ਪੰਜਾਬਣਾਂ ਦੇ ਸੁਹੱਪਣ ਦੀ ਜੇ ਗੱਲ ਤੋਰੀਏ ਤਾਂ ਉਸ ਵਿਚ ਸਿਰਫ ਸੁੰਦਰਤਾ ਹੀ ਨਹੀਂ ਉਹਦੇ ਪਹਿਰਾਵੇ, ਲਹਿਜ਼ੇ ਅਤੇ ਲਿਆਕਤ ਦਾ ਵੀ ਜ਼ਿਕਰ ਕਰਨਾ ਬਣਦਾ ਹੈ। ਇਨ੍ਹਾਂ ਗੁਣਾਂ ਤੇ ਸੁਹੱਪਣ ਦੇ ਪ੍ਰਗਟਾਵੇ ਸਦਕਾ ਹੀ ਪੰਜਾਬਣਾਂ ਨੇ ਪੰਜਾਬ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਆਪਣੀਆਂ ਸੱਭਿਆਚਾਰਕ ਰਹੁ-ਰੀਤਾਂ ਨੂੰ ਕਾਇਮ ਰੱਖਦਿਆਂ ਸਾਡੇ ਦੇਸ਼ ਦਾ ਮਾਣ ਵਧਾਇਆ ਹੈ। ਗੱਲ ਦੁਨੀਆ ਦੇ ਕਿਸੇ ਵੀ ਮੰਨੇ-ਪ੍ਰਮੰਨੇ ਦੇਸ਼ ਦੀ ਹੋਵੇ ਪੰਜਾਬੀਆਂ ਨੇ ਤਰੱਕੀ ਦੇ ਮੁਕਾਮ ਹੀ ਨਹੀਂ ਸਰ ਕੀਤੇ ਸਗੋਂ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਜੋ ਉਪਰਾਲੇ ਕੀਤੇ ਹਨ ਉਹ ਵੀ ਜਿਕਰਯੋਗ ਹਨ। ਕਿਤੇ ਸੱਭਿਆਚਾਰਕ ਤੇ ਸਾਹਿਤਕ ਸਮਾਗਮ ਹੋ ਰਹੇ ਹਨ ਤਾਂ ਕਿਤੇ
ਬੀਤੇ ਦਿਨੀਂ ਅਚਾਨਕ ਮੇਰੀ ਮੁਲਾਕਾਤ ਵਿਦੇਸ਼ੋਂ ਆਈ ਇਕ ਔਰਤ ਨਾਲ ਹੋਈ ਜੋ ਆਪਣੀ ਬੇਟੀ ਨਾਲ ਅਮੇਰਿਕਾ ਤੋਂ ਪੰਜਾਬ ਦੇ ਇਕ ਛੋਟੇ ਜਿਹੇ ਕਸਬੇ ਵਿਚ ਆਈਆਂ ਸਨ। ਗੱਲਬਾਤ ਦੀ ਜਰੀਆ ਇਹ ਬਣਿਆ ਕਿ ਉਹ ਕਿਸੇ ਪ੍ਰਸਿਧ ਅੰਗਰੇਜੀ ਅਖਬਾਰ ਦੇ ਬੀਤੇ ਦਿਨਾਂ ਦੇ ਅੰਕ ਦੀ ਗੱਲ ਕਰ ਰਹੀਆਂ ਸਨ ਜਿਸ ਦੀ ਕਿ ਉਨ੍ਹਾਂ ਨੂੰ ਸਖਤ ਲੋੜ ਸੀ। ਪੁੱਛਣ 'ਤੇ ਉਸਦੀ ਬੇਟੀ ਨੇ ਦੱਸਿਆ ਕਿ ਉਹ ਭਾਰਤ 'ਮਿਸ ਵਰਲਡ ਪੰਜਾਬਣ 2013' ਵਿਚ ਹਿੱਸਾ ਲੈਣ ਆਈ ਹੈ ਅਤੇ ਇਸ ਅਖਬਾਰ ਵਿਚ ਉਸ ਬਾਰੇ ਕੁਝ ਛਪਿਆ ਹੈ ਜਿਸ ਕਰਕੇ ਉਸ ਨੂੰ ਇਸ ਦੀ ਸਖਤ ਲੋੜ ਹੈ। ਮੈਨੂੰ ਇਹ ਜਾਣ ਕਿ ਹੈਰਾਨੀ ਤੇ ਖੁਸ਼ੀ ਹੋਈ ਕਿ ਉਹ ਲੜਕੀ ਮਨਪ੍ਰੀਤ ਕੌਰ ਗਿੱਲ ਹੈ ਜਿਸ ਨੇ 'ਮਿਸ ਅਮੈਰਿਕਾ ਪੰਜਾਬਣ 2012' ਦਾ ਖਿਤਾਬ ਜਿੱਤਿਆ ਸੀ।
