Saturday, 30 July 2011

ਹਰ ਵਰਗ ਦੇ ਪੰਜਾਬੀਆਂ ਦੇ ਮਨਾਂ ਦੀ ਗੱਲ ਗੀਤਾਂ ਰਾਹੀਂ ਗਾਉਣ ਵਾਲਾ ਗਾਇਕ ਨਛੱਤਰ ਗਿੱਲ


ਅਜਮੇਰ ਸਿੰਘ ਚਾਨਾ 
ਪੰਜਾਬੀ ਗਾਇਕੀ ਦੇ ਖੇਤਰ ਵਿਚ ਇਸ ਵੇਲੇ ਗਾਇਕਾਂ ਦੇ ਆਏ ਹੋਏ ਦੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।ਬਿਨ੍ਹਾਂ ਮਿਹਨਤ ਅਤੇ ਰਿਆਜ਼ ਤੋਂ ਪੈਸੇ ਦੇ ਜ਼ੋਰ ਨਾਲ ਹਰ ਕੋਈ ਅੱਗੇ ਆਉਣਾ ਚਾਹੁੰਦਾ ਹੈ। ਇਸ ਹੋੜ੍ਹ ਵਿਚ ਜਾਣੇ ਅਣਜਾਣੇ ਬਹੁਤ ਸਾਰੇ ਗਾਇਕਾਂ/ ਗੀਤਕਾਰਾਂ ਵਲੋਂ ਪੰਜਾਬੀ ਸੱਭਿਆਚਾਰ ਦਾ ਘਾਣ ਵੀ ਕੀਤਾ ਜਾ ਰਿਹਾ ਹੈ।ਇਸ ਵੇਲੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕੀਤੇ ਬਿਨ੍ਹਾਂ ਪੰਜਾਬੀ ਸੰਗੀਤਕ ਸੱਭਿਆਚਾਰ ਨੂੰ ਬੁਲੰਦੀਆਂ ਤੇ ਲੈ ਜਾਣ ਦੀ ਚਾਹਤ ਰੱਖਣ ਵਾਲੇ ਉਂਗਲੀ ਤੇ ਗਿਣੇ ਜਾਣ ਵਾਲੇ ਗਾਇਕਾਂ ਵਿਚੋਂ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਸੁਰੀਲੇ ਗਾਇਕ ਨਛੱਤਰ ਗਿੱਲ ਦਾ ਨਾਮ ਮੋਹਰਲੀਆਂ ਸਫਾਂ ਵਿਚ ਆਉਂਦਾ ਹੈ।ਮਾਤਾ ਤਰਸੇਮ





ਪੰਜਾਬੀ ਗਾਇਕੀ ਦੇ ਖੇਤਰ ਵਿਚ ਇਸ ਵੇਲੇ ਗਾਇਕਾਂ ਦੇ ਆਏ ਹੋਏ ਦੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।ਬਿਨ੍ਹਾਂ ਮਿਹਨਤ ਅਤੇ ਰਿਆਜ਼ ਤੋਂ ਪੈਸੇ ਦੇ ਜ਼ੋਰ ਨਾਲ ਹਰ ਕੋਈ ਅੱਗੇ ਆਉਣਾ ਚਾਹੁੰਦਾ ਹੈ। ਇਸ ਹੋੜ੍ਹ ਵਿਚ ਜਾਣੇ ਅਣਜਾਣੇ ਬਹੁਤ ਸਾਰੇ ਗਾਇਕਾਂ/ ਗੀਤਕਾਰਾਂ ਵਲੋਂ ਪੰਜਾਬੀ ਸੱਭਿਆਚਾਰ ਦਾ ਘਾਣ ਵੀ ਕੀਤਾ ਜਾ ਰਿਹਾ ਹੈ।ਇਸ ਵੇਲੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕੀਤੇ ਬਿਨ੍ਹਾਂ ਪੰਜਾਬੀ ਸੰਗੀਤਕ ਸੱਭਿਆਚਾਰ ਨੂੰ ਬੁਲੰਦੀਆਂ ਤੇ ਲੈ ਜਾਣ ਦੀ ਚਾਹਤ ਰੱਖਣ ਵਾਲੇ ਉਂਗਲੀ ਤੇ ਗਿਣੇ ਜਾਣ ਵਾਲੇ ਗਾਇਕਾਂ ਵਿਚੋਂ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਸੁਰੀਲੇ ਗਾਇਕ ਨਛੱਤਰ ਗਿੱਲ ਦਾ ਨਾਮ ਮੋਹਰਲੀਆਂ ਸਫਾਂ ਵਿਚ ਆਉਂਦਾ ਹੈ।ਮਾਤਾ ਤਰਸੇਮ ਕੌਰ ਗਿੱਲ ਦੀ ਸੁਲੱਖਣੀ ਕੁੱਖੋਂ ਜਨਮੇ ਤੇ ਪਿਤਾ ਢਾਡੀ ਹਰਦੀਪ ਸਿੰਘ ਗਿੱਲ ਦੇ ਵਿਹੜੇ ਪਿੰਡ ਅਕਾਲਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿਖੇ ਸੂਰਜ ਦੀ ਪਹਿਲੀ ਕਿਰਨ ਤੱਕਣ ਵਾਲੇ ਨਛੱਤਰ ਗਿੱਲ ਜੋ ਕਿ ਅੱਜ ਕਲ੍ਹ ਪੰਜਾਬੀ ਸੱਭਿਆਚਰਕ ਸੰਗੀਤ ਖੇਤਰ ਵਿਚ ਛਾਇਆ ਹੋਇਆ ਹੈ ਤੇ ਹਰ ਵਰਗ ਦੇ ਪੰਜਾਬੀ ਸਰੋਤਿਆਂ ਦੀ ਪਸੰਦ ਬਣਿਆ ਹੋਇਆ ਹੈ, ਦੀ ਜ਼ਿੰਦਗੀ ਦੇ ਸਖਤ ਸੰਘਰਸ਼ ਵਿਚੋਂ ਸਫਲਤਾ ਦੀ ਟੀਸੀ ਤੇ ਪਹੁੰਚਣ ਦਾ ਸਫਰ ਕੋਈ ਆਸਾਨ ਨਹੀਂ ਰਿਹਾ।ਕਿਸਾਨੀ ਪਰਿਵਾਰ ਵਿਚ ਜਨਮੇ ਨਛੱਤਰ ਗਿੱਲ ਦਾ ਛੋਟੇ ਹੁੰਦੇ ਬਾਲ ਸਭਾਵਾਂ, ਹਾਣ ਪ੍ਰਮਾਣ ਦੇ ਦੋਸਤਾਂ ਮਿੱਤਰਾਂ ਵਿਚ ਬੈਠ ਕੇ ਗਾਉਣ ਪਾਣੀ ਦਾ ਸ਼ੌਕ ਦਿਨ ਪੁਰ ਦਿਨ ਵਧਦਾ ਹੀ ਗਿਆ।ਪਿੰਡ ਦੇ ਗੁਰਦੁਆਰ ਸ਼ਹੀਦਾਂ ਸਿੰਘਾਂ ਵਿਖੇ ਸਲਾਨਾ ਜੋੜ ਮੇਲੇ ਵਿਚ ਗਾਉਣਾ ਉਸ ਦੇ ਉਤਸ਼ਾਹ ਨੂੰ ਹੋਰ ਵਧਾਉਂਦਾ। ਪਿੰਡ ਦੇ ਸਕੂਲ ਤੋਂ ਮੁੱਢਲੀ ਵਿਦਿਆ ਸ਼ੁਰੂ ਕਰ ਉਹ ਡੀ ਏ ਵੀ ਕਾਲਜ ਹੁਸ਼ਿਆਰਪੁਰ ਦਾ ਗ੍ਰੈਜੂਏਟ ਬਣਿਆ।
]ਕਬੱਡੀ ਦਾ ਮੋਹਰੀ ਖਿਡਾਰੀ ਰਿਹਾ ਨਛੱਤਰ ਗਿੱਲ ਦੱਸਦਾ ਹੈ ਕਿ ਉਸਦੇ ਦਾਦਾ ਜੀ ਸ. ਬੰਤਾ ਸਿੰਘ ਪਾਕਿਸਤਾਨ ਦੇ ਕੋਟ ਈਸੇ ਖਾਂ ਵਿਚ ਤਹਿਸੀਲਦਾਰ ਸਨ ਤੇ ਉਹਨਾਂ ਦੇ ਪਿਤਾ ਜੀ ਢਾਡੀ ਗਿਆਨੀ ਹਰਦੀਪ ਸਿੰਘ ਗਿੱਲ ਪੰਥ ਪ੍ਰਸਿੱਧ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਦੇ ਢਾਡੀ ਜਥੇ ਦੇ ਮੁੱਖ ਮੈਂਬਰ ਰਹੇ। ਉਹਨਾਂ ਦੇ ਉਂਗਲਾਂ ਦੇ ਪੋਟਿਆਂ ਵਿਚੋਂ ਨਿਕਲੀਆਂ ਸਾਰੰਗੀ ਦੀਆਂ ਧੁਨਾਂ ਦਾ ਆਨੰਦ ਮੈਂ ਅੱਜ ਵੀ ਅੱਖਾਂ ਬੰਦ ਕਰਕੇ ਮਹਿਸੂਸ ਕਰਕੇ ਮਾਣਦਾ ਰਹਿੰਦਾ ਹਾਂ।ਭਾਵੇਂ ਕਿ ਸੱਭਿਆਚਾਰਕ ਗਾਇਕੀ ਉਸ ਨੂੰ ਵਿਰਸੇ ਵਿਚੋਂ ਨਹੀਂ ਮਿਲੀ ਪਰ ਢਾਡੀ ਸੰਗੀਤ ਨੂੰ ਉਸ ਵਲੋਂ ਇਸ ਖੇਤਰ ਵਿਚ ਆਉਣ ਵਾਲੀ ਪੌੜੀ ਦਾ ਪਹਿਲਾ ਡੰਡਾ ਕਿਹਾ ਜਾ ਸਕਦਾ ਹੈ।