵਾਂ। ਪਰ ਸਮਾਂ ਥੋੜਾ ਹੋਣ ਕਾਰਨ ਅਜੇ ਬਣ ਨਹੀਂ ਸੀ ਸਕਦੀ।
ਉਸਨੇ ਮਾਮੇ ਦੇ ਮੁੰਡੇ ਸੰਤੋਖ ਸਿੰਘ ਨਾਲ ਸਲਾਹ ਕੀਤੀ ਕਿ ਮੇਰਾ ਪਿਛਲਾ ਸਾਰਾ ਕੰਮ ਤੂੰ ਸੰਭਾਲੀਂ। ਮੈਂ ਚਾਹੁੰਦਾ ਹਾਂ ਕਿ ਮੇਰਾ ਪਰਿਵਾਰ ਇੰਡੀਆ ਨਾਲ ਜੁੜਿਆ ਰਹੇ, ਤੇ ਜੁੜਿਆ ਤਾਂ ਹੀ ਰਹੇਗਾ ਜੇਕਰ ਮੇਰਾ ਇਥੇ ਕੁਝ ਹੋਵੇਗਾ।
ਠੀਕ ਆ ਭਾਜੀ ਜਿੱਦਾਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਹੋਵੇਗਾ…… ਸੰਤੋਖ ਸਿੰਘ ਨੇ ਆਪਣੀ ਭੂਆ ਦੇ ਮੁੰਡੇ ਦੀ ਹਾਂ ਵਿਚ ਹਾਂ ਮਿਲਾਈ।
ਬਲਿਹਾਰ ਸਿੰਘ ਦੇ ਜਾਣ ਦਾ ਦਿਨ ਆ ਗਿਆ ਤੇ ਉਹ ਫਿਰ ਆਪਣੇ ਪਿੰਡ ਦੀ ਮਿੱਟੀ ਨੂੰ ਸਲਾਮ ਕਰਕੇ ਅਮਰੀਕਾ ਪਹੁੰਚ ਗਿਆ। ਪਿੱਛੇ ਸੰਤੋਖ ਸਿੰਘ ਦੀ ਦੁਕਾਨ ਵਧੀਆ ਚੱਲ ਨਿਕਲੀ ਤੇ ਉਸਦੀ ਵਾਕਫੀਅਤ ਵੀ ਤੁਰ ਪਈ। ਬਲਿਹਾਰ ਸਿੰਘ ਨੇ ਉਸਨੂੰ ਪੈਸੇ ਭੇਜਣੇ ਸ਼ੁਰੂ ਕੀਤੇ ਅਤੇ ਕੋਠੀ ਦੀ ਉਸਾਰੀ ਚੱਲ ਪਈ। ਸੰਤੋਖ ਸਿੰਘ ਨੇ ਪੂਰੀ ਇਮਾਨਦਾਰੀ ਨਾਲ ਕੰਮ ਸ਼ੁਰੂ ਕੀਤਾ ਪਰ ਕੋਠੀ ਦੇ ਕੰਮ ਚਲਦਿਆਂ ਥਾਂ ਥਾਂ ਕਮਿਸ਼ਨ ਦੀਆਂ ਗੱਲਾਂ ਨੇ ਉਸਦੇ ਮਨ ਨੂੰ ਥੋੜਾ ਥੋੜਾ ਹਿਲਾਉਣਾ ਸ਼ੁਰੂ ਕਰ ਦਿੱਤਾ। ਉਸਨੂੰ ਵੀ ਲੱਗਣ ਲੱਗਾ ਕਿ ਕੋਠੀ ਬਣਾਉਣ ਪਿੱਛੇ ਜਿਹੜਾ ਮੈਂ ਪੈਟਰੌਲ ਫੂਕਦਾਂ ਉਹਦਾ ਕਿਹੜਾ ਕੋਈ ਹਿਸਾਬ ਹੋਣਾ? ਜੇ ਮਾੜਾ ਮੋਟਾ ਇੱਧਰ ਉਧਰ ਕਰ ਵੀ ਲਿਆ ਤਾਂ ਵਲੈਤੀਏ ਨੂੰ ਕੀ ਫਰਕ ਪੈਣਾ?
