Friday, 29 April 2016

ਆਉਂਦੀਆਂ ਚਿੜ੍ਹੀਆਂ ਜਾਂਦੀਆਂ ਚਿੜ੍ਹੀਆਂ

ਆਉਂਦੀਆਂ ਚਿੜ੍ਹੀਆਂ ਜਾਂਦੀਆਂ ਚਿੜ੍ਹੀਆਂ,
ਚਿੜ੍ਹੀਆਂ ਨੇ ਚੀਂ ਚੀਂ ਲਾਈ ਆ
ਵਿਛੜੇ ਨੂੰ ਹੋ ਗਏ ਸਾਲ ਮਹੀਨੇ,
ਯਾਦ ਮਾਹੀਏ ਦੀ ਆਈ ਆ
ਪੌਣ ਰੁਮਕਦੀ ਵਿਹੜਿਓਂ ਲੰਘੇ
ਪਰ ਤੰਗ ਕਰੇ ਤਨਹਾਈ ਆ
ਜ਼ਿੰਦਗੀ ਵਿਚ ਹੈ ਹਰ ਰੰਗ ਭਰਿਆ
ਪਰ ਹਿਜ਼ਰ ਨੇ ਫੇਰੀ ਪਾਈ ਆ
ਹੋਣਗੇ ਮੇਲੇ ਨਾਲ ਰੱਬ ਸਬੱਬੀਂ
ਤਾਹੀਂਓਂ ਆਸ ਚਾਨਿਆਂ ਲਾਈ ਆ

Friday, 22 April 2016

ਪਤਾ ਨਹੀਂ ਕਿਉਂ ਦਿਲ ਕਰੇ ਅੱਜ ਵਾਰ ਵਾਰ ਰੋਣ ਨੂੰ
ਸੱਜਣਾਂ ਦੀ ਗਲੀ ਇਕ ਵਾਰ ਫੇਰੀ ਪਾਉਣ ਨੂੰ

ਪਤਾ ਵੀ ਹੈ ਕਿ ਉਹ ਨਹੀਂ ਚਾਹੁੰਦੇ ਹੁਣ ਮੈਨੂੰ
ਪਰ ਦਿਲ ਨਹੀਂ ਚਾਹੁੰਦਾ ਅਜੇ ਉਹਨੂੰ ਖੋਣ ਨੂੰ

ਹੋ ਗਈ ਕਿਹੜੀ ਏ ਖੁਨਾਮੀ ਖੌਰੇ ਸਾਡੇ ਕੋਲੋਂ
ਤੁਰ ਪਏ ਨੇ ਸੱਜਣ ਵੜ ਅੰਦਰ ਬੂਹਾ ਢੋਣ੍ ਨੂੰ

ਭਾਵੇਂ ਪਾਏ ਪਲ ਪਲ ਉਹਨੇ ਦੁੱਖ ਮੇਰੀ ਝੋਲੀ
ਪਰ ਰੂਹ ਕਰੇ  ਫੇਰ ਵੀ ਉਹਦਾ ਹੀ ਗੀਤ ਗਾਉਣ ਨੂੰ

ਸਮਝਾਵਾਂ ਕਿਵੇਂ ਅੱਖੀਆਂ, ਦਿਲ ਤੇ ਇਸ ਕਾਲਜੇ ਨੂੰ
ਆਈ ਤੇ ਕਿਉਂ ਆਗਿਓਂ ਮੈਨੂੰ ਤੜਫਾਉਣ ਨੂੰ

ਚਾਨੇ ਦੇ ਨੇ ਚਲਦੇ ਸਾਹ ਤਾਂ ਤੇਰੇ ਨਾਲ ਹੀ
ਜਿਦ ਕਿਉਂ ਫੜ ਲਈ ਡੋਰ ਸਾਹ ਦੀ ਤੁੜਵਾਉਣ ਨੂੰ



Tuesday, 19 April 2016

ਖੂਹ ਦੀ ਮੌਣ ਉੱਤੇ ਬੈਠਾ ਯਾਦ ਕਰੇਂ ਕੀਹਨੂੰ ਸੱਜਣਾ

ਖੂਹ ਦੀ ਮੌਣ ਉੱਤੇ ਬੈਠਾ ਯਾਦ ਕਰੇਂ ਕੀਹਨੂੰ ਸੱਜਣਾ
ਨਹੀ ਬੀਤੇ ਵੇਲੇ ਮੁੜ ਹੁਣ ਆਉਣੇ
ਨਾਨੀਂ ਨੇ ਜੋ ਭੋਰ ਭੋਰ ਛੱਲੀਆਂ ਚੋਂ ਦਿੱਤੇ 
ਯਾਦ ਆਉਂਦੇ ਕਿਵੇਂ ਦਾਣੇ ਉਹ ਭੁਨਾਉਣੇ
ਬੈਠ ਕੇ ਸੁਹਾਗੀ ਉਤੇ ਮਾਮੇ ਦੀਆਂ ਲੱਤਾਂ ਥੱਲੇ
ਲੈਣੇ ਝੂਟੇ ਨਾਲੇ ਹੋਰਾਂ ਨੂੰ ਝੁਟਾਉਣੇ
ਥੱਕ ਹਾਰ ਨਾਨੇ ਦੀ ਗੋਦੀ ਵਿਚ ਬੈਠ
ਪਿੰਡ ਪਹੁੰਚ ਫਿਰ ਬੱਕਰੇ ਬੁਲਾਉਣੇ
ਕਰ ਲਈ ਤਰੱਕੀ ਭਾਵੇਂ ਵੇਖ ਲਈ ਸਾਰੀ ਦੁਨੀਆਂ 
ਮਹਿੰਗੇ ਪਲ ਚਾਨਿਆਂ ਹੁਣ ਮੁੜ ਨਹੀਓਂ ਆਉਣੇ

Monday, 18 April 2016

ਮੈਨੂੰ ਮਿਲੇ ਉਹ ਭਰਾ, ਜੋ ਯਾਰਾਂ 'ਤੇ ਮਰਦੇ ਨੇ,

ਮੈਨੂੰ ਮਿਲੇ ਉਹ ਭਰਾ, ਜੋ ਯਾਰਾਂ 'ਤੇ ਮਰਦੇ ਨੇ,
ਮੇਰੇ ਬਣੇ ਉਹ ਯਾਰ ਜੋ ਸਾਹ ਭਰਾਵਾਂ 'ਚ ਭਰਦੇ ਨੇ
ਨੋਚ ਲੈਣਾ ਚਾਹੇ ਹਰ ਕੋਈ ਇਕ ਇਕ ਪਲ ਮੇਰਾ
ਹੋਵੇ ਮੇਰੇ ਜਿਗਰ 'ਤੇ ਜ਼ਖਮ ਤਾਂ ਕਦੇ ਆਹ ਨਾ ਭਰਦੇ ਨੇ
                                  -ਅਜਮੇਰ ਚਾਨਾ



Sunday, 17 April 2016

ਕੀ ਹੋਇਆ ਤਨ ਕੱਪੜੇ ਨਾਹੀ, ਕੀ ਹੋਇਆ ਪੈਰੀਂ ਜੁੱਤੀ ਟੁੱਟੀ।
ਕੀ ਹੋਇਆ ਢਿੱਡ ਭੁੱਖਾ ਸਾਡਾ, ਕੀ ਹੋਇਆ ਹੈ ਕਿਸਮਤ ਫੁੱਟੀ।
ਮਿਹਨਤ ਨਾਲ ਕਮਾਈ ਰੋਟੀ, ਜ਼ਾਲਮਾਂ ਹੱਥੋਂ ਫੜ ਕੇ ਸੁੱਟੀ।
ਹੌਂਸਲੇ ਦੇ ਨਾਲ ਰੱਜੇ ਪੁੱਜੇ ਹਾਂ, ਭਾਵੇਂ ਹਾਕਮਾਂ ਸਾਡੀ ਢੂਹੀ ਕੁੱਟੀ।
ਇਕ ਦਿਨ ਕਰਾਂਗੇ ਹਿਸਾਬ ਚਾਨਿਆਂ, ਜਿਨ੍ਹਾਂ ਨੇ ਸਾਡੀ ਕਿਸਮਤ ਲੁੱਟੀ।



Saturday, 16 April 2016

ਸ਼ੀਸ਼ਾ ਵੇਖਾ ਤਾਂ ਚਿਹਰਾ ਦੱਸੇ

ਸ਼ੀਸ਼ਾ ਵੇਖਾ ਤਾਂ ਚਿਹਰਾ ਦੱਸੇ
ਅਜੇ ਜ਼ਿਹਨ ਵਿਚ ਹਰਫ ਹੋਰ ਬੜੇ ਨੇ
ਲਿਖਾਂ ਕਿਵੇਂ, ਕਿਥੇ ਲਿਖਾਂ
ਅਜੇ ਗਮਾਂ ਦੇ ਸ਼ੋਰ ਬੜੇ ਨੇ
ਪਿਆਰੇ ਜਾਨ ਤੋਂ ਬਣੇ ਜਾਨ ਦੇ ਵੈਰੀ
ਕਲਮ ਚਾਨੇ ਦੀ ਰੋਕਣ ਵਾਲੇ ਜ਼ੋਰ ਬੜੇ ਨੇ

Thursday, 7 April 2016

ਅੰਦਰੋਂ ਮੈਂ ਬਹੁਤ ਤੇਜ਼ ਹਾਂ, ਸਿੱਧਾ ਜਿਹਾ ਲੱਗਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ, ਕੁਝ ਵੀ ਕਰ ਸਕਦਾ ਹਾਂ

ਲੱਗ ਕੇ ਸਰਕਾਰੀ ਅਫਸਰ, ਕੰਮ ਦਾ ਮੈਂ ਡੱਕਾ ਨਾ ਤੋੜਾਂ,
ਰਿਸ਼ਵਤ ਬਿਨਾਂ ਕੰਮ ਨਹੀਂ ਕਰਦਾ, ਐਸ਼ ਵਿਚ ਪੈਸਾ ਰੋੜਾਂ,
ਭੇਤ ਮੈਂ ਰੱਖਦਾ ਸਾਰਾ, ਅਫਸਰ ਦੀ ਰਗ ਰਗ ਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ………..

ਨੇਤਾ ਜੀ ਬਣ ਕੇ ਵੱਡਾ, ਜਨਤਾ ਨੂੰ ਮਗਰ ਮੈਂ ਲਾਵਾਂ
ਲੋਕਾਂ ਦਾ ਪੈਸਾ ਸਰਕਾਰੀ, ਆਪਣੇ ਮੈਂ ਢਿੱਡ ਵਿਚ ਪਾਵਾਂ
ਪੰਜ ਸਾਲਾਂ ਬਾਅਦ ਫੇਰ ਮੈਂ, ਭੋਲਿਆਂ ਨੂੰ ਠਗ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ…………..

ਤਕੜੇ ਤੋਂ ਡਰਦਾ ਹਾਂ ਮੈਂ, ਮਾੜੇ ਦੇ ਜੁੱਤੀ ਵਾਹੁਨਾਂ
ਸੈਡ ਨਾ ਦੇਵਾਂ ਕਿਸੇ ਨੂੰ, ਐਂਬੂਲੈਂਸ ਨਾਲ ਰੇਸਾਂ ਲਾਉਨਾਂ
ਅੜਿੱਕੇ ਜੇ ਆ ਜਾਂ ਕਿਤੇ ਸਾਫਾ ਪੈਰੀਂ ਧਰ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ……..

ਗੁਰੂਘਰ ਦਾ ਪੈਸਾ ਖਾ ਕੇ ਸ਼ਾਂਤੀ ਬੜੀ ਮਿਲਦੀ ਮੈਨੂੰ
ਰੱਬ ਤੋਂ ਹੀ ਲੈਣਾ ਸਭ ਕੁਝ, ਇਹਦਾ ਇਤਰਾਜ਼ ਕੀ ਤੈਨੂੰ
ਸੰਗਤਾਂ ਨਾਲ ਧੋਖਾ ਕਰਕੇ, ਲੰਗਰ ਛਕ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ………..

ਬਾਬਾ ਜੀ ਬਣਕੇ ਵੱਡਾ ਰੱਬ ਨਾਲ ਸੰਗਤਾਂ ਨੂੰ ਮਿਲਾਵਾਂ
ਚੰਗੇ ਚੋਸੇ ਖਾ ਕੇ ਮੇਵੇ, 108 ਹਾਰਸ ਪਾਵਰ ਬਣਾਵਾਂ
ਚੰਗੀ ਕੋਈ ਵੇਖ ਬੀਬੀ, ਇਸ਼ਕ ਵੀ ਕਰ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ………….

ਫਰਜ਼ਾਂ ਵਾਰੇ ਪਤਾ ਨੀ ਕੁਝ ਵੀ, ਹੱਕ ਮੈਨੂੰ ਮੰਗਣੇ ਆਉਂਦੇ
ਨਸ਼ਿਆਂ ਦੀ ਘੋੜੀ ਚੜ੍ਹਕੇ, ਮਾਪੇ ਸੂਲੀ ਟੰਗਣੇ ਆਉਂਦੇ
ਚਿੱਟੇ ਦੇ ਇਸ਼ਕ 'ਚ ਚਾਨਿਆ ਜ਼ਿੰਦਗੀ ਹਰ ਸਕਦਾ ਹਾਂ
ਵਾਸੀ ਮੈਂ ਅਜ਼ਾਦ ਦੇਸ਼ ਦਾ…………

Tuesday, 5 April 2016

ਦੂਰ ਬੈਠਿਆਂ ਨੇ ਭੇਜੇ ਠੰਡੀ ਹਵਾ ਵਾਲੇ ਬੁੱਲੇ,

ਦੂਰ ਬੈਠਿਆਂ ਨੇ ਭੇਜੇ ਠੰਡੀ ਹਵਾ ਵਾਲੇ ਬੁੱਲੇ, 
ਇਹਨਾਂ ਆਉਂਦੇ ਜਾਂਦੇ ਸਾਹਾਂ ਨੂੰ ਚਲਾਉਣ ਵਾਸਤੇ
ਕੋਲ ਬੈਠਿਆਂ ਨੇ ਮਾਰੀਆਂ ਨੇ ਫੂਕਾਂ ਸੱਪ ਵਾਂਗੂੰ, 
ਚਾਨੇ ਦੀ ਜ਼ਿੰਦਗੀ ਦੇ ਦੀਵੇ ਨੂੰ ਬੁਝਾਉਣ ਵਾਸਤੇ 

Sunday, 3 April 2016

ਕਿਉਂ ਨੀ ਆਉਂਦੇ ਸਾਡੇ 'ਤੇ ਦਿਨ ਚੰਗੇ ਓਏ ਰੱਬਾ

ਕਿਉਂ ਨੀ ਆਉਂਦੇ ਸਾਡੇ 'ਤੇ ਦਿਨ ਚੰਗੇ ਓਏ ਰੱਬਾ
ਹਾਂ ਰਹਿੰਦੇ ਸਦਾ ਹੀ ਸੂਲੀ ਉੱਤੇ ਟੰਗੇ ਉਏ ਰੱਬਾ

ਨਿੱਤ ਨਵੀਂ ਕੋਈ ਮੁਸੀਬਤ ਗਲ ਵਿਚ ਪੈ ਹੀ ਜਾਂਦੀ ਏ
ਜਿਹੜੀ ਵੀ ਬਣਾਈਏ ਸਕੀਮ ਉਹ ਢਹਿ ਹੀ ਜਾਂਦੀ ਏ

ਮਿੱਤਰ ਸੱਜਣ ਸਾਰੇ ਸਾਥ ਕਿਉਂ ਛੱਡਦੇ ਜਾਂਦੇ ਨੇ
ਫਿਕਰਾਂ ਵਾਲੇ ਕੀੜੇ ਮੇਰੀ ਜਿੰਦ ਨੂੰ ਨਿੱਤ ਖਾਂਦੇ ਨੇ

ਕੋਈ ਨਾ ਚਾਨਿਆ ਰੂੜੀ ਦੀ ਵੀ ਰੱਬ ਸੁਣ ਹੀ ਲੈਂਦਾ ਏ
ਰੱਬ ਦੇ ਘਰ ਹੈ ਦੇਰ ਪਰ ਹਨੇਰ ਨਹੀਂ, ਜੱਗ ਕਹਿੰਦਾ ਏ