ਨਛੱਤਰ ਗਿੱਲ ਵਲੋਂ ਹਰਦੀਪ ਸਿੰਘ ਗਿੱਲ ਗਿਆਨੀ ਦਇਆ ਸਿੰਘ ਦਿਲਬਰ, ਸਰਵਣ ਸਿੰਘ ਰਟੈਡਾਂ ਤੇ ਤਰਲੋਚਨ ਸਿੰਘ ਭਮੱਦੀ, ਹਰਪਾਲ ਸਿੰਘ ਸੰਧੂ ਨਾਲ ਇਕ ਪ੍ਰੋਗਰਾਮ ਤੇ ਸੰਗਤ ਕੀਤੀ ਤਾਂ ਗਿਆਨੀ ਦਇਆ ਸਿੰਘ ਦਿਲਬਰ ਨੇ ਉਸ ਨੂੰ ਉਤਸ਼ਾਹ ਦਿੰਦਿਆਂ ਕਿਹਾ ਕਿ ਇਹ ਕਾਕਾ ਬਹੁਤ ਅੱਗੇ ਜਾਵੇਗਾ।ਭਰਾ ਨਰਿੰਦਰਪਾਲ ਸਿੰਘ ਗਿੱਲ, ਗੁਰਿੰਦਰ ਸਿੰਘ ਗਿੱਲ ਤੇ ਭੈਣਾਂ ਮਨਜਿੰਦਰ ਕੌਰ ਤੇ ਗੁਰਵਿੰਦਰ ਕੌਰ ਵਲੋਂ ਹਮੇਸ਼ਾ ਇਸ ਖੇਤਰ ਵਿਚ ਅੱਗੇ ਵਧਣ ਲਈ ਹੌਸਲਾ ਮਿਲਦਾ ਰਿਹਾ। ਪਿੰਡ ਦੀ ਜ਼ਿੰਦਗੀ ਵਿਚੋਂ ਨਿਕਲ ਕੇ ਨਛੱਤਰ ਗਿੱਲ ਨੇ ਸੱਭਿਆਚਾਰਕ ਸੰਗੀਤ ਵੱਲ ਰੁਖ ਕੀਤਾ ਤੇ ਸੰਘਰਸ਼ ਕਰਨ ਦਾ ਮਨ ਬਣਾਇਆ। ਸ਼ੁਰੂ ਤੋਂ ਹੀ ਪਾਕਿਸਤਾਨੀ ਗਜ਼ਲ ਗਾਇਕ ਗੁਲਾਮ ਅਲੀ ਨੂੰ ਸੁਨਣ ਵਾਲੇ ਨਛੱਤਰ ਗਿੱਲ ਨੇ ਬਕਾਇਦਾ ਸੰਗੀਤਕ ਸਿੱਖਿਆ ਲੈਣ ਦਾ ਮਨ ਬਣਾਇਆ ਮਾਸਟਰ ਪਰਸਾ ਸਿੰਘ ਗੋਬਿੰਦਪੁਰੀ ਅਤੇ ਪੰਡਿਤ ਰਾਮ ਚੰਦ ਜੀ ਗੜ੍ਹਸ਼ੰਕਰ ਤੋਂ ਸੰਗੀਤਕ ਬਾਰੀਕੀਆਂ ਦਾ ਗਿਆਨ ਹਾਸਲ ਕੀਤਾ। ਸਮੇਂ ਸਮੇਂ ਤੇ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਨਾਲ ਪ੍ਰੋਗਰਾਮਾਂ ਤੇ ਚਲੇ ਜਾਣਾ ਤੇ ਨਾਲ ਹੀ ਵੱਡੀ ਭਰਾ ਦੇ ਸਮਾਨ ਸੁਰੀਲੇ ਜੱਟ ਦੀ ਅੱਲ ਦੇ ਨਾਲ ਮਸ਼ਹੂਰ ਗਾਇਕ ਸਤਵਿੰਦਰ ਬੁੱਗਾ ਨਾਲ ਵੀ ਸਟੇਜਾਂ ਤੇ ਸਾਥ ਦੇਣਾ ਉਸਦੀ ਗਾਇਨ ਕਲਾ ਨੂੰ ਹੋਰ ਨਿਖਾਰਦਾ ਰਿਹਾ।25 ਸਾਲ ਦੀ ਉਮਰ ਵਿਚ ਭਾਰਟ ਗਣੇਸ਼ਪੁਰ ਨਜ਼ਦੀਕ ਮਾਹਿਲਪੁਰ ਦੇ ਸ. ਜਗੀਰ ਸਿੰਘ ਤੇ ਮਾਤਾ ਰਸ਼ਪਾਲ ਦੀ ਸਪੁੱਤਰੀ ਦਲਵਿੰਦਰ ਕੌਰ ਨਾਲ ਸ਼ਾਦੀ ਹੋ ਗਈ। ਭਾਵੇਂ ਕਿ ਘਰ ਦੀ ਗੁਜਰ ਬਸਰ ਬਹੁਤ ਵਧੀਆ ਸੀ ਪਰ ਆਪਣੇ ਦਮ ਤੇ ਕੁਝ ਕਰ ਦਿਖਾਉਣ ਦੀ ਚਾਹਤ ਨਛੱਤਰ ਗਿੱਲ ਨੂੰ ਟਿਕ ਕੇ ਨਾ ਬੈਠਣ ਦਿੰਦੀ। 1995 ਵਿਚ ਵੱਡੇ ਭਰਾ ਨਰਿੰਦਰਪਾਲ ਸਿੰਘ ਤੋਂ 20 ਹਜ਼ਾਰ ਰੁਪਏ ਦੀ ਮਦਦ ਲੈ ਕੇ “ਜੇ ਤੂੰ ਨੀ ਸਾਡੀ ਹੋ ਸਕਦੀ” ਟਾਈਟਲ ਹੇਠ ਟੇਪ ਮਾਰਕੀਟ ਵਿਚ ਦਿੱਤੀ ਪਰ ਪੰਜਾਬੀ ਸਰੋਤਿਆਂ ਦੇ ਦਿਲਾਂ ਵਿਚ ਦਸਤਕ ਦੇਣ ਵਿਚ ਇਹ ਕੋਸ਼ਿਸ਼ ਕਾਮਯਾਬ ਨਾ ਹੋ ਸਕੀ।
ਭਾਵੇਂ ਕਿ ਨਛੱਤਰ ਨੂੰ ਆਪਣੀ ਗਾਇਨ ਕਲਾ ਤੇ ਪੂਰਾ ਭਰੋਸਾ ਸੀ ਤੇ ਉਸ ਨੂੰ ਲੱਗਦਾ ਸੀ ਕਿ ਉਹ ਅੱਜ ਦੇ ਹਿੱਟ ਗਾਇਕਾਂ ਦੇ ਮੁਕਾਬਲੇ ਦਾ ਗਾ ਸਕਦਾ ਹੈ ਪਰ ਬਹੁਤ “ਸੂਤ” ਨਾਂ ਆਉਂਦਾ ਦੇਖ ਉਸ ਨੇ ਵੀ ਬਾਕੀ ਪੰਜਾਬੀ ਨੌਜਵਾਨਾਂ ਵਾਗੂੰ ਆਪਣਾ ਭਵਿੱਖ ਵਿਦੇਸ਼ ਵਿਚ ਹੀ ਬਣਾਉਣ ਦਾ ਫੈਸਲਾ ਲਿਆ ਤੇ ਹੋਰਾਂ ਵਾਗੂੰ ਗੈਰ ਕਨੂੰਨੀ ਤਰੀਕੇ ਨਾਲ 1998 ਵਿਚ ਪ੍ਰਵਾਸ ਕਰਨ ਲਈ ਵਿਦੇਸ਼ ਵੱਲ ਨੂੰ ਉਡਾਰੀ ਮਾਰ ਦਿੱਤੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਹ ਪੰਜਾਬੀਆਂ ਨੂੰ ਇਸ ਗੁਣਵੱਤੇ ਗਾਇਕ ਦੀ ਗਾਇਕੀ ਤੋਂ ਮਹਿਫੂਜ਼ ਨਹੀਂ ਸੀ ਕਰਨਾ ਚਾਹੁੰਦੀ ਸੀ ਸ਼ਾਇਦ ਇਸੇ ਲਈ ਮਾਸਕੋ, ਕੀਵ ਰਾਹੀਂ ਇਟਲੀ ਜਾਂਦੇ ਨਛੱਤਰ ਸਿੰਘ ਗਿੱਲ ਨੂੰ 25 ਦਿਨਾਂ ਬਾਅਦ ਕਿਸਮਤ ਨੇ ਵਾਪਿਸ ਫਿਰ ਇੰਡੀਆ ਲੈ ਆਂਦਾ। ਵਾਪਿਸ ਆ ਸੰਗੀਤ ਸਮਰਾਟ ਚਰਨਜੀਤ ਅਹੂਜਾ ਦਾ ਅਸ਼ੀਰਵਾਦ ਲਿਆ ਤੇ ਫਿਰ ਰਿਆਜ਼ ਕਰਨ ਵਲ ਮਨ ਮੋੜਿਆ। ਲੰਮਾਂ ਸਮਾਂ ਉਹਨਾਂ ਕੋਲੋਂ ਸੰਗੀਤਕ ਗਿਆਨ ਹਾਸਲ ਕਰਨ ਉਪਰੰਤ ਨਛੱਤਰ ਗਿੱਲ ਨੂੰ ਮਹਿਸੂਸ ਕਿ ਗੁਰੂ ਜੀ (ਚਰਨਜੀਤ ਅਹੂਜਾ ਸਾਹਿਬ) ਚਾਹੁੰਦੇ ਹੋਏ ਵੀ ਉਸ ਨੂੰ ਜਲਦੀ ਪੇਸ਼ ਨਹੀਂ ਕਰਾ ਸਕਦੇ ਕਿਉਂਕਿ ਉਹਨਾਂ ਤੇ ਉਸ ਤੋਂ ਪਹਿਲਾਂ ਹੋਰ ਵੀ ਬਹੁਤ ਜ਼ਿੰਮੇਵਾਰੀਆਂ ਹਨ।ਦਿੱਲੀ ਤੋਂ ਵਾਪਿਸ ਪੰਜਾਬ ਆ ਗਿਆ ਕਿਸਮਤ ਨੇ ਪਲਟਾ ਖਾਧਾ ਤੇ ਉਸ ਨੂੰ ਟੇਪ “ਇਸ਼ਕ ਜਗਾਵੇ” ਕਰਨ ਦਾ ਮੌਕਾ ਮਿਲਿਆ। ਉਹ ਕਹਿੰਦਾ ਹੈ ਕਿ ਇਸ਼ਕ ਜਗਾਵੇ ਨੇ ਉਸ ਦੀ ਕਿਸਮਤ ਜਗਾ ਦਿੱਤੀ ਤੇ ਉਸ ਦਿਨ ਤੋਂ ਹੀ ਉਸਨੂੰ ਪੰਜਾਬੀਆਂ ਨੇ ਪਿਆਰ ਨਾਲ ਲੱਦ ਦਿੱਤਾ। ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ, ਤੇਰਾ ਇਸ਼ਕ ਜਗਾਵੇ ਨੀ, ਗੁੱਸਾ ਨਾ ਕਰੀਂ ਗੀਤਾਂ ਨੇ ਰਾਤੋ ਰਾਤ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਦੇ ਦਿਲਾਂ ਤੇ ਐਹੋ ਜਿਹੀ ਦਸਤਕ ਦਿੱਤੀ ਕਿ ਅੱਜ ਤੱਕ ਉਸ ਦੀਆਂ ਤਰੰਗਾਂ ਸੰਗੀਤਕ ਭੁੱਖ ਨੂੰ ਤ੍ਰਿਪਤ ਕਰ ਰਹੀਆਂ ਹਨ।ਵੱਖ ਵੱਖ ਦੇਸ਼ਾਂ ਵਿਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕਾ ਨਛੱਤਰ ਗਿੱਲ ਦੱਸਦਾ ਹੈ ਕਿ ਪ੍ਰਵਾਸੀ ਸਰੋਤੇ ਸਹੀ ਰੂਪ ਵਿਚ ਲਾਈਵ ਗਾ ਰਹੇ ਗਾਇਕ ਦੀ ਗਾਇਕੀ ਦੀ ਕਦਰ ਕਰਦੇ ਹਨ। ਕਾਰਨ ਪੁੱਛੇ ਜਾਣ ਤੇ ਉਹਨੇ ਦੱਸਿਆ ਕਿ ਮੁੱਲ ਤਾਰ ਕੇ ਲਈ ਗਈ ਚੀਜ਼ ਦੀ ਹਰ ਇਨਸਾਨ ਕਦਰ ਕਰਦਾ ਹੈ ਬਾਹਰਲੇ ਮੁਲਕਾਂ ਵਿਚ ਸੰਗੀਤਕ ਸ਼ੋਅ ਦੀਆਂ ਟਿਕਟਾਂ ਰੱਖੀਆਂ ਜਾਂਦੀਆਂ ਹਨ ਜਿਸ ਕਾਰਨ ਸੰਗੀਤ ਦਾ ਸ਼ੌਕੀਨ ਹੀ ਉਥੇ ਆਵੇਗਾ। ਉਹਨਾਂ ਕਿਹਾ ਕਿ ਪ੍ਰਵਾਸੀ ਸਰੋਤਿਆਂ ਵਲੋਂ ਵਧੀਆ ਗਾਉਣ ਵਾਲੇ ਗਾਇਕਾਂ ਨੂੰ ਪਲਕਾਂ ਤੇ ਬਿਠਾਇਆ ਜਾਂਦਾ ਹੈ ਤੇ ਬੇਸੁਰਿਆਂ ਨੂੰ ਮੂੰਹ ਤੇ ਵੀ ਸੁਣਾਈਆਂ ਜਾਂਦੀਆਂ ਹਨ।ਨਿੰਮਾ ਲੁਹਾਰਕੇ ਜਿਸ ਨੇ ਨਛੱਤਰ ਗਿੱਲ ਲਈ ਪਹਿਲਾ ਹਿੱਟ ਗੀਤ ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ, ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਲਿਖਿਆ ਸੀ ਬਾਰੇ ਇਹ ਪੁੱਛਣ ਤੇ ਕਿ ਤੁਸੀਂ ਉਸਦਾ ਕੋਈ ਹੋਰ ਗੀਤ ਕਿਉਂ ਨਹੀਂ ਗਾਇਆ ਤਾਂ ਸਪੱਸ਼ਟ ਰੂਪ ਵਿਚ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜੇਕਰ ਉਹ ਅੱਜ ਵੀ ‘ਦਿਲ ਦਿੱਤਾ ਨਹੀਂ ਸੀ’ ਦੇ ਲੈਵਲ ਦਾ ਗੀਤ ਲੈ ਆਵੇ ਤਾਂ ਮੈਂ ਜ਼ਰੂਰ ਗਾਵਾਂਗਾ। ਉਸ ਨਾਲ ਮੇਰੇ ਸਬੰਧ ਭਰਾਵਾਂ ਵਰਗੇ ਹਨ।ਹਰ ਜਗਾ ਕਲਾ ਦਾ ਮੁੱਲ ਪੈਂਦਾ ਹੈ ਰਿਸ਼ਤਿਆਂ ਦਾ ਨਹੀਂ। ਪਾਇਰੇਸੀ ਬਾਰੇ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ ਜੇਕਰ ਮੋਬਾਇਲਾਂ ਵਾਲੇ ਸਾਡੇ ਗੀਤਾਂ ਦਾ ਹੈਲੋ ਟਿਊਨ ਸਿਸਟਮ ਰਾਹੀਂ ਮੁੱਲ ਨਾ ਪਾਉਂਦੇ ਤਾਂ ਪੰਜਾਬੀ ਸੰਗੀਤ ਦਾ ਤਾਂ ਭੋਗ ਹੀ ਪੈ ਜਾਣਾ ਸੀ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਪੰਜਾਬੀ ਸੰਗੀਤ ਕੰਪਨੀਆਂ ਬੰਦ ਹੋ ਚੁੱਕੀਆਂ ਹਨ।
ਗੀਤਕਾਰਾਂ ਦੀ ਤਰਸਯੋਗ ਹਾਲਤ ਪੁੱਛਣ ਤੇ ਉਹ ਦੱਸਦਾ ਹੈ ਕਿ ਗਾਇਕ ਦੀ ਉਡਾਣ ਦਾ ਪਲੇਟਫਾਰਮ ਗੀਤਕਾਰ ਹੀ ਤਿਆਰ ਕਰਦਾ ਹੈ। ਹਰ ਗਾਇਕ ਨੂੰ ਚਾਹੀਦਾ ਹੈ ਕਿ ਉਹ ਗੀਤਕਾਰ ਨੂੰ ਸਹੀ ਮਿਹਨਤਾਨਾ ਦੇਵੇ।ਉਹਨਾਂ ਗੀਤਕਾਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹਨਾਂ ਦੇ ਗੀਤ ਤੇ ਗਾਇਕ ਨੇ ਲੱਖਾਂ ਰੁਪਏ ਖਰਚ ਕਰਨੇ ਹੁੰਦੇ ਹਨ ਪਰ ਕਈ ਵਾਰੀ ਜਦੋਂ ਗਾਇਕ ਸਭ ਕੁਝ ਤਿਆਰ ਕਰ ਲੈਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਸਦੇ ਗੀਤ ਦੇ ਗੀਤਕਾਰ ਵਲੋਂ ਹੋਰ ਕਿਸੇ ਗਾਇਕ ਨੂੰ ਵੀ ਇਹੋ ਗੀਤ ਦਿੱਤਾ ਗਿਆ ਹੈ ਤਾਂ ਗਾਇਕ ਲਈ ਬੜੀ ਮੁਸ਼ਕਿਲ ਵਾਲੀ ਸਥਿਤੀ ਬਣ ਜਾਂਦਾ ਹੈ ਕਈ ਵਾਰੀ ਤਾਂ ਇਹ ਮਸਲਾ ਝਗੜੇ ਵਿਚ ਤਬਦੀਲ ਹੋ ਜਾਂਦਾ ਹੈ ਸੋ ਗੀਤਕਾਰਾਂ ਨਾਲ ਮੇਰੀ ਦਿਲੋਂ ਹਮਦਰਦੀ ਹੈ ਪਰ ਉਹ ਵੀ ਇਮਾਨਦਾਰੀ ਦਾ ਸਬੂਤ ਦੇਣ ਤਾਂ ਜੋ ਭਵਿੱਖ ਵਿਚ ਉਹਨਾਂ ਦੇ ਗੀਤਾਂ ਦਾ ਮੁੱਲ ਪੈ ਸਕੇ।ਜੀਵਨ ਦੀ ਕੋਈ ਅਭੁੱਲ ਘਟਨਾ ਪੁੱਛਣ ਤੇ ਉਸਨੇ ਹੱਸਦਿਆਂ ਦੱਸਿਆ ਕਿ ਉਹਨਾਂ ਦਾ ਪਰਿਵਾਰ ਖੇਤੀਬਾੜੀ ਖੁਦ ਹੀ ਕਰਦਾ ਸੀ ਤੇ ਇਕ ਵਾਰ ਕਣਕ ਕੁਤਰਨ ਉਪਰੰਤ ਤੂੜੀ ਕੁੱਪ ਬੰਨ੍ਹ ਰਹੇ ਸਨ ਤੇ ਜਦੋਂ ਆਖਰ ਵਿਚ ਕੁੱਪ ਦੀ ਬੋਦੀ ਬੰਨ੍ਹਣ ਲੱਗੇ ਤਾਂ ਉਹਨਾਂ ਦੇ ਵੱਡੇ ਭਰਾ ਨਰਿੰਦਰਪਾਲ ਸਿੰਘ ਨੇ ਦੇਖਿਆ ਕਿ ਉਸ ਦੇ ਗੁੱਟ ਤੇ ਘੜੀ ਹੀ ਨਹੀਂ ਹੈ ਫਿਕਰ ਪੈ ਗਿਆ ਕਿਉਂਕਿ ਉਹਨਾਂ ਵੇਲਿਆਂ ਵਿਚ ਘੜੀ ਇਕ ਸਟੇਟਸ ਸਿੰਬਲ ਸਮਝਿਆ ਜਾਂਦਾ ਸੀ ਖੈਰ ਭਾਜੀ ਨੇ ਕਿਹਾ ਕਿ ਕੁੱਪ ਖੋਲੋ ਤੇ ਅਸੀਂ ਸਾਰਿਆਂ ਨੇ ਝੱਟਪੱਟ ਕੁੱਪ ਖੋਲ ਤੇ ਤੂੜੀ ਦਾ ਡੱਕ ਡੱਕਾ ਕਰ ਦਿੱਤਾ ਆਖਰ ਜਿਥੇ ਤੂੜੀ ਦਾ ਪਹਿਲਾ ਤੰਗੜ ਸੁੱਟਿਆ ਸੀ ਉਥੋਂ ਘੜੀ ਲੱਭ ਆਈ ਤੇ ਸਾਰਿਆਂ ਨੂੰ ਸੁੱਖ ਦਾ ਸਾਹ ਆਇਆ। ਅੱਜ ਜਦੋਂ ਇਹ ਘਟਨਾ ਯਾਦ ਕਰਦੇ ਹਾਂ ਤਾਂ ਹੱਸਦਿਆਂ ਨੂੰ ਸਾਹ ਨਹੀਂ ਆਉਂਦਾ। ਸੰਗੀਤਕ ਖੇਤਰ ਦੀ ਘਟਨਾ ਬਾਰੇ ਉਸਨੇ ਦੱਸਿਆ ਕਿ ਪਹਿਲੀ ਕੈਸਿਟ ਦੇ ਹਿੱਟ ਹੋਣ ਤੇ ਉਹ ਬਟਾਲੇ ਲਾਗੇ ਪਿੰਡ ਬੱਬੇਹਾਲੀ ਵਿਖੇ ਇਕ ਮੇਲੇ ਤੇ ਪ੍ਰੋਗਰਾਮ ਕਰਨ ਗਏ ਤਾਂ ਉਥੇ ਕਿੱਕਰਾਂ, ਚੁਬਾਰਿਆਂ, ਟਰਾਲੀਆਂ ਤੇ ਟਰੱਕਾਂ ਤੇ ਖੜੇ ਲੋਕ ਦੇਖ ਕੇ ਉਹ ਰੋਮਾਂਚਿਤ ਹੋ ਗਏ ਤੇ ਉਦੋਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਸਟੇਜ ਸਕੱਤਰ ਨੇ ਦੱਸਿਆ ਕਿ ਇੰਨਾਂ ਇਕੱਠ ਸਿਰਫ ਇਕ ਵਾਰ ਗੁਰਦਾਸ ਮਾਨ ਦੇ ਆਉਣ ਤੇ ਹੋਇਆ ਸੀ, ਇਹ ਵੀ ਮੇਰੀ ਜ਼ਿੰਦਗੀ ਦੀ ਅਭੁੱਲ ਯਾਦ ਹੈ। ਗਾਇਕਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਦੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਹਰ ਹਿੱਟ ਗਾਇਕ (ਕਿਉਂਕਿ ਹਿੱਟ ਗਾਇਕਾਂ ਦੀ ਹਰ ਗੱਲ ਸਰੋਤੇ ਸੁਣਦੇ ਹਨ) ਦਾ ਫਰਜ਼ ਬਣਦਾ ਹੈ ਕਿ ਉਹ ਕਮਰਸ਼ੀਅਲ ਗੀਤਾਂ ਤੋਂ ਇਲਾਵਾ ਇਕ ਸਮਾਜ ਸੁਧਾਰਕ ਗੀਤ ਜਿਵੇਂ ਭਰੂਣ ਹੱਤਿਆ, ਵਾਤਾਵਰਣ, ਸਮਾਜਿਕ ਬਰਾਬਰੀ, ਨਸ਼ਿਆਂ, ਖੇਡਾਂ ਆਦਿ ਵਿਸ਼ਿਆਂ ਸਬੰਧੀ ਜ਼ਰੂਰ ਪਾਵੇ ਤਾਂ ਜੋ ਸਮਾਜ ਨੂੰ ਸਹੀ ਸੇਧ ਮਿਲ ਸਕੇ।ਸਰੋਤਿਆਂ ਦੀ ਪਸੰਦ ਸਬੰਧੀ ਨਛੱਤਰ ਗਿੱਲ ਦੱਸਦਾ ਹੈ ਕਿ ਉਹ ਹਰ ਵਰਗ ਦੇ ਸਰੋਤਿਆਂ ਨੂੰ ਧਿਆਨ ਵਿਚ ਰੱਖ ਕੇ ਆਪਣੀ ਐਲਬਮ ਤਿਆਰ ਕਰਦਾ ਹੈ ਤੇ ਉਹ ਦੋ ਸਾਲ ਵਿਚ ਇਕ ਹੀ ਟੇਪ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਭਵਿੱਖ ਬਾਰੇ ਦੱਸਦਿਆਂ ਕਿਹਾ ਕਿ ਉਹ ਜਲਦ ਹੀ ਭੇਟਾਂ ਦੀ ਐਲਬਮ ਕਰਨ ਜਾ ਰਹੇ ਹਨ। ਉਹਨਾਂ ਬਿਨਾਂ ਸਿੱਖ ਕੇ ਗਾਇਕੀ ਵਿਚ ਪ੍ਰਵੇਸ਼ ਕਰਨ ਵਾਲਿਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਅੱਜ ਕੰਪਿਊਟਰ ਦਾ ਯੁੱਗ ਹੈ ਤੇ ਕੁਝ ਵੀ ਸੰਭਵ ਹੈ ਪਰ ਅਸਲੀ ਕਲਾ ਵਾਲੀ ਗਾਇਕੀ ਨੂੰ ਮਾਤ ਨਹੀਂ ਪਾਈ ਜਾ ਸਕਦੀ ਇਸ ਲਈ ਸਿੱਖ ਕੇ ਹੀ ਇਸ ਖੇਤਰ ਵਿਚ ਆਉ ਤੇ ਕਾਮਯਾਬੀ ਹਾਸਲ ਕਰੋ।ਪ੍ਰਵਾਸੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਗਾਇਕਾਂ ਦਾ ਤੋਰੀ ਫੁਲਕਾ ਤਾਂ ਪ੍ਰਵਾਸੀਆਂ ਦੇ ਸਿਰ ਤੇ ਹੀ ਚੱਲਦਾ ਹੈ। ਪਰ ਉਹ ਦੱਸਣਾ ਚਾਹੁੰਦੇ ਹਨ ਕਿ ਸਾਰੇ ਨਹੀਂ ਪਰ ਕਈ ਪ੍ਰਵਾਸੀਆਂ ਦੇ ਇੰਡੀਆ ਰਹਿੰਦੇ ਦੂਰ ਨੇੜੇ ਦੇ ਰਿਸ਼ਤੇਦਾਰ ਪ੍ਰਵਾਸੀਆਂ ਨੂੰ ਗਲਤ ਸਲਾਹਾਂ ਦੇ ਕੇ ਗੁੰਮਰਾਹ ਕਰਦੇ ਹਨ। ਕਈ ਵਾਰੀ ਪ੍ਰਵਾਸੀ ਸਾਨੂੰ ਬੁੱਕ ਕਰਦੇ ਹਨ ਤੇ ਉਹਨਾਂ ਦੇ ਰਿਸ਼ਤੇਦਾਰ ਬਾਅਦ ਵਿਚ ਕਮਿਸ਼ਨ ਮੰਗਣ ਆ ਜਾਂਦੇ ਹਨ ਅਖੇ ਅਸੀਂ ਮਸਾਂ ਹੀ ਵਲੈਤੀਏ ਨੂੰ ਇਥੇ ਲੈ ਕੇ ਆਏ ਹਾਂ ਇਹ ਤਾਂ ਕਹਿੰਦਾ ਸੀ ਕਿ ਨਕਲੀ ਚਰਖਿਆਂ, ਮਧਾਣੀਆਂ ਵਾਲੇ (ਡੀ ਜੇ ਭੰਗੜਾ ਗਿੱਧਾ ਗਰੁੱਪ) ਕਰ ਲਵੋ। ਸੋ ਮੈਂ ਵਲੈਤੀ ਵੀਰਾਂ ਨੂੰ ਸਲਾਹ ਦੇਣੀ ਚਾਹੁੰਦਾ ਹਾਂ ਕਿ ਉਹ ਗਾਇਕਾਂ ਨਾਲ ਸਿੱਧੇ ਹੀ ਸੰਪਰਕ ਕਰਨ ਅਸੀਂ ਉਹਨਾਂ ਦੀ ਹਰ ਤਰਾਂ ਦੀ ਮਦਦ ਕਰਨ ਲਈ ਤਿਆਰ ਹਾਂ।ਉਹ ਦੱਸਦਾ ਹੈ ਕਿ ਤਿੰਨ ਕੁ ਸਾਲ ਪਹਿਲਾਂ ਉਹਨਾਂ ਨੂੰ ਆਪਣੇ ਸਤਿਕਾਰਯੋਗ ਪਿਤਾ ਢਾਡੀ ਹਰਦੀਪ ਸਿੰਘ ਗਿੱਲ ਦਾ ਦੁਖਦਾਈ ਵਿਛੋੜਾ ਸਹਿਣਾ ਪਿਆ ਅਕਾਲ ਪੁਰਖ ਦੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ ਪਰ ਉਹਨਾਂ ਦੀ ਯਾਦ ਵਿਚ ਮੈ ਸੱਭਿਆਚਾਰਕ ਮੇਲਾ ਲਗਵਾਉਣਾ ਸ਼ੁਰੂ ਕੀਤਾ ਹੈ ਤੇ ਹਰ ਸਾਲ ਮਾਰਚ ਮਹੀਨੇ ਇਹ ਮੇਲਾ ਲੱਗਿਆ ਕਰੇਗਾ। ਜਿਸ ਦੀ ਸ਼ੁਰੂਆਤ ਪੰਥ ਦੇ ਸਿਰਮੌਰ ਢਾਡੀ ਕਰਦੇ ਹਨ ਤੇ ਬਾਅਦ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ।ਆਪਣੀ ਗਾਇਕੀ ਦੇ ਸਫਲਤਾ ਭਰੇ ਦੌਰ ਲਈ ਉਹ ਦੁਰਗਾ ਰੰਗੀਲਾ, ਸਤਵਿੰਦਰ ਬੁੱਗਾ, ਗੁਰਮਿੰਦਰ ਕੈਂਡੋਵਾਲ, ਸੰਗੀਤਕਾਰ ਗੁਰਮੀਤ ਸਿੰਘ, ਸੁਰਿੰਦਰ ਥਾਂਦੀ, ਲਖਵਿੰਦਰ ਸੂਰਾਪੁਰੀ ਤੋਂ ਇਲਾਵਾ ਆਪਣੇ ਸਮੁੱਚੇ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਮੰਨਦਾ ਹੈ।ਨਛੱਤਰ ਗਿੱਲ ਅੱਜਕੱਲ੍ਹ ਪੰਜਾਬ ਦੇ ਸ਼ਹਿਰ ਫਗਵਾੜਾ ਵਿਚ ਆਪਣੀ ਪਤਨੀ ਦਲਵਿੰਦਰ ਕੌਰ, ਪੁੱਤਰ ਮਨਵੀਰ ਸਿੰਘ ਅਤੇ ਬੇਟੀ ਸਰਪ੍ਰੀਤ ਕੌਰ ਨਾਲ ਅਨੰਦਮਈ ਜੀਵਨ ਬਤੀਤ ਕਰ ਰਿਹਾ ਹੈ। ਨਛੱਤਰ ਗਿੱਲ ਨਾਲ ਫੋਨ ਨੰਬਰ 9914681118 ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments:

Post a Comment