Monday, 28 March 2016

ਮੇਰੇ ਵੱਸ ਵਿਚ ਨਹੀਂ!

ਬੰਨ੍ਹ ਕੇ ਰੱਖ ਲਵਾਂ ਮਨ ਨੂੰ, ਮੇਰੇ ਵਸ ਵਿਚ ਨਹੀਂ,
ਜਾਵਾਂ ਮਾਰ ਉਡਾਰੀ, ਇਹ ਵੀ ਮੇਰੇ ਵਸ ਵਿਚ ਨਹੀਂ।
ਪੈਰੀਂ ਜੋ ਜੰਜ਼ੀਰਾਂ ਨੇ ਦੁਨਿਆਵੀ ਰਸਮਾਂ ਦੀਆਂ, 
ਕੱਟਾਂ ਚਲਾ ਕੇ ਆਰੀ, ਪਰ ਮੇਰੇ ਵੱਸ ਵਿਚ ਨਹੀਂ।
ਇਸ ਤੇਜ਼ ਤਰਾਰ ਦੁਨੀਆਂ ਨੇ, ਫੜੀ ਹੋਰ ਰਫਤਾਰ ਕਿੰਨੀ,
ਫੜਾਂ ਲਵਾਂ ਮੈਂ ਵੀ ਤੇਜ਼ ਲਾਰੀ, ਮੇਰੇ ਵਸ ਵਿਚ ਨਹੀਂ।
ਜਿੰਨੀ ਕੁ ਭੁੱਖ ਮੇਰੀ, ਉਨੀ ਕੁ ਰੋਟੀ ਸੁੱਟ ਦਿੰਦੇ ਨੇ ਬਹੁਤੇ,
ਗਰੀਬ ਦੇ ਢਿੱਡ ਪਾਵਾਂ ਸਾਰੀ, ਪਰ ਮੇਰੇ ਵੱਸ ਵਿਚ ਨਹੀਂ।
ਪੁਲਿਸ ਦਾ ਡੰਡਾ ਵਰ੍ਹਦਾ, ਮਜ਼ਲੂਮਾਂ 'ਤੇ ਹੀ ਕਿਓਂ?
ਪੈ ਜਾਂ ਪੁਲਿਸ ਤੇ ਭਾਰੀ, ਪਰ ਮੇਰੇ ਵੱਸ ਵਿਚ ਨਹੀਂ।
ਜਨਮ ਪੁੱਤਰ ਦਾ ਹੋਵੇ ਤਾਂ ਦੇਸੀਂ ਧੁੰਮਾਂ ਪੈ ਜਾਵਣ,
ਧੀ ਦੀ ਖੁਸ਼ੀ 'ਚ ਲਾਉਣ ਤਾਰੀ, ਇਹ ਮੇਰੇ ਵੱਸ ਵਿਚ ਨਹੀਂ।
ਟੀਕਿਆਂ ਨਸ਼ਿਆਂ ਨਾਲ ਹੀ ਸਾਰੇ ਲੈ ਰਹੇ ਨੇ ਸਰੂਰ,
ਪਾਉਣ ਜ਼ਿੰਦਗੀ ਦੇ ਨਾਲ ਯਾਰੀ, ਇਹ ਮੇਰੇ ਵੱਸ ਵਿਚ ਨਹੀਂ।
ਸਵਾਹ ਦੀਆਂ ਪੁੜੀਆਂ ਨਾਲ ਹੀ ਬਾਬੇ ਕਰੋੜਾਂ ਵੱਟ ਜਾਂਦੇ,
ਕੀਮਤ ਮਿਲੇ ਪਸੀਨੇ ਦੀ ਸਾਰੀ, ਇਹ ਮੇਰੇ ਵੱਸ ਵਿਚ ਨਹੀਂ।
ਕਸਰ ਨ੍ਹੀਂ ਛੱਡੀ ਲੀਡਰਾਂ ਨੇ ਦੇਸ਼ ਨੂੰ ਡੂੰਘਾ ਡੋਬਣ ਵਿਚ,
ਜੇਲ੍ਹ ਭੇਜਣ ਦੀ ਕਰਾਂ ਤਿਆਰੀ, ਮੇਰੇ ਵੱਸ ਵਿਚ ਨਹੀਂ।
ਬਸ ਕਰ ਚਾਨਿਆ ਰੁਕ ਜਾ, ਇਥੇ ਤਾਂ ਸੱਚ ਨੂੰ ਫਾਂਸੀ ਏ,
ਜ਼ਿੰਦਗੀ ਤਾਂ ਭਾਵੇਂ ਪਿਆਰੀ, ਪਰ ਰੁਕਣਾ ਮੇਰੇ ਵੱਸ ਵਿਚ ਨਹੀਂ।

No comments:

Post a Comment