Sunday, 10 June 2018

ਸੱਚੀ ਸਰਪੰਚੀ

ਸੱਚੀ ਸਰਪੰਚੀ
ਭਲਵਾਨੀ ਦਿੱਖ ਵਾਲਾ ਸਰਪੰਚ ਪੱਗ ਲਾਹ ਕੇ ਟੇਬਲ ਤੇ ਰੱਖ ਕੇ ਆਪਣੀ ਗੰਜੇ ਸਿਰ ਵਾਲੀ ਟਿੰਡ ’ਤੇ ਹੱਥ ਫੇਰਦਾ ਫੇਰਦਾ ਮੱੁਛਾਂ ਨੂੰ ਤਾਅ ਦੇ ਰਿਹਾ ਸੀ। ਉਹਦੇ ਚਿਹਰੇ ’ਤੇ ਸਿਕੰਦਰ ਮਹਾਨ ਦੀ ਕਿਸੇ ਜਿੱਤ ਤੋਂ ਬਾਅਦ ਵਾਲੀ ਫੀਲਿੰਗ ਵਰਗੀ ਫੀਲਿੰਗ ਝਲਕਾਂ ਮਾਰ ਰਹੀ ਸੀ। ਉਹ ਗੱਲ ਗੱਲ ’ਤੇ ਹੱਸ ਰਿਹਾ ਸੀ, ਖੁਸ਼ ਹੋ ਰਿਹਾ ਸੀ ਤਾਂ ਉਸਦੇ ਸੀਰੀ ਨੇ ਪੁੱਛਿਆ;
‘ਸਰਪੰਚ ਸਾਹਿਬ ਵਾਅਲੇ ਖੁਸ਼ ਲੱਗ ਰਹੇ ਹੋ, ਵੋਟਾਂ ਦਾ ਨੇੜਾ ਆ ਗਿਆ, ਤੁਹਾਨੂੰ ਤਾਂ ਚਿੰਤਾ ਹੋਣੀ ਚਾਹੀਦੀ ਐ ਤੇ ਤੁਸੀਂ ਬੇਫਿਕਰ ਹੋ ਰਹੇ ਹੋ?’
ਹਾ ਹਾ ਹਾ ਹਾ, ਬਚਨਿਆ ਕਿਹੜੀਆਂ ਬੱਚਿਆਂ ਵਾਲੀਆਂ ਗੱਲਾਂ ਕਰਦੈਂ, ਅਗਲੀ ਵਾਰ ਵੀ ਆਪਾਂ ਈ ਜਿੱਤਣੈਂ, ਜੇ ਸੀਟ ਔਰਤਾਂ ਲਈ ਹੋਈ ਤਾਂ ਸਰਦਾਰਨੀ ਜਿੱਤੂ, ਜੇ ਰਿਜ਼ਰਵ ਹੋਈ ਤਾਂ ਤੂੰ ਜਿੱਤੂੰ ਤੇ ਆਧਰਮੀ ਔਰਤਾਂ ਲਈ ਹੋਈ ਤਾਂ ਤੇਰੀ ਘਰਵਾਲੀ ਜਿੱਤੂ ਪਰ ਸਰਕਾਰੀ ਝੋਲਾ ਐਸੇ ਘਰ ਈ ਪਿਆ ਰਹਿਣਾ........ ਸਰਦਾਰ ਬਚਿੰਤ ਸਿੰਘ ਸਰਪੰਚ ਨੇ ਬੜੇ ਦਾਅਵੇ ਨਾਲ ਬਚਨੇ ਨੂੰ ਸਾਰੀ ‘ਇਲੈਕਸ਼ਨ ਕਮਿਸਟਰੀ’ ਸੁਣਾ ਸੱੁਟੀ।
ਪਰ ਸਰਦਾਰ ਸਾਬ ਗੱੁਸਾ ਨਾ ਕਰਿਓ ਤੁਸੀਂ ਕੰਮ ਤਾਂ ਕੋਈ ਚੱਜ ਦਾ ਕੀਤਾ ਨੀਂ, ਲੋਕਾਂ ਦੇ ਸਿੰਗ ਫਸਾਏ ਉਹ ਅੱਡ, ਰਾਜ਼ੀਨਾਮਾ ਤੁਸੀਂ ਕੋਈ ਹੋਣ ਨੀਂ ਦਿੱਤਾ, ਪੁਲਸ ਦੀ ਟੌਟੀ ਕੀਤੀ ਰੱਜ ਕੇ, ਮਿੱਤਰਾਂ ’ਤੇ ਪਰਚੇ ਦਰਜ ਕਰਵਾ ਸੁੱਟੇ, ਹਾਂ ਦੋ ਚਾਰ ਨਾਲੀਆਂ ਜਿਹੀਆਂ ਬਣਾਈਆਂ ਤੇ ਕਿਤੇ ਕਿਤੇ ਇੰਟਰਲਾਕ ਲੁਆਏ ਉਹ ਵੀ ਲੋਕਾਂ ਨੇ ਵਿਚ ਆਪਣੇ ਆਪ ਜ਼ੋਰ ਮਾਰਿਆ ਤਾਂ, ਨਹੀਂ ਸ਼ੈਂਤ ਉਹ ਵੀ ਨਾ ਲੱਗਦੇ......ਬਚਨੇ ਨੇ ਜਿਵੇਂ ਭੜਾਸ ਕੱਢ ਮਾਰੀ ਹੋਵੇ।
‘ਹਾ ਹਾ ਹਾ ਹਾ ਹਾ....... ਓ ਭੋਲਿਆ ਬਚਨਿਆ ਗੱਲ ਤੇਰੀ ਇਕ ਇਕ ਸੱਚੀ ਆ ਪੂਰੀ ਸੋਲਾਂ ਆਨੇ ਪਰ ਮੈਂ ਪੁਰਾਣੇ ਸਰਪੰਚਾਂ ਵਰਗਾ ਸਿਰਫਿਰਿਆ ਸਰਪੰਚ ਨੀਂ ਬਈ ਸਰਕਾਰ ਦੀਆਂ ਗ੍ਰਾਂਟਾ ਵਿਚੋਂ ਪੈਸੇ ਖਾ ਕੇ ਮੂੰਹ ਕਾਲਾ ਕਰਵਾਉਂਦਾ ਫਿਰਾਂ। ਆਪਾਂ ਤਾਂ ਕੋਠੀ ਵੀ ਤੇਰੇ ਸਾਹਮਣੇ ਸਰਪੰਚੀ ’ਚੋਂ ਈ ਬਣਾਈ ਆ, ਆ ਕੱਲ ਗੱਡੀ ਅੱਠ ਲੱਖ ਦੀ ਕਢਾਈ ਆ ਤੇਰੇ ਸਾਹਮਣੇ, ਸਰਕਾਰੀ ਗ੍ਰਾਂਟਾਂ ਦਾ ਹਸਾਬ ਫੇਰ ਪੂਰੇ ਦਾ ਪੂਰਾ’... ਸਰਪੰਚ ਨੇ ਅੰਦਰ ਦੀ ਗੱਲ ਬਚਨੇ ਨਾਲ ਸਸਪੈਂਸ ਰੱਖ ਕੇ ਸਾਂਝੀ ਕੀਤੀ।
‘ਪਰ ਸਰਪੰਚ ਸਾਬ ਹਾਅ ਤਾਂ ਮੈਂ ਵੀ ਵੇਖਿਆ ਬਈ ਸਰਪੰਚੀ ਤੋਂ ਪਹਿਲਾਂ ਤਾਂ ਤਾਢੇ ਕੋਲ ਚਾਰ ਸਿਆੜਾਂ ਤੋਂ ਵੱਧ ਕੁਝ ਵੀ ਨੀਂ ਸੀ ਆ ਐਨਾ ਪੈਸਾ ਕਿੱਥੋਂ ਆ ਗਿਆ?’...... ਬਚਨੇ ਨੇ ਹੈਰਾਨੀ ਨਾਲ ਪੁੱਛਿਆ।
ਬਚਨਿਆ ਜਿਹੜੀਆਂ ਤੂੰ ਗੱਲਾਂ ਕੀਤੀਆਂ ਕਿ ਮੈਂ ਸਿੱਧਾ ਕੰਮ ਕੋਈ ਨੀਂ ਕੀਤਾ ਪੱੁਠੇ ਈ ਕੀਤੇ ਆ, ਬੱਸ ਸਾਰੇ ਪੈਸੇ ਓਥੋਂ ਈ ਕਮਾਏ ਆ। ਜੇ ਮੈਂ ਰਾਜ਼ੀਨਾਮਾ ਕਰਵਾ ਦਿਆਂ ਤਾਂ ਮੈਨੂੰ ਕੀ ਮਿਲਣਾ.....? ਜਾਣ ਦੋਏ ਧਿਰਾਂ ਥਾਣੇ ਨਾਲੇ ‘ਰਾਜ਼ੀ’ ਹੋ ਕੇ ਆਉਣ ਤੇ ਨਾਲੇ ‘ਨਾਮਾਂ’ ਦੇ ਕੇ ਆਉਣ, ਥਾਣੇਦਾਰ ਜਿਹੜਾ ਮਰਜ਼ੀ ਆਜੇ ਆਪਣੀ ‘ਪੰਜ-ਦੁ-ਪੰਜੀ’ ਹੋਈ ਜਾਂਦੀ ਐ। ਨਾਲੇ ਹੌਲੀਆਂ ਹੋ ਕੇ ਦੋਵੇਂ ਧਿਰਾਂ ਖੁਸ਼। ਦੂਜੀ ਗੱਲ ਤੈਨੂੰ ਪਤੈ ਈ ਐ ਬਈ ਆਪਾਂ ਵਲੈਤੀਆਂ ਦੇ ਆਖੇ ਬਾਣੀਆਂ ਕਿਆਂ ਦੇ ਦੁਆਲੇ ਹੋਇਓਂ ਆ, ਬੱਸ ਉਹੀ ਵਲੈਤੀਏ ਠਾਹ ਠਾਹ ਪੈਸੇ ਭੇਜਦੇ ਬਈ ਠੋਕ ਬਾਣੀਆਂ ਨੂੰ। ਉਹਨਾਂ ਨਾਲ ਊਂਈ ਪੁਰਾਣੇ ਕਾਗਜ਼ ਕੱਢ ਕੇ ਪੰਚਾਇਤੀ ਦਾਅਵਾ ਕਰ ਛੱਡੀਦਾ, ਕਦੇ ਚੰਡੀਗੜ ਕਦੇ ਮੋਗੇ। ਦਾਅਵਾ ਇਕ ਕਰੀਦਾ ਵਲੈਤੀਆਂ ਨੂੰ ਦੋ ਦੱਸੀਦੇ ਆ, ਚਾਰ ਕੁ ਪੰਚ ਆਪਣੇ ਹੱਕ ’ਚ ਰੱਖੇ ਆ, ਗਲਾਸੀ ਗਲੂਸੀ ਲੁਆ ਛੱਡੀਦੀ ਆ, ਜਿੱਥੇ ਆਖੋ ਗੂਠੇ ਲਾਈ ਜਾਂਦੇ ਆ। ਵਲੈਤੀਏ ਅਰਮਾਨ ਨਾਲ ਯੂਨੀਅਨ ਯਾਨੀਅਨ ਜਹੀ ਦਾ ਨੰਬਰ ਲਖਾਈ ਜਾਂਦੇ ਆ ਤੇ ਆਪਣਾ ਘਾਪਾ ਪੂਰਾ, ਨਾਲੇ ਲੋਕਾਂ ਦੀਆਂ ਨਜ਼ਰਾਂ ’ਚ ਘੱਟਾ ਪਾਈ ਜਾਨੇ ਆ, ਸੰਘ ਪਾੜ ਪਾੜ ਆਖੀ ਜਾਈਦੈ ਬਈ ‘ਪਿੰਡ ਲਈ ਲੜਦਾਂ, ਪਿੰਡ ਲਈ ਲੜਦਾਂ’ ਨਾਲੇ ਵਲੈਤੀਆਂ ਤੋਂ ਪੈਸੇ ਮੰਗਾ ਮੰਗਾ ਕੇ ਜ਼ਿੰਦਗੀ ਦਾ ਨੰਗ ਧੋ ਲਿਆ। ਲੋਕੀਂ ਵੱਖਰਾ ਆਖੀ ਜਾਂਦੇ ਆ ਬਈ ਆ ਹੀ ਸਰਪੰਚ ਆਇਆ ਜੁਰਤ ਵਾਲਾ ਜਿਹੜਾ ‘ਸੱਚੀ ਸਰਪੰਚੀ’ ਕਰ ਗਿਆ? ਹੁਣ ਆਪਾ ਉਹਨਾਂ ਪੈਸਿਆਂ ’ਚੋਂ ਈ ਤੇਰੇ ਮੁਹੱਲੇ ਵਾਲਿਆਂ ਦੀਆਂ ਵੋਟਾਂ ਖਰੀਦ ਕੇ ਫੇਰ ਝੰਡੀ ਕਰਾਵਾਂਗੇ ਤੇਰੇ ਸਾਹਮਣੇ ਤੂੰ ਦੇਖਦਾ ਜਾਵੀਂ।’
ਬਚਨਾ ਸਰਪੰਚ ਦਾ ਅੰਦਰਲਾ ਰੂਪ ਵੇਖ ਅੱਖਾਂ ਟੱਡੀ ਐਂ ਖੜਾ ਸੀ ਜਿਵੇਂ ਮੂੰਹ ’ਚ ਮੰਢਾਲੀ ਪੈ ਗਈ ਹੋਵੇ...... ਸੋਚਦੈ ਬਈ ਸਰਪੰਚਾ ਸਮਝੀ ਤਾਂ ਮੈਂ ਵੀ ਤੈਨੂੰ ਨਾਲ ਰਹਿੰਦਾ ਵੀ ‘ਸੱਚਾ ਸਰਪੰਚ’ ਈ ਰਿਹਾ ਪਰ ਆਹ ਤਾਂ ਜੱਗੋਂ ਤੇਰਵੀਂ ਕਰ ਗਿਐਂ......ਆ ਗੱਲ ਤਾਂ ਸਾਡੇ ਵੀ ਖਾਨੇ ਨਾ ਪਈ।     
ਅਜਮੇਰ ਸਿੰਘ ਚਾਨਾ
ਸੰਪਰਕ: 91 98157 64582