ਗੱਲਬਾਤ ਦਾ ਸਿਲਸਿਲਾ ਚੱਲਿਆ ਤਾਂ ਅਸੀਂ ਉਸ ਦੀਆਂ ਪ੍ਰਾਪਤੀਆਂ ਬਾਰੇ ਜਾਨਣਾ ਚਾਹਿਆ। ਅਮੇਰਿਕਾ ਵਿਚ ਰਹਿੰਦੇ ਹੋਏ ਵੀ ਉਹ ਪੰਜਾਬ ਦੇ ਵਿਰਸੇ ਤੇ ਸੱਭਿਆਚਾਰ ਨਾਲ ਮੂਲੋਂ ਜੁੜੀ ਹੋਈ ਹੈ।
ਸੁਰਿੰਦਰ ਸਿੰਘ ਗਿੱਲ ਅਤੇ ਸ੍ਰੀਮਤੀ ਚਰਨਜੀਤ ਕੌਰ ਗਿੱਲ ਦੀ ਲਾਡਲੀ ਧੀ ਮਨਪ੍ਰੀਤ ਕੌਰ ਗਿੱਲ ਦਾ ਜਨਮ ਮਿਤੀ 30 ਅਕਤੂਬਰ 1987 ਨੂੰ ਹੋਇਆ। ਪਿਤਾ ਜੀ ਦਾ ਦੁਬਈ ਵਿਚ ਵਧੀਆ ਕਾਰੋਬਾਰ ਸੀ ਜਿਸ ਕਾਰਨ ਉਹ ਆਪਣੀ ਮਾਤਾ ਨਾਲ ਢਾਈ ਕੁ ਸਾਲ ਦੀ ਉਮਰ ਵਿਚ ਦੁਬਈ ਚਲੀ ਗਈ। ਜਦੋਂ ਉਹ 11 ਕੁ ਸਾਲ ਦੀ ਸੀ ਤਾਂ ਸਮੇਂ ਦੇ ਗੇੜ ਨੇ ਪੂਰੇ ਪਰਿਵਾਰ ਨੂੰ ਦੁਨੀਆਂ ਦੇ ਸਿਰਮੌਰ ਮੁਲਕ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਪਹੁੰਚਾ ਦਿੱਤਾ।
ਮਨਪ੍ਰੀਤ ਉਂਝ ਪੇਸ਼ੇ ਵਜੋਂ ਨਰਸ ਦੇ ਫਰਜ ਨਿਭਾ ਰਹੀ ਹੈ। ਪਰ ਇਸ ਤੋਂ ਪਹਿਲਾਂ ਮਾਂ ਚਰਨਜੀਤ ਕੌਰ ਗਿੱਲ ਜੋ ਕਿ ਅਮਰੀਕਾ ਰਹਿਣ ਦੇ ਬਾਵਜੂਦ ਵੀ ਆਪਣੇ ਪੰਜਾਬੀ ਸੱਭਿਆਚਾਰ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਹਨ ਨੇ ਆਪਣੀ ਬੱਚੀ ਨੂੰ ਬਚਪਨ ਤੋਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਹਿਮੀਅਤ ਪ੍ਰਤੀ ਜਾਣੂੰ ਕਰਵਾਈ ਰੱਖਿਆ। ਉਹਨਾਂ ਵਲੋਂ ਆਪਣੀ ਨੰਨ੍ਹੀ ਧੀ ਨੂੰ ਪੰਜਾਬੀ ਸੱਭਿਆਚਾਰਕ ਪਹਿਰਾਵਾ ਪਹਿਨਾ ਕੇ ਹਰ ਸਾਲ ਜੁਲਾਈ ਮਹੀਨੇ ਵਿਚ ਨਾਟੋਮਸ ਵਿਚ ਲੱਗਦੀਆਂ ਤੀਆਂ ਵਿਚ ਲਿਜਾਇਆ ਜਾਂਦਾ ਜਿਥੇ ਇਸ ਇਸ ਪਹਿਰਾਵੇ ਵਿਚ ਸੁੰਦਰ ਜਚਦੀ ਬੱਚੀ ਨੂੰ ਹਰ ਇਕ ਵਲੋਂ ਬਹੁਤ ਹੀ ਪਿਆਰ ਦਿੱਤਾ ਜਾਂਦਾ ਜਿਸ ਕਾਰਨ ਮਨਪ੍ਰੀਤ ਗਿੱਲ ਨੂੰ ਪੰਜਾਬੀ ਪਹਿਰਾਵੇ ਨਾਲ ਮੋਹ ਹੋ ਗਿਆ। ਮਨਪ੍ਰੀਤ ਕੌਰ ਗਿੱਲ ਨੂੰ ਗਿੱਧੇ ਨਾਲ ਵੀ ਬਹੁਤ ਤੇਹ ਹੈ ਤੇ ਉਹਨੇ ਆਪਣੀ ਸਾਥਣ ਸੰਦੀਪ ਵਾਲੀਆ ਨਾਲ ਮਿਲ ਕੇ ਇਕ ਗਿੱਧਾ ਟੀਮ ਵੀ ਬਣਾਈ ਹੋਈ ਹੈ ਜੋ ਕਿ ਵੱਖ ਵੱਖ ਸੱਭਿਅਚਾਰਕ ਪ੍ਰੋਗਰਾਮਾਂ ਵਿਚ ਪੇਸ਼ਕਾਰੀ ਦੇ ਕੇ ਖਿੱਚ ਦਾ ਕੇਂਦਰ ਬਣਦੀ ਹੈ ਅਤੇ ਛੋਟੀਆਂ ਬੱਚੀਆਂ ਨੂੰ ਗਿੱਧੇ ਦੀ ਸਿੱਖਿਆ ਵੀ ਪ੍ਰਦਾਨ ਕਰਦੀ ਹੈ।
ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸਬੰਧੀ ਦੱਸਦਿਆਂ ਮਨਪ੍ਰੀਤ ਗਿੱਲ ਨੇ ਦੱਸਿਆ ਕਿ ਸੱਭਿਆਚਾਰਕ ਸੱਥ ਪੰਜਾਬ ਵਲੋਂ ਪੰਜਾਬੀ ਹੈਰੀਟੇਜ ਆਰਗੇਨਾਈਜ਼ੇਸ਼ਨ ਕੈਲੀਫੋਰਨੀਆਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ 'ਮਿਸ ਅਮੈਰਿਕਾ ਪੰਜਾਬਣ 2012' ਸੁੰਦਰਤਾ ਮੁਕਾਬਲੇ ਦਾ ਐਲਾਨ ਹੋਇਆ ਤਾਂ ਸੱਭਿਆਚਾਰਕ ਸੱਥ ਪੰਜਾਬ ਦੇ ਫਾÀੂਂਡਰ ਅਤੇ ਚੇਅਰਮੈਨ ਡਾਇਰੈਕਟਰ ਜਸਮੇਲ ਢੱਟ ਅਤੇ ਦਵਿੰਦਰ ਕੌਰ ਸਰ੍ਹਾਂ ਨੇ ਮੈਨੂੰ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਮਾਤਾ ਪਿਤਾ ਅਤੇ ਭਰਾ ਵਿਕਰਮਜੀਤ ਗਿੱਲ ਵਲੋਂ ਹੌਂਸਲਾ ਦਿੱਤੇ ਜਾਣ 'ਤੇ ਤਿਆਰੀ ਸ਼ੁਰੂ ਕੀਤੀ। ਮੁਕਾਬਲੇ ਦਾ ਸਮਾਂ ਆਇਆ ਤਾਂ ਮਨਪ੍ਰੀਤ ਗਿੱਲ ਨੇ ਚਾਰ ਦਿਨ ਚੱਲੇ ਮੁਕਾਬਲੇ ਦੇ ਟੇਲੈਂਟ ਰਾਊਂਡ, ਸੋਲੋ ਡਾਂਸ ਰਾਊਂਡ, ਹੈਰੀਟੇਜ ਰਾਊਂਡ ਅਤੇ ਗਿੱਧਾ ਰਾਊਂਡ ਵਿਚ ਪੂਰੇ ਆਤਮ ਵਿਸ਼ਵਾਸ ਨਾਲ 'ਜਬੇਦਾਰ ਪੰਜਾਬਣ ਜੱਟੀ' ਦੇ ਹੌਂਸਲੇ ਦੀ ਪਿਰਤ ਨੂੰ ਜੀਵਤ ਰੱਖਦਿਆਂ ਪੇਸ਼ਕਾਰੀ ਦਿੱਤੀ। ਜੱਜ ਸਾਹਿਬਾਨ ਗੁਰਜਤਿੰਦਰ ਸਿੰਘ ਰੰਧਾਵਾ, ਦਵਿੰਦਰ ਦੀਪ ਸਰਾਂ, ਪਰਮਿੰਦਰ ਹੰਸਰਾਂ ਵਲੋਂ ਅੰਕਾਂ ਦੀਆਂ ਗਿਣਤੀਆਂ ਮਿਣਤੀਆਂ ਚੱਲ ਰਹੀਆਂ ਸਨ। ਉਹ ਦੱਸਦੀ ਹੈ ਆਖਰੀ ਪਲਾਂ ਤੱਕ ਉਹਨੂੰ ਨਹੀਂ ਸੀ ਪਤਾ ਕਿ ਕੁਝ ਪਲਾਂ ਵਿਚ ਹੀ ਉਸ ਲਈ ਇਕ ਜ਼ਿੰਦਗੀ ਦੀ ਵੱਡੀ ਯਾਦਗਾਰੀ ਬਣਨ ਜਾ ਰਹੀ ਹੈ। ਮਨਪ੍ਰੀਤ ਦੱਸਦੀ ਹੈ ਕਿ ਜਦੋਂ ਉਸਨੂੰ ਜੇਤੂ ਐਲਾਨਿਆ ਗਿਆ ਤਾਂ ਮੈਂ ਕੁਝ ਸਮੇਂ ਲਈ ਤਾਂ ਉਹ 'ਸੁੰਨ੍ਹ' ਜਿਹੀ ਹੋ ਗਈ ਪਰ ਹਾਜ਼ਰੀਨ ਦੀਆਂ ਤਾੜੀਆਂ ਦੀ ਗੜ੍ਹਗੜਾਹਟ ਨੇ ਉਹਨੂੰ 'ਹੋਸ਼' ਵਿਚ ਲਿਆਂਦਾ ਅਤੇ ਉਸ ਵੇਲੇ ਉਹਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਮਨਪ੍ਰੀਤ ਗਿੱਲ ਦੱਸਦੀ ਹੈ ਕਿ ਅੱਜ ਮੈਂ ਜਿਥੇ ਵੀ ਜਾਂਦੀ ਹਾਂ ਮੈਨੂੰ ਆਪਣੇ ਭਾਈਚਾਰੇ ਵਲੋਂ ਭਰਪੂਰ ਸਤਿਕਾਰ ਅਤੇ ਪਿਆਰ ਮਿਲਦਾ ਹੈ। ਮਨਪ੍ਰੀਤ ਕੌਰ ਗਿੱਲ ਦੀ ਕਲਾ ਨੂੰ ਵੇਖਦੇ ਹੋਏ ਗੀਤਾ ਜ਼ੈਲਦਾਰ ਵਲੋਂ ਆਪਣੀ ਨਵੀਂ ਐਲਬਮ 'ਹਾਰਟਬੀਟ-2' ਦੇ ਗੀਤ 'ਸਿੰਗਲ' ਦੇ ਫਿਲਮਾਂਕਣ ਵਿਚ ਲੀਡ ਰੋਲ ਵਜੋਂ ਮੌਕਾ ਦਿੱਤਾ ਗਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਚੈਨਲਾਂ ਤੇ ਪ੍ਰਸਾਰਿਤ ਹੋਵੇਗਾ। ਭਵਿੱਖ ਸੋਚ ਬਾਰੇ ਪੁੱਛਣ 'ਤੇ ਉਹਨੇ ਦੱਸਿਆ ਕਿ ਮਿਸ ਵਰਲਡ ਪੰਜਾਬਣ ਦਾ ਖਿਤਾਬ ਜਿੱਤਣਾ ਉਸਦਾ ਸੁਪਨਾ ਹੈ। ਪ੍ਰਮਾਤਮਾ ਉਸਦੇ ਸਾਰੇ ਸੁਪਨਿਆਂ ਨੂੰ ਯਥਾਰਥ ਤੱਕ ਪਹੁੰਚਾਵੇ ਬਣਾਵੇ ਇਹੋ ਸਾਡੀ ਮਨਪ੍ਰੀਤ ਗਿੱਲ ਲਈ ਸੱਚੀ 'ਤੇ ਸੁੱਚੀ ਦੁਆ ਹੈ।
-ਅਜਮੇਰ ਸਿੰਘ ਚਾਨਾ
9815764582
ਨੋਟ: ਤਸਵੀਰਾਂ ਨਾਲ ਨੱਥੀ ਹਨ ਜੀ
No comments:
Post a Comment