Wednesday, 30 March 2016

ਕਈ ਜਿਉਂਦੇ ਜੀ ਹੀ ਮਰ ਜਾਂਦੇ, ਕਈ ਮਰ ਕੇ ਵੀ ਸਿਦਕ ਨਿਭਾਅ ਜਾਂਦੇ।

ਇਕ ਬੰਦਾ ਇਕ ਇਨਸਾਨ, ਬੜਾ ਫਰਕ ਦੋਵਾਂ ਵਿਚ ਹੁੰਦਾ ਏ,
ਇਕ ਸਮਝੇ ਗੱਲ ਦੀ ਦਿਲ ਦੀ, ਇਕ ਦਿਲ ਹੀ ਕੱਢਣਾ ਚਹੁੰਦਾ ਏ,
ਕਈ ਦੁਖ ਸੱਜਣ ਦਾ ਪੀਂਦੇ ਨੇ, ਕਈ ਜਿੰਦ ਸੱਜਣ ਦੀ ਖਾ ਜਾਂਦੇ,
ਕਈ ਜਿਉਂਦੇ ਜੀ ਹੀ ਮਰ ਜਾਂਦੇ, ਕਈ ਮਰ ਕੇ ਵੀ ਸਿਦਕ ਨਿਭਾਅ ਜਾਂਦੇ।

ਦਿਲ ਦਾ ਸਹਾਰਾ ਸਮਝਿਆ ਜਿਹਨੂੰ, ਉਹ ਹੋਰ ਹੀ ਬੋਝ ਜੇ ਪਾ ਜਾਵੇ,
ਜਿਹਦੇ ਕਰਕੇ ਆਉਂਦੇ ਸਾਹ ਹੋਵਣ, ਉਹ ਹੀ ਸਾਹ ਰਗ ਨੂੰ ਹੱਥ ਪਾ ਜਾਵੇ,
ਜਿਹਨੂੰ ਵੇਖ ਕੇ ਦੁੱਖ ਸੀ ਟੁੱਟਦੇ ਕਦੇ, ਉਹ ਹੀ ਰੋਗ ਉਮਰਾਂ ਦਾ ਲਾ ਜਾਂਦੇ,
ਕਈ ਜਿਉਂਦੇ ਜੀ ਹੀ ਮਰ ਜਾਂਦੇ, ਕਈ ਮਰ ਕੇ ਵੀ ਸਿਦਕ ਨਿਭਾਅ ਜਾਂਦੇ।

ਔਖੀ ਘੜੀ 'ਚ ਖੜਨ ਜਿਹੜੇ, ਅੰਤ ਸਾਹ ਤੱਕ ਰਹਿੰਦੇ ਉਹ ਯਾਦ ਸੱਜਣ
ਭੁੱਲਦੇ ਉਹ ਵੀ ਨਹੀਂ ਬੇਦਰਦ ਕਦੇ, ਜਿਹੜੇ ਕਰ ਜਾਂਦੇ ਬਰਬਾਦ ਸੱਜਣ
ਜੇਤੂ ਉਹ ਵੀ ਕਦੇ ਨਾ ਹੋਣ 'ਚਾਨੇ', ਜੋ ਆਪਣਿਆਂ ਨੂੰ ਬਾਜ਼ੀ ਹਰਾ ਜਾਂਦੇ
ਕਈ ਜਿਉਂਦੇ ਜੀ ਹੀ ਮਰ ਜਾਂਦੇ, ਕਈ ਮਰ ਕੇ ਵੀ ਸਿਦਕ ਨਿਭਾਅ ਜਾਂਦੇ।

Monday, 28 March 2016

ਮੇਰੇ ਵੱਸ ਵਿਚ ਨਹੀਂ!