ਖੈਰ ਕੋਠੀ ਤਿਆਰ ਹੋ ਗਈ ਤੇ ਉਧਰ ਸੰਤੋਖ ਸਿੰਘ ਦੇ ਬੈਂਕ ਖਾਤੇ ਦਾ ਪੱਧਰ ਵੀ ਉੱਚਾ ਜਾਣ ਲੱਗ ਪਿਆ। ਸੰਤੋਖ ਸਿੰਘ ਦੀਆਂ ਜ਼ਰੂਰਤਾਂ ਵਧ ਚੁੱਕੀਆਂ ਸਨ, ਭੈਣ ਦਾ ਵਿਆਹ ਤਾਂ ਹੋ ਗਿਆ ਸੀ ਹੁਣ ਆਪਣਾ ਵਿਆਹ ਕਰਵਾਉਣ ਤੋਂ ਪਹਿਲਾਂ ਉਹ ਆਪਣੇ ਘਰ ਵੀ ਵਧੀਆ ਬਣਾਉਣਾ ਚਾਹੁੰਦਾ ਸੀ ਤੇ ਕਾਰ ਵਗੈਰਾ ਦੀ ਸਹੂਲਤ ਦੀ ਲੋੜ ਵੀ ਉਸ ਨੂੰ ਮਹਿਸੂਸ ਹੋਣ ਲੱਗ ਪਈ ਸੀ।
ਇਕ ਦਿਨ ਦੁਕਾਨ ਤੇ ਬੈਠਿਆਂ ਬਲਿਹਾਰ ਕੋਲ ਉਸਦਾ ਦੋਸਤ ਆਇਆ ਤੇ ਕਹਿਣ ਲੱਗਾ 'ਬਲਿਹਾਰ ਸਿੰਹਾਂ, ਜੀ ਟੀ ਰੋਡ ਤੇ ਵਿਕਦੇ ਆ ਤਿੰਨ ਕਿੱਲੇ ਪੂਰੇ, ਆਵਦੀ ਭੂਆ ਦੇ ਮੁੰਡੇ ਨੂੰ ਆਖ ਕਿ ਲੈ ਲਵੇ। ਆਲੇ ਦੁਆਲੇ ਕੋਈ ਮੈਰਿਜ ਪੈਲਿਸ ਨਹੀਂ, ਜਿੰਨਾ ਮਰਜ਼ੀ ਪੈਸਾ ਕਮਾਵੇ'।
ਸੰਤੋਖ ਸਿੰਘ ਸੋਚ ਰਿਹਾ ਸੀ ਕਿ ਸਹੀ ਆ, ਨਾਲੇ ਸੌਦਾ ਕਰਾਉਂਨੇ ਆ ਤੇ ਪੈਸੇ ਵਾਧੂ ਵੱਟਾਂਗੇ ਵਿੱਚੋਂ। ਉਹਨੇ ਰਾਤ ਨੂੰ ਭੂਆ ਦੇ ਮੁੰਡੇ ਬਲਿਹਾਰ ਨੂੰ ਮਿਸ ਕਾਲ ਮਾਰੀ ਤੇ ਬਲਿਹਾਰ ਨੇ ਉਸੇ ਵਕਤ ਹੀ ਫੋਨ ਕਰ ਦਿੱਤਾ।
ਹਾਂ ਬਈ ਸੰਤੋਖ ਸਿਹਾਂ ਸਤਿ ਸ੍ਰੀ ਅਕਾਲ , ਕਿੱਦਾਂ ਹਾਲ, ਹੋਰ ਸਭ ਠੀਕ ਠਾਕ ਹੈ। ਹਾਂਜੀ ਭਾਜੀ ਸਭ ਠੀਕ ਆ ਮੈਂ ਤੁਹਾਨੂੰ ਦੱਸਣਾ ਸੀ ਕਿ ਜੀ ਟੀ ਰੋਡ ਤੇ ਤਿੰਨ ਕਿੱਲੇ ਵਿਕਦੇ ਆ ਵਧੀਆ ਭਾਅ ਤੇ ਜੇ ਲੈ ਲਈਏ ਤਾਂ ਸਮਝੋ ਸੋਨਾ ਈ ਆ……. ਸੰਤੋਖ ਸਿੰਘ ਨੇ ਬਲਿਹਰ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦਿੰਦਿਆਂ ਬਿਨਾਂ ਕੋਈ ਸਮਾਂ ਗੁਆਏ ਆਪਣੀ ਗੱਲ ਰੱਖ ਦਿੱਤੀ। ਬਲਿਹਾਰ ਨੇ ਰੇਟ ਸੁਣਦਿਆਂ ਇਕ ਦਮ ਹਾਂ ਕਰ ਦਿੱਤੀ ਪਰ ਇਹ ਨਹੀਂ ਸੋਚਿਆ ਕਿ ਜੀ ਟੀ ਰੋਡ ਤੇ ਇੰਨਾ ਘੱਟ ਰੇਟ ਕਿਵੇਂ ਹੋ ਸਕਦਾ ਹੈ। ਇਸ ਸਬੰਧੀ ਸੰਤੋਖ ਸਿੰਘ ਦੇ ਵੀ ਮਨ ਵਿਚ ਗੱਲ ਨਾ ਆਈ ਪਰ ਸੌਦਾ ਹੋ ਗਿਆ। ਬਲਿਹਾਰ ਨੇ ਪੈਸੇ ਭੇਜਣ ਦੇ ਨਾਲ ਹੀ ਕਹਿ ਦਿੱਤਾ ਕਿ ਸੰਤੋਖ ਸਿੰਘ ਤੇਰੇ ਡੈਡੀ ਦਾ ਮੇਰੇ ਤੇ ਬਹੁਤ ਵੱਡਾ ਅਹਿਸਾਨ ਹੈ ਤੂੰ ਵੀ ਮੇਰੇ ਲਈ ਸੋਚ ਰਿਹਾਂ ਹੈ ਇਸ ਲਈ ਤੂੰ ਇਸ ਰਜਿਸਟਰੀ ਵਿਚੋਂ ਜਿੰਨਾ ਤੇਰਾ ਜੀ ਕਰੇ ਹਿੱਸਾ ਆਪਣੇ ਨਾਮ ਲੁਆ ਲਈ।
ਸੰਤੋਖ ਸਿੰਘ ਇਕਦਮ ਹਿੱਲ ਜਿਹਾ ਗਿਆ ਅਤੇ ਸੋਚਿਆ ਕਿ ਉਹ ਤਾਂ ਹੁਣ ਕਰੋੜਪਤੀ ਬਣ ਜਾਵੇਗਾ।ਪਰ ਉਸਦਾ ਦਿਮਾਗ ਹੁਣ ਸ਼ਾਤਰ ਵੀ ਹੋ ਚੁੱਕਾ ਸੀ। ਉਸਨੇ ਪਟਵਾਰੀ ਨਾਲ ਸਲਾਹ ਕਰਦਿਆਂ ਜੀ ਟੀ ਰੋਡ ਦੇ ਨਾਲ ਲੱਗਦੇ ਫਰੰਟ ਦੇ ਸਾਰੇ ਨੰਬਰ ਆਪਣੇ ਨਾ ਪੁਆ ਲਏ ਤੇ ਬਾਕੀ ਦਾ ਪਿਛਲਾ ਹਿੱਸਾ ਬਲਿਹਾਰ ਸਿੰਘ ਦੇ ਨਾਮ ਲੁਆ ਦਿੱਤਾ। ਰਜਿਸਟਰੀ ਹੋ ਗਈ ਤੇ ਰਜਿਸਟਰੀ ਦੀ ਕਾਪੀ ਵੀ ਡਾਕ ਰਾਹੀਂ ਭੂਆ ਦੇ ਮੁੰਡੇ ਨੂੰ ਭੇਜ ਦਿੱਤੀ ਗਈ।ਸੌਦਾ ਕਰਵਾਉਣ ਵਾਲੇ ਦਲਾਲ ਨਾਲ ਵੀ ਸਾਰਾ ਹਿਸਾਬ ਕਿਤਾਬ ਹੋ ਗਿਆ ਪਰ ਸੰਤੋਖ ਸਿੰਘ ਨੇ ਹਿੱਸਾ ਆਪਣੇ ਨਾਮ ਲੱਗਣ ਕਾਰਨ ਪੈਸਿਆਂ ਦੀ 'ਦੌਂਅ' ਨਾ ਕੀਤੀ। ਜਿੰਨਾ ਖਰਚਾ ਆਇਆ ਉਨ੍ਹਾ ਹੀ ਬਲਿਹਾਰ ਸਿੰਘ ਤੋਂ ਮੰਗਵਾਇਆ।ਇੰਤਕਾਲ ਵਗੈਰਾ ਸਭ ਕੁਝ ਹੋ ਗਿਆ।
ਕੁਝ ਦਿਨਾਂ ਬਾਅਦ ਇਕ ਚਿੱਠੀ ਸੰਤੋਖ ਸਿੰਘ ਦੇ ਘਰ ਡਾਕੀਆ ਦੇ ਕੇ ਗਿਆ। ਸੰਤੋਖ ਸਿੰਘ ਨੂੰ ਇਸ ਦੀ ਕੋਈ ਸਮਝ ਨਾ ਆਈ।ਉਸ ਉਤੇ ਪਲਾਟ ਸਬੰਧੀ ਕੁਝ ਲਿਖਿਆ ਵੇਖ ਕੇ ਉਹ ਪਟਵਾਰੀ ਕੋਲ ਗਿਆ ਤੇ ਉਸਨੂੰ ਇਹ ਪੱਤਰ ਦਿਖਾ ਕੇ ਪੁੱਛਿਆ, 'ਪਟਵਾਰੀ ਸਾਹਿਬ ਕੀ ਲਿਖਿਆ ਆ ਇਹਦੇ ਵਿਚ'।
ਓਹ ਤੁਹਾਡੀ ਇਹ ਤਾਂ ਬੜਾ ਕੰਮ ਖਰਾਬ ਹੋ ਗਿਆ ਸੰਤੋਖ ਸਿਹਾਂ, ਇਹ ਤਾਂ ਗੱਲ ਈ ਖਰਾਬ ਹੋ ਗਈ ….. ਪਟਵਾਰੀ ਨੇ ਇਕਦਮ ਚਿੱਠੀ ਪੜ੍ਹਦਿਆਂ ਬੜੇ ਦੁਖੀ ਲਹਿਜ਼ੇ ਵਿਚ ਦੱਸਿਆ।
ਕੀ ਹੋਇਆ ਪਟਵਾਰੀ ਸਾਹਿਬ ਕੁਝ ਦੱਸੋ ਤਾਂ ਸਹੀ…… ਪ੍ਰੇਸ਼ਾਨ ਹੋਏ ਸੰਤੋਖ ਸਿੰਘ ਨੇ ਪੁੱਛਿਆ।
ਜੀ ਟੀ ਰੋਡ ਵੱਡਾ ਹੋ ਰਿਹਾ ਹੈ ਤੇ ਤੁਹਾਡੇ ਪਲਾਟ ਦਾ ਵੀ ਕੁਝ ਹਿੱਸਾ ਸਰਕਾਰ ਨੇ ਅਕੁਆਇਰ ਕਰ ਲਿਆ ਹੈ ਮਤਲਬ ਤੁਹਾਡੇ ਪਲਾਟ ਦਾ ਅਗਲਾ ਹਿੱਸਾ ਸਮਝੋ ਖਤਮ ਹੋ ਗਿਆ ਤੇ ਸੜ੍ਹਕ ਦੇ ਵਿਚ ਆ ਗਿਆ ਹੈ। ਪਟਵਾਰੀ ਨੇ ਪਲਾਟ ਦੇ ਨੰਬਰ ਦੇਖਣ ਲਈ ਰਿਕਾਰਡ ਕੱਢ ਕੇ ਦੇਖਿਆ ਤੇ ਕਿਹਾ 'ਉਹ ਹੋ, ਸੰਤੋਖ ਸਿਹਾਂ, ਤੇਰੇ ਤਾਂ ਸਾਰੇ ਨੰਬਰ ਹੀ ਸੜ੍ਹਕ ਵਿਚ ਆ ਗਏ'।
ਸੰਤੋਖ ਸਿੰਘ ਸਿੰਘ ਦੇ ਮਨ ਵਿਚ ਘੁੰਮਣਘੇਰੀਆਂ ਘੁੰਮ ਰਹੀਆਂ ਸਨ ਕਿ ਜਿਹੜਾ ਭੂਆ ਦਾ ਪੁੱਤ ਉਸ ਨੂੰ ਸਭ ਕੁਝ ਦੇਣ ਲਈ ਤਿਆਰ ਸੀ ਮੈਂ ਉਸ ਨਾਲ ਧੋਖਾ ਕੀਤਾ ਪਰ ਕਿਸਮਤ ਨੇ ਮੇਰੇ ਨਾਲ ਹੀ ਧੋਖਾ ਕਰ ਦਿੱਤਾ।ਉਸਨੂੰ ਇਹ ਵੀ ਗੱਲ ਚੇਤੇ ਆ ਰਹੀ ਸੀ ਕਿ ਉਹਨਾਂ ਨੂੰ ਘੱਟ ਰੇਟ ਤੇ ਜ਼ਮੀਨ ਕਿਉਂ ਮਿਲ ਰਹੀ ਸੀ। ਇਕ ਨਾ ਇਕ ਦਿਨ ਤਾਂ ਇਹ ਗੱਲ ਸਾਹਮਣੇ ਆਵੇਗੀ ਹੀ ਤੇ ਬਲਿਹਾਰ ਸਿੰਘ ਜਦੋਂ ਵੀ ਆਪਣੀ ਨਵੀਂ ਕੋਠੀ ਵਿਚ ਪਰਿਵਾਰ ਨੂੰ ਲੈ ਕੇ ਆਵੇਗਾ ਉਸਨੂੰੰ ਦੋਵਾਂ ਧੋਖਿਆਂ ਬਾਰੇ ਪਤਾ ਚੱਲ ਹੀ ਜਾਵੇਗਾ।ਫਿਰ ਕੀ ਹਵੋਗਾ? ਉਸਨੇ ਇਸ ਤਰ੍ਹਾਂ ਕੀਤੀ ਹੀ ਕਿਉਂ?..... ਆਦਿ ਗੱਲਾਂ ਸੋਚਦਾ ਉਹ ਪਟਵਾਰੀ ਤੋਂ ਚਿੱਠੀ ਫੜ੍ਹ ਉਸ ਦੁਕਾਨ ਵੱਲ ਨੂੰ ਚੱਲ ਪਿਆ ਜੋ ਉਸਦੇ ਪਿਤਾ ਵਲੋਂ ਉਸ ਵਿਅਕਤੀ ਤੇ ਕੀਤੇ ਅਹਿਸਾਨ ਦੇ ਬਦਲੇ ਮਿਲੀ ਸੀ ਜਿਸ ਨਾਲ ਉਸਨੇ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਕੀਤਾ ਸੀ। ਸਮਾਪਤ

No comments:
Post a Comment