Tuesday, 17 May 2016

ਮੈਂ ਲੋਹ ਕੁੱਟ ਦਾ ਪੁੱਤ ਹਾਂ


ਮੈਂ ਲੋਹ ਕੁੱਟ ਦਾ ਪੁੱਤ ਹਾਂ
ਮੈਂ ਦੇਖਿਆ ਹੈ
ਆਪਣੇ ਬਾਬੇ ਨੂੰ
ਆਪਣੇ ਬਾਪੂ ਨੂੰ
ਲ਼ੋਹੇ ’ਚੋਂ ਰੋਟੀ ਕੱਢਦਿਆਂ ਨੂੰ
ਮੈਂ ਰੋ ਪੈਣਾ
ਮੈਂ ਡਰ ਜਾਣਾ
ਜਦ ਕਦੇ
ਹਥੌੜਾ ਮੇਰੇ ਬਾਪੂ ਦੇ
ਹੱਥ ਤੇ ਲੱਗ ਜਾਣਾ
ਮੈਂ ਸਹਿਮ ਜਾਣਾ
ਮੈਂ ਕੰਬ ਜਾਣਾ
ਜਦ ਮੇਰੇ ਬਾਪੂ ਨੇ
ਦਰਦ ਨਾਲ 'ਸੀ' ਕਹਿਣਾ
ਮੈਂ ਬਾਲ ਅੱਖਾਂ ਨਾਲ ਦੇਖਣਾ, 
ਉਹਦੇ ਹੱਥ ਵਿਚੋਂ ਖੁੂਨ ਦਾ ਤੁਪਕਾ
ਅਹਿਰਨ ਕੋਲ ਪਈ ਰੇਤ ਦੇ ਉਤੇ ਡਿਗਦਾ
ਮੈਂ ਬਾਲ ਅੱਖਾਂ ਨਾਲ ਦੇਖਣਾ, 
ਉਹਦੇ ਮੱਥੇ ਤੋਂ ਪਸੀਨੇ ਦਾ ਤੁਪਕਾ
ਅਹਿਰਨ ਕੋਲ ਪਈ ਰੇਤ ਦੇ ਉਤੇ ਡਿਗਦਾ
ਮੈਂ ਬਾਲ ਮਨ ਨਾਲ ਸੋਚਣਾ,
ਸ਼ਾਇਦ.........
ਇਹਨੂੰ ਹੀ ਕਹਿੰਦੇ ਨੇ
ਖੂਨ ਪਸੀਨੇ ਦੀ ਕਮਾਈ
                        -ਅਜਮੇਰ ਸਿੰਘ ਚਾਨਾ

Friday, 13 May 2016

ਧੋਖਾ

ਧੋਖਾ
ਰੋਜ਼ਾਨਾ 'ਜਗ ਬਾਣੀ' ਵਿਚ ਮਿਤੀ 05 ਮਈ 2016 ਨੂੰ ਛਪੀ ਕਹਾਣੀ
-ਅਜਮੇਰ ਸਿੰਘ ਚਾਨਾ

ਬਲਿਹਾਰ ਸਿੰਘ ਅੱਜ ਅਮਰੀਕਾ ਦਾ ਕਾਮਯਾਬ ਬਿਜ਼ਨਸਮੈਨ ਬਣ ਚੁੱਕਾ ਸੀ।ਨਿਊਯਾਰਕ ਵਿਚ ਉਸਦਾ ਗਰੌਸਰੀ ਸਟੋਰ ਇਕ ਬ੍ਰਾਂਡ ਮੰਨਿਆ ਜਾ ਰਿਹਾ ਹੈ ਤੇ ਹੁਣ ਉਹ ਇਸ ਵਿਚ ਵਾਧਾ ਕਰਨ ਦੀ ਸੋਚ ਰੱਖਦਾ ਹੋਇਆ ਆਪਣੇ ਬ੍ਰਾਂਡ ਦੀ ਲੜੀ ਚਲਾਉਣਾ ਚਾਹੁੰਦਾ ਸੀ। ਬੜੇ ਸੰਘਰਸ਼ ਤੋਂ ਬਾਅਦ ਅੱਜ ਉਹ ਇੰਡੀਆ ਜਾਣ ਦੇ ਹਰ ਪੱਖੋਂ ਕਾਬਲ ਹੋ ਚੁੱਕਾ ਸੀ ਪਰ ਜਾਣਾ ਉਸਨੂੰ ਬਹੁਤ ਹੀ ਔਖੇ ਪਲਾਂ ਲਈ ਪੈ ਰਿਹਾ ਸੀ। ਉਸਦਾ ਬਾਪੂ ਤਾਂ ਚਿਰਾਂ ਦਾ ਪੂਰਾ ਹੋ ਚੁੱਕਾ ਸੀ ਤੇ ਬੇਬੇ ਆਖਰੀ ਸਾਹਾਂ ਤੇ ਸੀ।ਬਾਪੂ ਦੀ ਮੌਤ ਵੇਲੇ ਤਾਂ ਉਹ ਕਾਗਜ਼ਾਂ ਪੱਤਰਾਂ ਦੀ ਘਾਟ ਕਰਕੇ ਜਾ ਨਹੀਂ ਸੀ ਸਕਾ। ਖੈਰ ਹੁਣ ਉਸ ਕੋਲ ਸਾਰੇ ਕਾਗਜ਼ ਪੱਤਰ ਸਨ ਜਿਨ੍ਹਾਂ ਦੇ ਸਿਰ ਤੇ ਉਹ ਉਡਾਰੀ ਮਾਰ ਕੇ ਪੰਜਾਬ ਵਿਚ ਚਿਰਾਂ ਤੋਂ ਵਿਛੜੇ ਆਪਣੇ ਪਰਿਵਾਰ ਅਤੇ ਸਕੇ ਸਬੰਧੀਆਂ ਨੂੰ ਮਿਲ ਸਕਦਾ ਸੀ ਅਤੇ ਆਪਣੀ ਮਾਂ ਦਾ ਆਖਰੀ ਵਾਰ ਮੂੰਹ ਵੇਖ ਸਕਦਾ ਸੀ।ਉਹ ਯਾਦਾਂ ਵਿਚ ਗੁਆਚਿਆ ਸੋਚਦਾ ਹੈ ਕਿ ਕਿਵੇਂ ਉਸਦੇ ਮਾਮੇ ਨੇ ਏਜੰਟ ਕੋਲ ਗਰੰਟੀ ਭਰ ਕੇ ਉਸਨੂੰ ਇਟਲੀ ਲਈ ਤੋਰਿਆ ਸੀ, ਕਿਵੇਂ ਉਹ ਹਾਲੈਂਡ ਦੇ ਪਾਸਪੋਰਟ ਤੇ ਅਮਰੀਕਾ ਪਹੁੰਚਿਆ ਅਤੇ ਫਿਰ ਕਿਵੇਂ ਉਹ ਵਿਆਹ ਕਰਵਾ ਕੇ ਅੱਜ ਪੱਕਾ ਹੋ ਚੁੱਕਾ ਸੀ ਅਤੇ ਕਿਸਮਤ ਨਾਲ ਉਸਦੀ ਪਤਨੀ ਅਤੇ ਉਸਦੇ ਦੋਵੇਂ ਬੇਟੇ ਜੁਗਰਾਜ ਤੇ ਮਨਰਾਜ ਵੀ ਉਸ ਵਲੋਂ ਕੀਤੀ ਗਈ ਮਿਹਨਤ ਦੀ ਕਦਰ ਕਰਦੇ ਸਨ ਅਤੇ ਉਸਦੇ ਬਿਜ਼ਨਸ ਵਿਚ 'ਬੀਂਡੀ' ਵਾਂਗ ਜੁੜ ਕੇ ਜ਼ੋਰ ਮਾਰ ਰਹੇ ਸਨ। ਉਹ ਜ਼ਿਆਦਾਤਰ ਪਿੰਡ ਦੀਆਂ ਗੱਲਾਂ ਕਰਦਾ ਰਹਿੰਦਾ ਕਰਕੇ ਉਸਦੇ ਬੱਚੇ ਵੀ ਪਿੰਡ ਨਾਲ ਮੋਹ ਰੱਖਦੇ ਸਨ।

Friday, 6 May 2016

ਅਸੀਂ ਸਮਝ ਨਾ ਸਕੇ ਕਿ ਉਹ ਮਜਬੂਰ ਹੋ ਗਏ

ਅਸੀਂ ਸਮਝ ਨਾ ਸਕੇ ਕਿ ਉਹ ਮਜਬੂਰ ਹੋ ਗਏ
ਸਾਨੂੰ ਆਪਣੇ ਹਰਖਾਂ ਰੋਸਿਆਂ ਦੇ ਸਰੂਰ ਹੋ ਗਏ
ਭਾਵੇਂ ਜਾਣਦੇ ਸਾਂਂ ਕਿ ਸੱਜਣ ਹੈ ਪਾਕ ਪਵਿੱਤਰ 
ਨਾ ਚਾਹੁੰਦੇ ਵੀ ਸ਼ੱਕ ਦੇ ਸ਼ਿਕਾਰ ਜ਼ਰੂਰ ਹੋ ਗਏ
ਉਸਾਰੇ ਸੀ ਜੋ ਵਿਸ਼ਵਾਸ ਦੀਆਂ ਨੀਂਹਾਂ ਦੇ ਉੱਤੇ 
ਉਹ ਪਿਆਰ ਦੇ ਮਹਿਲ ਵੀ ਚੂਰੋ ਚੂਰ ਹੋ ਗਏ
ਅੱਗ ਬਲਦੀ ਸੀ ਭਾਵੇਂ ਦੋਵਾਂ ਪਾਸਿਆਂ ਤੋਂ ਸੱਚੀ
ਝੁਲਕਾ ਪਾਇਆ ਨਾ ਇਸ਼ਕ ਦਾ, ਤੇ ਦੂਰ ਹੋ ਗਏ
ਮਨਾਵੇ ਕਿਹੜਾ ਤੇ ਕਿਹੜਾ ਮੋੜੇ ਰੁੱਸੇ ਸੱਜਣਾਂ ਨੂੰ
'ਚਾਨਿਆ' ਦੋਵਾਂ ਦਿਲਾਂ ਨੂੰ ਹੱਦੋਂ ਵੱਧ ਗਰੂਰ ਹੋ ਗਏ