Thursday, 7 April 2016

ਅੰਦਰੋਂ ਮੈਂ ਬਹੁਤ ਤੇਜ਼ ਹਾਂ, ਸਿੱਧਾ ਜਿਹਾ ਲੱਗਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ, ਕੁਝ ਵੀ ਕਰ ਸਕਦਾ ਹਾਂ

ਲੱਗ ਕੇ ਸਰਕਾਰੀ ਅਫਸਰ, ਕੰਮ ਦਾ ਮੈਂ ਡੱਕਾ ਨਾ ਤੋੜਾਂ,
ਰਿਸ਼ਵਤ ਬਿਨਾਂ ਕੰਮ ਨਹੀਂ ਕਰਦਾ, ਐਸ਼ ਵਿਚ ਪੈਸਾ ਰੋੜਾਂ,
ਭੇਤ ਮੈਂ ਰੱਖਦਾ ਸਾਰਾ, ਅਫਸਰ ਦੀ ਰਗ ਰਗ ਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ………..

ਨੇਤਾ ਜੀ ਬਣ ਕੇ ਵੱਡਾ, ਜਨਤਾ ਨੂੰ ਮਗਰ ਮੈਂ ਲਾਵਾਂ
ਲੋਕਾਂ ਦਾ ਪੈਸਾ ਸਰਕਾਰੀ, ਆਪਣੇ ਮੈਂ ਢਿੱਡ ਵਿਚ ਪਾਵਾਂ
ਪੰਜ ਸਾਲਾਂ ਬਾਅਦ ਫੇਰ ਮੈਂ, ਭੋਲਿਆਂ ਨੂੰ ਠਗ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ…………..

ਤਕੜੇ ਤੋਂ ਡਰਦਾ ਹਾਂ ਮੈਂ, ਮਾੜੇ ਦੇ ਜੁੱਤੀ ਵਾਹੁਨਾਂ
ਸੈਡ ਨਾ ਦੇਵਾਂ ਕਿਸੇ ਨੂੰ, ਐਂਬੂਲੈਂਸ ਨਾਲ ਰੇਸਾਂ ਲਾਉਨਾਂ
ਅੜਿੱਕੇ ਜੇ ਆ ਜਾਂ ਕਿਤੇ ਸਾਫਾ ਪੈਰੀਂ ਧਰ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ……..

ਗੁਰੂਘਰ ਦਾ ਪੈਸਾ ਖਾ ਕੇ ਸ਼ਾਂਤੀ ਬੜੀ ਮਿਲਦੀ ਮੈਨੂੰ
ਰੱਬ ਤੋਂ ਹੀ ਲੈਣਾ ਸਭ ਕੁਝ, ਇਹਦਾ ਇਤਰਾਜ਼ ਕੀ ਤੈਨੂੰ
ਸੰਗਤਾਂ ਨਾਲ ਧੋਖਾ ਕਰਕੇ, ਲੰਗਰ ਛਕ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ………..

ਬਾਬਾ ਜੀ ਬਣਕੇ ਵੱਡਾ ਰੱਬ ਨਾਲ ਸੰਗਤਾਂ ਨੂੰ ਮਿਲਾਵਾਂ
ਚੰਗੇ ਚੋਸੇ ਖਾ ਕੇ ਮੇਵੇ, 108 ਹਾਰਸ ਪਾਵਰ ਬਣਾਵਾਂ
ਚੰਗੀ ਕੋਈ ਵੇਖ ਬੀਬੀ, ਇਸ਼ਕ ਵੀ ਕਰ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ………….

ਫਰਜ਼ਾਂ ਵਾਰੇ ਪਤਾ ਨੀ ਕੁਝ ਵੀ, ਹੱਕ ਮੈਨੂੰ ਮੰਗਣੇ ਆਉਂਦੇ
ਨਸ਼ਿਆਂ ਦੀ ਘੋੜੀ ਚੜ੍ਹਕੇ, ਮਾਪੇ ਸੂਲੀ ਟੰਗਣੇ ਆਉਂਦੇ
ਚਿੱਟੇ ਦੇ ਇਸ਼ਕ 'ਚ ਚਾਨਿਆ ਜ਼ਿੰਦਗੀ ਹਰ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ…………

1 comment:

  1. Ajmer Bhaji what a beautiful poet bro,you are awesome May god bless you,We are proud of you bro

    ReplyDelete