ਬੰਨ੍ਹ ਕੇ ਰੱਖ ਲਵਾਂ ਮਨ ਨੂੰ, ਮੇਰੇ ਵਸ ਵਿਚ ਨਹੀਂ,
ਜਾਵਾਂ ਮਾਰ ਉਡਾਰੀ, ਇਹ ਵੀ ਮੇਰੇ ਵਸ ਵਿਚ ਨਹੀਂ।
ਪੈਰੀਂ ਜੋ ਜੰਜ਼ੀਰਾਂ ਨੇ ਦੁਨਿਆਵੀ ਰਸਮਾਂ ਦੀਆਂ, 
ਕੱਟਾਂ ਚਲਾ ਕੇ ਆਰੀ, ਪਰ ਮੇਰੇ ਵੱਸ ਵਿਚ ਨਹੀਂ।
ਇਸ ਤੇਜ਼ ਤਰਾਰ ਦੁਨੀਆਂ ਨੇ, ਫੜੀ ਹੋਰ ਰਫਤਾਰ ਕਿੰਨੀ,
ਫੜਾਂ ਲਵਾਂ ਮੈਂ ਵੀ ਤੇਜ਼ ਲਾਰੀ, ਮੇਰੇ ਵਸ ਵਿਚ ਨਹੀਂ।
ਜਿੰਨੀ ਕੁ ਭੁੱਖ ਮੇਰੀ, ਉਨੀ ਕੁ ਰੋਟੀ ਸੁੱਟ ਦਿੰਦੇ ਨੇ ਬਹੁਤੇ,
ਗਰੀਬ ਦੇ ਢਿੱਡ ਪਾਵਾਂ ਸਾਰੀ, ਪਰ ਮੇਰੇ ਵੱਸ ਵਿਚ ਨਹੀਂ।
ਪੁਲਿਸ ਦਾ ਡੰਡਾ ਵਰ੍ਹਦਾ, ਮਜ਼ਲੂਮਾਂ 'ਤੇ ਹੀ ਕਿਓਂ?
ਪੈ ਜਾਂ ਪੁਲਿਸ ਤੇ ਭਾਰੀ, ਪਰ ਮੇਰੇ ਵੱਸ ਵਿਚ ਨਹੀਂ।
ਜਨਮ ਪੁੱਤਰ ਦਾ ਹੋਵੇ ਤਾਂ ਦੇਸੀਂ ਧੁੰਮਾਂ ਪੈ ਜਾਵਣ,
ਧੀ ਦੀ ਖੁਸ਼ੀ 'ਚ ਲਾਉਣ ਤਾਰੀ, ਇਹ ਮੇਰੇ ਵੱਸ ਵਿਚ ਨਹੀਂ।
ਟੀਕਿਆਂ ਨਸ਼ਿਆਂ ਨਾਲ ਹੀ ਸਾਰੇ ਲੈ ਰਹੇ ਨੇ ਸਰੂਰ,
ਪਾਉਣ ਜ਼ਿੰਦਗੀ ਦੇ ਨਾਲ ਯਾਰੀ, ਇਹ ਮੇਰੇ ਵੱਸ ਵਿਚ ਨਹੀਂ।
ਸਵਾਹ ਦੀਆਂ ਪੁੜੀਆਂ ਨਾਲ ਹੀ ਬਾਬੇ ਕਰੋੜਾਂ ਵੱਟ ਜਾਂਦੇ,
ਕੀਮਤ ਮਿਲੇ ਪਸੀਨੇ ਦੀ ਸਾਰੀ, ਇਹ ਮੇਰੇ ਵੱਸ ਵਿਚ ਨਹੀਂ।
ਕਸਰ ਨ੍ਹੀਂ ਛੱਡੀ ਲੀਡਰਾਂ ਨੇ ਦੇਸ਼ ਨੂੰ ਡੂੰਘਾ ਡੋਬਣ ਵਿਚ,
ਜੇਲ੍ਹ ਭੇਜਣ ਦੀ ਕਰਾਂ ਤਿਆਰੀ, ਮੇਰੇ ਵੱਸ ਵਿਚ ਨਹੀਂ।
ਬਸ ਕਰ ਚਾਨਿਆ ਰੁਕ ਜਾ, ਇਥੇ ਤਾਂ ਸੱਚ ਨੂੰ ਫਾਂਸੀ ਏ,
ਜ਼ਿੰਦਗੀ ਤਾਂ ਭਾਵੇਂ ਪਿਆਰੀ, ਪਰ ਰੁਕਣਾ ਮੇਰੇ ਵੱਸ ਵਿਚ ਨਹੀਂ।

Saturday, 26 March 2016

ਰੋਟੀ ਪਾਈ ਕੁੱਤੇ ਨੂੰ ਇਕ ਦਿਨ ਉਹ ਵਫਾਦਾਰੀ ਕਰ ਗਿਆ

ਰੋਟੀ ਪਾਈ ਕੁੱਤੇ ਨੂੰ ਇਕ ਦਿਨ ਉਹ ਵਫਾਦਾਰੀ ਕਰ ਗਿਆ
ਦਿਲ ਦਾ ਮਾਸ ਖੁਆਇਆ ਬੰਦੇ ਨੂੰ ਉਹ ਗੱਦਾਰੀ ਕਰ ਗਿਆ

ਜਿਹਨੂੰ ਰੱਖਿਆ ਸਾਂਭ ਸਾਂਭ ਦੁਨੀਆਂ ਦੀਆਂ ਨਜ਼ਰਾਂ ਤੋਂ
ਉਹ ਬੇਦਰਦ ਦੁਖਦੇ ਥਾਂ ਤੇ ਚੋਟ ਕਰਾਰੀ ਕਰ ਗਿਆ

ਦਿਲ ਦੀਆਂ ਬਾਤਾਂ ਛੱਡ ਸੁਣਦਾ ਏ ਉਹ ਤਾਂ ਹੁਣ ਦਿਮਾਗ ਦੀ
ਰਹਿੰਦੇ ਸੀ ਮੁਆਫ ਕਰਦੇ ਪਰ ਉਹ ਹਰ ਵਾਰੀ ਕਰ ਗਿਆ

ਜਿਹਦੇ ਰਸਤਿਆਂ 'ਚੋ ਰਹੇ ਸੀ ਕੰਢੇ ਚੁਗਦੇ ਅਸੀਂ
ਉਹ ਸਾਡੇ ਹੀ ਰਾਹੀਂ ਸੱਥਰ ਦੁਖਾਂ ਦਾ ਧਰ ਗਿਆ

ਕਿੰਨਾ ਕੁ ਸੋਚ ਸਕਦਾ ਹਾਂ ਮੈਂ ਵੀ ਉਸ ਦਾ ਭਲਾ
ਉਹਦੀਆਂ ਚਲਾਕੀਆਂ ਦੇ ਹੱਥੋਂ ਹੁਣ ਮੈਂ ਵੀ ਹਰ ਗਿਆ

ਕੋਈ ਨੀ ਸੱਜਣਾਂ ਸਾਂਭ ਤੂੰ ਹੁਣ ਆਪਣੀ ਜ਼ਿੰਦਗੀ
ਭਾਵੇਂ ਰਾਹ ਸਨ ਕੰਡਿਆਲੇ ਪਰ ਸਾਡਾ ਤਾਂ ਸਰ ਗਿਆ

ਬਹੁਤੀਆਂ ਗੱਲਾਂ ਨਾਲੋਂ ਗੱਲ ਹੀ ਇਕ ਹੀ ਮੁਕਾਉਂਦੇ ਹਾਂ
ਹੁਣ ਚਾਨੇ ਦੇ ਲਈ ਤੂੰ ਤੇ ਤੇਰੇ ਲਈ ਚਾਨਾ ਮਰ ਗਿਆ

ਚੜ ਰਹੀ ਹੈ ਰੰਗਤ ਹੌਲੀ ਹੌਲੀ ਮੇਰੇ ਵੀ ਚਿਹਰੇ ਤੇ

ਚੜ ਰਹੀ ਹੈ ਰੰਗਤ ਹੌਲੀ ਹੌਲੀ ਮੇਰੇ ਵੀ ਚਿਹਰੇ ਤੇ
ਲੱਗ ਪਤਾ ਜਦ ਤੇਰੇ ਨੈਣ ਪਾਉਂਦੇ ਨੇ ਝਾਤ ਮੇਰੇ ਤੇ
ਸੋਹਣਾ ਸੋਹਣਾ ਲੱਗਣ ਲੱਗਾ ਜੱਗ ਇਹ ਚਾਨੇ ਨੂੰ
ਕਰ ਰਿਹਾ ਹੈ ਮਹਿਸੂਸ ਕੀ ਬੀਤ ਰਹੀ ਹੈ ਤੇਰੇ ਤੇ