Thursday, 21 February 2013

ਸੰਘਰਸ਼ ਨੂੰ ਸਲਾਮ ਕਹਿਣ ਦੀ ਹਿੰਮਤ ਕਿਉਂ ਨਹੀਂ 'ਸਾਡੇ' ਵਿਚ

ਹਰ ਪੰਜਾਬੀ ਨੌਜਵਾਨ ਦੀ ਤਰ੍ਹਾਂ ਮੇਰੇ ਦਿਲ ਵਿਚ ਵੀ ਕਿਸੇ ਵਿਕਸਤ ਮੁਲਕ ਦੀ ਧਰਤੀ 'ਤੇ ਪੈਰ ਰੱਖਣ ਦੀ ਸੋਚ ਦੇ ਵਲਵਲੇ ਮਨ ਵਿਚ ਹਮੇਸ਼ਾ ਹੀ ਬਣਦੇ ਫੁੱਟਦੇ ਰਹਿੰਦੇ। ਕਈ ਵਾਰ ਪੋਹ ਮਾਘ ਦੀਆਂ ਧੁੰਦਾਂ ਵਿਚ ਕਣਕ ਨੂੰ ਪਾਣੀ ਲਾਉਂਦੇ ਹੋਏ ਆੜ ਕੰਢੇ ਬੈਠ ਇੰਗਲੈਂਡ ਦੇ ਸੁਪਨੇ ਲੈਣੇ ਤੇ ਸੋਚਣਾ ਕਿ ਅੱਜ ਵਰਗੀ ਹੀ ਠੰਡ ਹੁੰਦੀ ਹੋਊ ਉਥੇ ਵੀ ਤੇ ਦਿਲ ਭੱਜ ਭੱਜ ਬਾਹਰ ਨੂੰ ਆਉਣਾ ਕਿ ਕਿਹੜੇ ਵੇਲੇ ਪੱਕੇ ਤੌਰ ਤੇ ਇਥੋਂ ਸਭ ਕੁਝ ਛੱਡ ਛੁਡਾਅ ਵਲੈਤ ਜਾ ਡੇਰੇ ਲਾਈਏ। ਪਰ ਲੰਮਾ ਸਮਾਂ ਕਿਸਮਤ ਨੇ ਸਾਥ ਨਾ ਦਿੱਤਾ ਤੇ ਹੌਲੀ ਹੌਲੀ ਸੋਚ ਬਦਲਦੀ ਗਈ ਤੇ ਬਿਜਨਸ ਵਿਚ ਕਾਮਯਾਬੀ ਦੇ ਨਾਲ ਨਾਲ ਪਿੰਡ ਦੀਆਂ ਗਲੀਆਂ ਦੀ ਧੂੜ ਵੀ ਚੰਗੀ ਲੱਗਣ
ਲੱਗ ਪਈ ਤੇ ਪਿੰਡ ਨੂੰ ਆਪਣੀ ਸਾਰੀ ਉਮਰ ਦਾ ਪੱਕਾ ਡੇਰਾ ਮਨ ਵਿਚ ਧਾਰ ਲਿਆ। ਪੱਤਰਕਾਰਤਾ ਦੇ ਖੇਤਰ ਵਿਚ ਲੰਮਾ ਸਮਾਂ ਕੰਮ ਕਰਨ ਕਾਰਨ ਭਾਵੇਂ ਗਿਆਨ ਵਿਚ ਕਾਫੀ ਵਾਧਾ ਹੋਇਆ ਪਰ ਜਦੋਂ ਕਿਸੇ ਵਲੈਤੀਏ ਨੇ ਵਿਦੇਸ਼ ਦੀਆਂ ਗੱਲਾਂ ਸੁਣਾਉਣੀਆਂ ਤਾਂ ਮਨ ਵਿਚ ਹੀਣ ਭਾਵਨਾ ਮਹਿਸੂਸ ਹੋਣੀ ਕਿ ਸ਼ਾਇਦ ਸਾਡੀ ਸਾਰੀ ਉਮਰ ਬਾਹਰ ਦੀਆਂ ਗੱਲਾਂ ਸੁਣਦਿਆਂ ਹੀ ਲੰਘ ਜਾਵੇਗੀ, ਦੇਖਣ ਦਾ ਸਮਾਂ ਕਦੇ ਨਹੀਂ ਆਵੇਗਾ। ਪਰ  ਆਖਰ ਉਹ ਦਿਨ ਆ ਗਿਆ ਜਦੋਂ ਵਲੈਤ ਦੇ ਉੱਘੇ ਬਿਜਨਸਮੈਨ ਤੇ ਕਬੱਡੀ ਪ੍ਰੋਮੋਟਰ ਮੇਰੇ ਪਿਤਾ ਸਮਾਨ ਸ. ਨਛੱਤਰ ਸਿੰਘ ਥਿਆੜਾ ਦੀ ਬਦੌਲਤ ਮੈਂ ਹੀਥਰੋ ਦੇ ਏਅਰਪੋਰਟ ਰਾਹੀਂ ਸੁਪਨਦੇਸ਼ ਵਲੈਤ ਦੀ ਸੁਗੰਧਿਤ ਪੌਣ ਨੂੰ ਸਾਹ ਲੈਣ ਲਈ ਪਹਿਲੀ ਵਾਰ ਵਰਤਿਆ। ਇਸ ਸਬੰਧੀ ਵਿਸਥਾਰਪੂਰਵਕ ਮੈਂ ਆਪਣੇ ਸਫਰਨਾਮੇ 'ਪਿੰਡ ਦੀ ਫਿਰਨੀ ਤੋਂ ਹੀਥਰੋ ਦੇ ਰਨਵੇਅ ਰਾਹੀਂ ਸੁਪਨਦੇਸ਼ ਵਲੈਤ ਦੀ ਗੇੜੀ' ਵਿਚ ਲਿਖ ਰਿਹਾ ਹਾਂ ਪਰ ਕੁਝ ਗੱਲਾਂ ਜੋ ਮੈਂ ਉਥੇ ਸਰੋਸਰੀ ਮਹਿਸੂਸ ਕੀਤੀਆਂ ਉਹਨਾਂ ਨੂੰ ਲਿਖ ਕੇ ਆਪਣੇ ਦਿਲ ਦਾ ਜਲਦੀ ਹੀ ਭਾਰ ਹੌਲਾ ਕਰਨਾ ਚਾਹੁੰਦਾ ਹਾਂ। ੨੫ ਕੁ ਦਿਨਾਂ ਦੇ ਇਸ ਫੇਰੇ ਤੋਰੇ ਵਿਚ ਮੈਨੂੰ ਬਹੁਤ ਥਾਵਾਂ ਤੇ ਜਾਣਾ ਦਾ ਮੌਕਾ ਮਿਲਿਆ ਤੇ ਬਹੁਤਿਆਂ ਨੇ ਮੇਰੇ ਨਾਲ ਮਨ ਦਾ ਭਾਰ ਹੌਲਾ ਕਰਨ ਦੇ ਯੋਗ ਵੀ ਮੈਨੂੰ ਸਮਝਿਆ। ਮੈਂ ਜਿਸ ਅਹਿਸਾਸ ਦਾ ਪ੍ਰਗਟਾਵਾ ਇਸ ਲੇਖ ਰਾਹੀਂ ਕਰਨ ਜਾ ਰਿਹਾ ਹਾਂ ਉਸ ਨੂੰ ਸਾਰਿਆਂ ਤੇ ਨਹੀਂ ਲਗਾ ਕੇ ਦੇਖਿਆ ਜਾ ਸਕਦਾ ਪਰ ਇਸ ਨੂੰ ਵੱਡ ਗਿਣਤੀ ਪੰਜਾਬੀਆਂ ਦੀ ਸੋਚ ਜ਼ਰੂਰ ਕਿਹਾ ਜਾ ਸਕਦਾ ਹੈ। ਮਿੱਤਰਾਂ ਸੱਜਣਾ ਨੂੰ ਮਿਲਦਿਆਂ ਮੈਨੂੰ ਕੁਝ ਅਜੀਬ ਵਿਸ਼ੇਸ਼ਣ ਸੁਨਣ ਨੂੰ ਮਿਲੇ ਜਿਨ੍ਹਾਂ ਵਿਚੋਂ ਸਕੂਟਰ, ਸਕੂਟਰੀ, ਫੌਜੀ, ਸਟਿਪਣੀ, ਫਰੈਸ਼ੀ ਆਦਿ, ਸ਼ਬਦਾਂ ਨੇ ਮੇਰੇ ਮਨ ਨੂੰ ਹਲੂਣਾ ਜਿਹਾ ਦਿੱਤਾ। ਇਹਨਾਂ ਸ਼ਬਦਾਂ ਦੀ ਪਰਿਭਾਸ਼ਾ ਜਾਨਣ ਲਈ ਮੈਂ ਆਪਣੇ ਪੇਂਡੂ ਤੇ ਪ੍ਰਸਿੱਧ ਬਿਜਨਸਮੈਨ ਆਰ ਐਸ ਜੌਹਲ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਮੈਨੂੰ ਬਹੁਤ ਹੀ ਹੈਰਾਨੀ ਹੋਈ ਕਿ ਵਲੈਤ ਵਸਦੇ ਪੰਜਾਬੀਆਂ ਵਿਚ ਵੀ ਸੰਘਰਸ਼ ਨੂੰ ਸਲਾਮ ਕਹਿਣ ਦੀ ਹਿੰਮਤ ਨਹੀਂ, ਸਗੋਂ ਜ਼ਿੰਦਗੀ ਨੂੰ ਦਾਅ ਤੇ ਲਾਅ ਕੇ ਮਿਹਨਤ ਦੇ ਰਸਤੇ ਤੇ ਚੱਲ ਕਾਮਯਾਬ ਹੋਣ ਦੀ ਸੋਚ ਮਨ ਵਿਚ ਬਣਾਉਣ ਵਾਲਿਆਂ ਨੂੰ ਟਿੱਚਰਾਂ ਨਾਲ ਠਿੱਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਿਨਾ ਸ਼ੱਕ ਇਸਨੂੰ ਸੌੜੀ ਸੋਚ ਦੀ ਨਿਸ਼ਾਨੀ ਵੀ ਕਿਹਾ ਜਾ ਸਕਦਾ ਹੈ। ਮੈਂ ਹਮੇਸ਼ਾ ਪਿੰਡਾਂ ਵਿਚ ਸੁਣਦਾ ਦੇਖਦਾ ਹਾਂ ਕਿ ਜਦੋਂ ਵੀ ਕਿਸੇ ਕਾਮਯਾਬ ਵਿਅਕਤੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੋਈ ਨਾ ਕੋਈ ਸੱਥ 'ਤੇ ਬੈਠਾ ਸਾਰੀ ਜ਼ਿੰਦਗੀ ਕੰਮ ਕੀਤੇ ਬਿਨਾਂ ਅੰਨ ਤੇ ਜ਼ੁਲਮ ਕਰਨ ਵਾਲਾ ਵਿਹਲੜ ਸਭ ਤੋਂ ਪਹਿਲਾਂ ਕਹੇਗਾ ਕਿ 'ਲੈ! ਜੀਤੇ ਦੀ ਗੱਲ ਕਰਦੈ, ਅਜੇ ਕੱਲ੍ਹ ਲੰਬੜਾਂ ਦੇ ਪੱਠੇ ਪਾਉਂਦਾ ਹੁੰਦਾ ਸੀ ਅੱਜ ਅਫਸਰ ਲੱਗ ਗਿਆ ਤਾਂ ਸ਼ੀਂਹ ਹੋ ਗਿਆ'। ਜਦਕਿ ਫਰਜ਼ ਬਣਦਾ ਹੈ ਕਿ ਪੱਠੇ ਪਾਉਣ ਤੋਂ ਅਫਸਰ ਬਣਨ ਤੱਕ ਦੇ ਸੰਘਰਸ਼ਮਈ ਸਫਰ ਕਰਨ ਵਾਲੇ ਵਿਅਕਤੀ ਦੀ ਸਿਫਤ ਕੀਤੀ ਜਾਵੇ 'ਤੇ ਨਵੀਂ ਪੀੜ੍ਹੀ ਨੂੰ ਉਸਦੇ ਸੰਘਰਸ਼ ਨੂੰ ਮੁੱਖ ਰੱਖ ਕੇ ਕੋਈ ਸੰਦੇਸ਼ ਦਿੱਤਾ ਜਾਵੇ ਪਰ, ਉਸ ਦੇ ਅਤੀਤ ਨਾਲ ਉਸ ਦੀ ਅੱਜ ਦੀ ਕਾਮਯਾਬੀ ਨੂੰ ਦੂਸ਼ਿਤ ਕਰਨ ਦੀ ਕੋਝੀ ਕੋਸ਼ਿਸ਼ ਦੀ ਸੋਚ ਸਾਡੇ ਪੰਜਾਬੀਆਂ ਵਿਚ ਕਿਉਂ ਹੈ, ਸੋਚ ਤੋਂ ਬਾਹਰ ਦੀ ਗੱਲ ਹੈ। ਗੱਲ ਕਰਦੇ ਹਾਂ ਵਲੈਤ ਵਰਗੇ ਹਰ ਪੱਖ ਤੋਂ ਵਿਕਸਤ ਮੁਲਕ ਵਿਚ ਰਹਿ ਰਹੇ ਪੰਜਾਬੀਆਂ ਦੀ। ਇਹਨਾਂ ਵਿਸ਼ੇਸ਼ਣਾ (ਕੁ-ਵਿਸ਼ੇਸ਼ਣਾ) ਤੋਂ ਇਹ ਸਿੱਧ ਹੁੰਦਾ  ਹੈ ਕਿ ਸੰਘਰਸ਼ ਕਰਨ ਵਾਲਿਆਂ ਦਾ ਰਾਹ ਏਥੇ ਵੀ ਕੋਈ ਸੁਖਾਲਾ ਨਹੀਂ। ਪਤਾ ਲੱਗਾ ਕਿ ਸਟੂਡੈਂਟ ਵੀਜ਼ੇ ਵਾਲੇ ਮੁੰਡੇ ਨੂੰ ਸਕੂਟਰ, ਕੁੜੀ ਨੂੰ ਸਕੂਟਰੀ, ਡਿਪੈਂਡੈਂਟ ਵੀਜ਼ੇ ਵਾਲੇ ਨੂੰ ਸਟਿਪਣੀ, ਨਵੇਂ ਆਏ ਨੂੰ ਫਰੈਸ਼ੀ ਅਤੇ ਨਜ਼ਾਇਜ਼ ਤੌਰ ਤੇ ਰਹਿ ਰਹੇ ਨੂੰ ਫੌਜੀ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਇਹਨਾਂ ਵੱਖ ਵੱਖ ਵਰਗਾਂ ਦੇ ਅਧੀਨ ਵਲੈਤ ਆਉਣ ਵਾਲਿਆਂ ਦੀ।ਭਾਵੇਂ ਕਿ ਵਿੱਦਿਆ ਦਾ ਪੱਧਰ ਇੰਡੀਆ ਵਿਚ ਵੀ ਕੋਈ ਮਾੜਾ ਨਹੀਂ ਤੇ ਇਥੋਂ ਦੀ ਵਿਦਿਆ ਵਲੈਤ ਦੀ ਵਿੱਦਿਆ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ ਵਿਸ਼ਵ ਪੱਧਰੀ ਯੂਨੀਵਰਸਿਟਆਂ ਦੀ ਹੋਂਦ ਇਥੇ ਵੀ ਹੈ ਤੇ ਵਿਦੇਸ਼ੀ ਇਥੇ ਵੀ ਪੜ੍ਹਨ ਆਉਂਦੇ ਹਨ, ਪਰ ਸਾਡਾ ਦੇਸ਼ ਅਜੇ ਹਜ਼ਾਰਾਂ ਸਾਲ ਸੋਚ ਅਤੇ ਵਿਕਾਸ ਪੱਖੋਂ ਪਿੱਛੇ ਹੋਣ ਕਾਰਨ ਹਰ ਨੌਜਵਾਨ ਵਿਕਸਤ ਮੁਲਕ ਵੱਲ ਜਾਣ ਦੀ ਕੋਸ਼ਿਸ਼ ਵਿਚ ਹੈ। ਨੌਜਵਾਨ ਦਿਨ ਰਾਤ ਇਕ ਕਰਕੇ ਆਈਲੈਟਸ ਆਦਿ ਦੀ ਤਿਆਰੀ ਕਰਕੇ ਲੋੜੀਂਦੇ 'ਬੈਂਡ' ਹਾਸਲ ਕਰਦੇ ਹਨ ਫਿਰ ਇਧਰੋਂ ਓਧਰੋਂ ਸਿਫਾਰਿਸ਼ਾਂ ਨਾਲ ਬੈਂਕਾਂ ਵਿਚੋਂ ਕਰਜ਼ਾ ਪ੍ਰਾਪਤ ਕਰਕੇ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਣ ਉਪਰੰਤ ਸਾਰੇ ਵਿਰੋਧੀ ਹਾਲਾਤਾਂ ਨੂੰ ਚੀਰਦੇ ਹੋਏ ਵਲੈਤ ਪਹੁੰਚਦੇ ਹਨ, ਇੰਨਾ ਕੁਝ ਉਹ ਆਪਣੀ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਲਈ ਕਰਦੇ ਹਨ ਜਿਹੜੇ ਉਹ ਭਾਰਤ ਵਰਗੇ ਭ੍ਰਿਸ਼ਟਾਚਾਰ ਨਾਲ ਲਿਪਤ ਮੁਲਕ ਵਿਚ ਰਹਿ ਕੇ ਨਹੀਂ ਕਰ ਸਕਦੇ। ਦੂਜੇ ਵਰਗ ਵਿਚ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਦੇ ਬਾਵਜੂਦ ਵੀ ਵਾਪਿਸ ਇੰਡੀਆ ਨਾ ਆਉਣ ਵਾਲਿਆਂ ਨੂੰ ਫੌਜੀ ਦਾ 'ਖਿਤਾਬ' ਦਿੱਤਾ ਜਾਂਦਾ ਹੈ ਜਦਕਿ ਜੇਕਰ ਉਹਨਾਂ ਦੀ ਜ਼ਿੰਦਗੀ ਸਬੰਧੀ 'ਸੋਹਲ ਸੋਚ' ਨਾਲ ਸੋਚਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਹ ਕਿਹੜੇ ਹਾਲਾਤਾਂ ਵਿਚ ਜ਼ਿੰਦਗੀ ਜੀਅ ਰਹੇ ਹਨ। ਬਹੁਤਿਆਂ ਨਾਲ ਗੱਲ ਕਰਕੇ ਦੇਖੀ ਤਾਂ ਪਤਾ ਲੱਗਾ ਕਿ ਉਹ ਇਸ ਮੁਲਕ ਦੇ ਵਧੀਆ ਰਹਿਣ ਸਹਿਣ, ਸਾਫ ਵਾਤਾਵਰਣ ਜਾਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇ ਲੁਭਾਵਣੇ ਮੌਕਿਆਂ ਕਰਕੇ ਇਥੇ ਨਹੀਂ ਰਹੇ ਸਗੋਂ ਆਪਣੇ ਪਰਿਵਾਰ ਦੀ ਜੱਦੀ ਚੱਲੀ ਆਉਂਦੀ ਆਰਥਿਕ ਤੋਟ ਨੂੰ ਤੋੜਨ ਖਾਤਰ ਹੀ ਅਨਿਸ਼ਚਤਤਾ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਹਨਾਂ ਮੰਨਿਆ ਕਿ ਭਾਵੇਂ ਇਹ ਗੈਰਕਨੂੰਨੀ ਹੈ ਪਰ ਪਿੱਛੇ ਘਰਦਿਆਂ ਦੇ ਪੈਰ ਲੱਗਦੇ ਸਾਰ ਹੀ ਉਹ ਵਾਪਿਸ ਮੁੜ ਜਾਣਗੇ ਤੇ ਆਪਣੇ ਪਰਿਵਾਰ ਨਾਲ ਬਾਕੀ ਦੀ ਜ਼ਿੰਦਗੀ ਅਰਾਮ ਨਾਲ ਬਤੀਤ ਕਰਨਗੇ। ਇਸ ਤੋਂ ਸਿੱਧ ਹੁੰਦਾ ਹੈ ਕਿ ਜਿਨ੍ਹਾਂ ਨੂੰ ਵਿਸ਼ੇਸ਼ ਸ਼ਬਦਾਂ ਨਾਲ ਹੀਣਤਾ ਲਈ ਸੰਬੋਧਨ ਕੀਤਾ ਜਾਂਦਾ ਹੈ ਉਹ ਸਾਰੇ ਹੀ ਜ਼ਿੰਦਗੀ ਦੇ ਸੰਘਰਸ਼ ਦੇ ਹਾਮੀ ਹਨ ਤੇ ਹਰ ਕੋਈ ਆਪਣੇ ਮਨ ਵਿਚ ਸੁਪਨੇ ਸੰਜੋਅ ਕੇ ਆਪਣੇ ਹੱਡਾਂ ਨੂੰ ਭੰਨ੍ਹਣ ਵਾਲੀ ਮਿਹਨਤ ਲਈ ਵੀ ਤਿਆਰ ਬਰ ਤਿਆਰ ਬੈਠਾ ਹੈ। ਜੇਕਰ ਸੰਘਰਸ਼ ਕਰਨ ਵਾਲਿਆਂ ਲਈ ਇਹੋ ਜਿਹੇ 'ਦੁਖਦਾਇਕ ਵਿਸ਼ੇਸ਼ਣਾਂ' ਦੀ ਵਰਤੋਂ ਸਾਡੇ ਵਲੈਤੀ ਵੀਰੇ ਕਰਦੇ ਹਨ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਵਿਕਸਤ ਮੁਲਕ ਵਿਚ ਰਹਿ ਕੇ ਵੀ ਸਾਡੇ ਵਲੈਤੀ ਵੀਰਾਂ ਵਿਚ ਸੰਘਰਸ਼ ਨੂੰ ਸਲਾਮ ਕਹਿਣ ਦੀ 'ਹਿੰਮਤ' ਨਹੀਂ ਆ ਸਕੀ ਪਰ ਨਵੀਂ ਪੀੜ੍ਹੀ ਜਿਸ ਤੇ ਕਿ ਬਿਨ੍ਹਾਂ ਸ਼ੱਕ ਵਲੈਤੀ ਸੱਭਿਆਚਾਰ ਦਾ ਅਸਰ ਹੋਵੇਗਾ ਹੀ ਉਸ ਵਲੋਂ ਇਸ ਸਬੰਧੀ 'ਸ਼ਰੀਕ ਵਲੋਂ ਮਾਰੇ ਗਏ ਮਿਹਣੇ' ਵਰਗੇ ਕੀਤੇ ਸਵਾਲ ਦਾ ਜਵਾਬ ਦੇਣਾ ਇਹੋ ਜਿਹੇ ਕੁ-ਵਿਸ਼ੇਸ਼ਣਾ ਦਾ ਪ੍ਰਯੋਗ ਕਰਨ ਵਾਲੇ ਪੰਜਾਬੀਆਂ ਦੇ ਵੱਸ ਦੀ ਗੱਲ ਨਹੀਂ ਹੋਵੇਗਾ।
ਅਜਮੇਰ ਸਿੰਘ ਚਾਨਾ
ਪੱਤਰਕਾਰ
ਫੋਨ: 9815764582 

1 comment: